Sunday, February 1, 2026

ਖਾਲਸਾ ਕਾਲਜ ਨੇ ਆਈ.ਆਈ.ਸੀ ਖੇਤਰੀ ਮੀਟ 2025 ’ਚ ਜਿਤਿਆ ਸਰਵੋਤਮ ਪੋਸਟਰ ਪੁਰਸਕਾਰ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਕਰਵਾਈ ਗਈ ਵੱਕਾਰੀ ਆਈ.ਆਈ.ਸੀ ਖੇਤਰੀ ਮੀਟ-2025 ’ਚ ਸਰਵੋਤਮ ਪੋਸਟਰ ਪੁਰਸਕਾਰ ਜਿੱਤ ਕੇ ਸ਼ਾਨਦਾਰ ਉਪਲੱਬਧੀ ਪ੍ਰਾਪਤ ਕੀਤੀ ਹੈ।ਕਾਲਜ ਉਤਰ-ਪੱਛਮੀ ਖੇਤਰ ਦੀਆਂ 200 ਤੋਂ ਵਧੇਰੇ ਪ੍ਰਮੁੱਖ ਸੰਸਥਾਵਾਂ ’ਚ ਮੁਕਾਬਲੇ ਦੌਰਾਨ ਨਵੀਨਤਾ ਅਤੇ ਸਿਰਜਣਾਤਮਕਤਾ ’ਚ ਸ਼ਾਨਦਾਰ ਪ੍ਰਦਰਸ਼ਨਕਾਰ ਵਜੋਂ ਉਭਰਿਆ।
ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਇਸ ਵਿਲੱਖਣ ਪ੍ਰਾਪਤੀ ਲਈ ਆਈ.ਆਈ.ਸੀ ਟੀਮ ਨੂੰ ਵਧਾਈ ਦਿੰਦਿਆਂ ਕੈਂਪਸ ’ਚ ਰਚਨਾਤਮਕਤਾ, ਖੋਜ਼ ਅਤੇ ਨਵੀਨਤਾ-ਅਧਾਰਿਤ ਸਿੱੱਖਿਆ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈਲ (ਭਾਰਤ ਸਰਕਾਰ) ਅਧੀਨ ਇੰਸਟੀਚਿਊਟਸ ਇਨੋਵੇਸ਼ਨ ਕੌਂਸਲ (ਆਈ.ਆਈ.ਸੀ) ਨੇ ਕਾਲਜ ਨੂੰ ਸਰਵੋਤਮ ਆਈ.ਆਈ.ਸੀ ਪੋਸਟਰ ਪੇਸ਼ਕਾਰੀ ਲਈ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਹੈ।ਉਨ੍ਹਾਂ ਕਿਹਾ ਕਿ ਉਕਤ ਇਨਾਮ ਪੰਜਾਬ ਯੂਨੀਵਰਸਿਟੀ ਦੇ ਆਈ.ਆਈ.ਸੀ ਪ੍ਰਧਾਨ ਪ੍ਰੋਫੈਸਰ ਰੋਹਿਤ ਸ਼ਰਮਾ ਅਤੇ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈਲ (ਏ.ਆਈ.ਸੀ.ਟੀ. ਯ.ੂਈ) ਦੇ ਸਹਾਇਕ ਇਨੋਵੇਸ਼ਨ ਡਾਇਰੈਕਟਰ ਡਾ. ਦੀਪਨ ਸਾਹੂ ਸਮੇਤ ਉਘੇ ਪਤਵੰਤਿਆਂ ਦੀ ਮੌਜੂਦਗੀ ’ਚ ਪ੍ਰਦਾਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪੀ. ਯੂ. ਚੰਡੀਗੜ੍ਹ ਵਿਖੇ ਕਾਲਜ ਦੇ ਪੋਸਟਰ ਪ੍ਰਤੀਨਿਧਤਾ ਦੀ ਅਗਵਾਈ ਡਾ. ਗੁਰਸ਼ਰਨ ਕੌਰ (ਪ੍ਰਧਾਨ,ਆਈ.ਆਈ.ਸੀ) ਅਤੇ ਡਾ. ਹਰਦੀਪ ਕੌਰ (ਕਨਵੀਨਰ/ਸਕੱਤਰ ਆਈ.ਆਈ.ਸੀ) ਦੁਆਰਾ ਕੀਤੀ ਗਈ, ਜਿਨ੍ਹਾਂ ਨੇ ਇਸ ਖੇਤਰੀ ਸਨਮਾਨ ਨੂੰ ਪ੍ਰਾਪਤ ਕਰਨ ’ਚ ਅਹਿਮ ਭੂਮਿਕਾ ਨਿਭਾਈ।ਇਸ ਮੁਕਾਬਲੇ ’ਚ ਕਾਲਜ ਦੀਆਂ ਗਤੀਸ਼ੀਲ ਨਵੀਨਤਾ ਪਹਿਲਕਦਮੀਆਂ, ਐਮ.ਐਚ.ਆਰ.ਡੀ ਦੇ ਅੰਬੈਸਡਰ ਸਿਖਲਾਈ ਪ੍ਰੋਗਰਾਮਾਂ ’ਚ ਭਾਈਵਾਲੀ, ਵਿਦਿਆਰਥੀ-ਅਗਵਾਈ ਵਾਲੀਆਂ ਉਦਮੀ ਗਤੀਵਿਧੀਆਂ ਅਤੇ ਸੈਸ਼ਨ 2024-25 ਦੌਰਾਨ ਕੀਤੇ ਗਏ ਮਿਸਾਲੀ ਅਭਿਆਸਾਂ ਦਾ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਭਾਟੀਆ ਨੇ ਵੀ ਸੰਸਥਾਗਤ ਪ੍ਰਦਰਸ਼ਨ, ਅਕਾਦਮਿਕ ਗੁਣਵਤਾ ਅਤੇ ਵਿਦਿਆਰਥੀ ਸਸ਼ਕਤੀਕਰਨ ਨੂੰ ਵਧਾਉਣ ’ਚ ਨਵੀਨਤਾ-ਕੇਂਦ੍ਰਿਤ ਗਤੀਵਿਧੀਆਂ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਪ੍ਰਸੰਸਾ ਕੀਤੀ।

Check Also

ਆਰ.ਆਰ.ਆਰ ਕੰਪਨੀ ਨਾਲ ਠੋਸ ਕਚਰਾ ਇਕੱਠਾ ਕਰਨ ਸਬੰਧੀ ਸਮੀਖਿਆ ਮੀਟਿੰਗ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਕਮਿਸ਼ਨਰ, ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਨੁਸਾਰ …