ਸ੍ਰੀ ਅਗਰਸੈਨ ਮੰਦਿਰ ਦੇ ਪ੍ਰਬੰਧਕਾਂ ਨਾਲ ਸਾਫ ਸਫਾਈ ਸਬੰਧੀ ਕੀਤੀ ਮੀਟਿੰਗ
ਅੰਮ੍ਰਿਤਸਰ, 29 ਜੁਲਾਈ (ਸੁਖਬੀਰ ਸਿੰਘ) – ਹੈਰੀਟੇਜ਼ ਸਟਰੀਟ ਵਿਖੇ ਹੋਣ ਵਾਲੇ ਧਾਰਮਿਕ ਸਮਾਗਮਾਂ ਜਾਂ ਮੇਲਿਆਂ ਦੌਰਾਨ ਪਲਾਸਟਿਕ ਦੇ ਸਮਾਨ ਦੀ ਵਰਤੋਂ
ਬਿਲਕੁੱਲ ਨਾ ਕੀਤੀ ਜਾਵੇ, ਕਿਉਂਕਿ ਇਸ ਨਾਲ ਸੀਵਰੇਜ਼ ਜ਼ਾਮ ਦੀ ਸਥਿਤੀ ਪੈਦਾ ਹੁੰਦੀ ਹੈ ਅਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਵੀ ਸਹੀ ਢੰਗ ਨਾਲ ਨਹੀਂ ਹੁੰਦਾ।ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਸ੍ਰੀ ਮਾਰਵਾੜੀ ਪੰਚਾਇਤੀ ਵੱਡਾ ਮੰਦਿਰ ਸ੍ਰੀ ਰਘੂਨਾਥ ਜੀ (ਸ੍ਰੀ ਅਗਰਸੈਨ ਮੰਦਿਰ) ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਦੇ ਹੋਏ ਕਿਹਾ ਕਿ ਮੰਦਿਰ ਦੇ ਬਾਹਰਵਾਰ ਸ਼ਰਧਾਲੂਆਂ ਦੁਆਰਾ ਕਬੂਤਰਾਂ ਨੂੰ ਦਾਣਾ ਪਾਇਆ ਜਾਂਦਾ ਹੈ।ਜਿਸ ਨਾਲ ਮੰਦਿਰ ਦੇ ਬਾਹਰਵਾਰ ਕਾਫੀ ਗੰਦਗੀ ਇਕੱਠੀ ਹੋ ਜਾਂਦੀ ਹੈ।ਉਨ੍ਹਾਂ ਨੇ ਮੰਦਿਰ ਪ੍ਰਬੰਧਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੰਦਿਰ ਦੀ ਪਹਿਲੀ ਮੰਜਿਲ ਦੀ ਛੱਤ ‘ਤੇ ਕਬੂਤਰਾਂ ਲਈ ਦਾਣਾ ਪਾਣੀ ਪਾਉਣ ਦਾ ਪ੍ਰਬੰਧ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਮੰਦਿਰ ਦੇ ਬਾਹਰ ਸਾਫ ਸਫਾਈ ਵਧੀਆ ਢੰਗ ਨਾਲ ਹੋ ਸਕੇ।
ਡਿਪਟੀ ਕਮਿਸ਼ਨਰ ਨੈ ਮੰਦਿਰ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਉਹ ਮੰਦਿਰ ਦੇ ਇਤਿਹਾਸ ਬਾਰੇ ਪ੍ਰਸਾਸ਼ਨ ਨੂੰ ਲਿਖ ਕੇ ਦੇਣ ਤਾਂ ਜੋ ਮੰਦਿਰ ਦੇ ਇਤਿਹਾਸ ਨੂੰ ਦਰਸਾਉਂਦੇ ਸਾਈਨ ਬੋਰਡ ਲਗਾਏ ਜਾ ਸਕਣ।ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਹੈਰੀਟੇਜ਼ ਸਟਰੀਟ ਵਿਖੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਬਾਹਰਵਾਰ ਪਾਣੀ ਦਾ ਡਿਸਪੈਂਸਰ ਲੱਗਾ ਹੋਇਆ ਹੈ, ਜਿਸ ਨਾਲ ਕਾਫੀ ਮਾਤਰਾ ਵਿੱਚ ਪਾਣੀ ਦੀ ਬਰਬਾਦੀ ਹੋ ਰਹੀ ਹੈ।ਇਸ ਡਿਸਪੈਂਸਰ ਨੂੰ ਤੁਰੰਤ ਜਲਿਆਂਵਾਲਾ ਬਾਗ ਵਿਖੇ ਸਿਫਟ ਕੀਤਾ ਜਾਵੇ।ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਮੰਦਿਰ ਦੇ ਬਾਹਰਵਾਰ ਹਾਈਮਾਸਕ ਲਾਈਟਾਂ ਠੀਕ ਕਰਵਾਈਆਂ ਜਾਣ ਅਤੇ ਸੀਵਰੇਜ ਵਿਵਸਥਾ ਨੂੰ ਸਚਾਰੂ ਢੰਗ ਨਾਲ ਚਲਾਇਆ ਜਾਵੇ।
ਇਸ ਮੀਟਿੰਗ ਵਿੱਚ ਸੈਰ ਸਪਾਟਾ ਅਧਿਕਾਰੀ ਸੁਖਮਨ ਸਿੰਘ, ਅਗਰਸੈਨ ਮੰਦਿਰ ਦੇ ਜਨਰਲ ਸਕੱਤਰ ਸੁਨੀਲ ਗੁਪਤਾ ਤੋਂ ਇਲਾਵਾ ਹੋਰ ਅਧਿਕਾਰੀ ਹਾਜਰ ਸਨ
Punjab Post Daily Online Newspaper & Print Media