ਅੰਮ੍ਰਿਤਸਰ, 8 ਜੁਲਾਈ (ਦੀਪ ਦਵਿੰਦਰ ਸਿੰਘ) – ਅੰਤਰਰਾਸ਼ਟਰੀ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ
ਵਲੋਂ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ 6 ਜੂਨ ਤੋਂ 6 ਜੁਲਾਈ ਤੱਕ ਰਾਸ਼ਟਰੀ ਰੰਗਮੰਚ ਕਾਰਜਸ਼ਾਲਾ ਚੱਲ ਰਹੀਂ ਹੈ।ਜਿਸ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਨਾਟ ਸੰਸਥਾ ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ ਤੋਂ ਪਾਸ ਆਊਟ ਅਧਿਆਪਕ ਪਾਰਥੋਂ ਬੈਨਰਜੀ ਅਤੇ ਪ੍ਰੀਤਪਾਲ ਰੁਪਾਣਾ ਬੱਚਿਆਂ ਨੂੰ ਰੰਗਮੰਚ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦੇ ਰਹੇ ਹਨ।ਇਸ ਰੰਗਮੰਚ ਕਾਰਜ਼ਸ਼ਾਲਾ ਵਿੱਚ ਪੰਜਾਬ, ਹਰਿਆਣਾ, ਦਿੱਲੀ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਤੋਂ ਆਏ ਵਿਦਿਆਰਥੀ ਰੰਗਮੰਚ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ।ਇਸ ਇਕ ਮਹੀਨਾ ਲਗਾਤਾਰ ਚੱਲਣ ਵਾਲੀ ਰੰਗਮੰਚ ਕਾਰਜਸ਼ਾਲਾ ਦੌਰਾਨ ‘ਪੰਜ ਰੋਜ਼ਾ ਨਾਟ ਉਤਸਵ’ ਦੇ ਤੀਜੇ ਦਿਨ ਮਨਿੰਦਰ ਕਾਂਗ ਦੀ ਕਹਾਣੀ ‘ਤੇ ਅਧਾਰਿਤ ਕਹਾਣੀ ਦਾ ਰੰਗਮੰਚ ਸ਼ੈਲੀ ਵਿੱਚ ਕੇਵਲ ਧਾਲੀਵਾਲ ਦੇ ਨਿਰਦੇਸ਼ਿਤ ਕੀਤੇ ਨਾਟਕ ‘ਭਾਰ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ।ਇਹ ਨਾਟਕ ਪੰਜਾਬ ਦੇ ਉਸ ਸਮੇਂ ਉਤੇ ਝਾਤ ਪਾਉਂਦਾ ਹੈ ਜਦੋਂ ਪੰਜਾਬ ਵਿੱਚ ਕਾਲੀ ਬੋਲੀ ਹਨ੍ਹੇਰੀ ਵਗ ਰਹੀ ਸੀ ਅਤੇ ਮਾਵਾਂ ਦੇ ਪੁੱਤਰ ਅਣਆਈ ਮੌਤੇ ਮਰ ਰਹੇ ਸੀ।ਉਸ ਵੇਲੇ ਛੋਟੇ ਬੱਚੇ ਵੀ ਇਸ ਹਨੇਰ ਗਰਦੀ ਦਾ ਸ਼ਿਕਾਰ ਹੋ ਰਹੇ ਸੀ।ਇਹ ਨਾਟਕ ਮੁੱਖ ਕਿਰਦਾਰ ਵਲੋਂ ਇਕ ਛੋਟੀ ਬੱਚੀ ਦੀ ਮੌਤ ਦੇ ਜ਼ਮੀਰ ਉਪਰ ਪਏ ਭਾਰ ਦੀ ਮੂੰਹ ਬੋਲਦੀ ਤਸਵੀਰ ਹੈ।ਇਸ ਨਾਟਕ ਨੂੰ ਪੇਸ਼ ਕਰ ਰਹੇ ਕਲਾਕਾਰ ਸਾਜਨ ਕੋਹਿਨੂਰ ਨੇ ਵਿਸ਼ੇਸ਼ ਤੌਰ ‘ਤੇ ਅਦਾਕਾਰੀ ਦਾ ਸਿਖਰ ਸਿਰਜਿਆ ਹੈ।ਦੂਸਰੇ ਕਲਾਕਾਰਾਂ ਵਿੱਚ ਯੁਵਨੀਸ਼ ਨਾਇਕ ਤੇ ਗੁਰਪਿਆਰ ਸਿੰਘ ਨੇ ਵੀ ਦਰਸ਼ਕਾਂ ਤੋਂ ਵਿਸ਼ੇਸ਼ ਤੌਰ ‘ਤੇ ਪ੍ਰਸੰਸਾ ਹਾਸਿਲ ਕੀਤੀ।ਇਸ ਨਾਟਕ ਵਿੱਚ ਪਿੱਠਭੂਮੀ ਤੋਂ ਸੰਗੀਤ ਕੁਸ਼ਾਗਰ ਕਾਲੀਆ ਨੇ ਬਹੁਤ ਭਾਵਪੂਰਤ ਤਰੀਕੇ ਨਾਲ ਸਿਰਜਿਆ ਹੈ।
ਇਸ ਮੌਕੇ ਡਾ. ਅਰਵਿੰਦਰ ਕੌਰ ਧਾਲੀਵਾਲ, ਭੁਪਿੰਦਰ ਸਿੰਘ ਸੰਧੂ, ਜਸਕਰਨ ਕੈਨੇਡਾ, ਰਣਜੀਤ ਫਗਵਾੜਾ, ਹਰਦੀਪ ਗਿੱਲ, ਹਰੀਸ਼ ਸਾਬਰੀ ਆਦਿ ਸਮੇਤ ਨਾਟ ਪ੍ਰੇਮੀ ਅਤੇ ਦਰਸ਼ਕ ਹਾਜ਼ਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media