ਅੰਮ੍ਰਿਤਸਰ, 18 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ : ਜੀਵਨ, ਦ੍ਰਿਸ਼ਟੀ ਤੇ ਫਲਸਫਾ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ।ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਗੁਨਵੀਰ ਸਿੰਘ ਨੇ ਹਰਿੰਦਰ ਸਿੰਘ ਦੇ ਗੁਰਮਤਿ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ’ਚ ਪਾਏ ਯੋਗਦਾਨ ਦੀ ਮਹੱਤਤਾ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ। ਕਾਲਜ ਦੇ ਵਿਰਾਸਤੀ ਇਤਿਹਾਸ ਤੋਂ ਜਾਣੂ ਕਰਵਾਉਂਦਿਆ ਉਨ੍ਹਾਂ ਨੇ ਕਾਲਜ ਦੇ ਵਿਕਸਿਤ ਪੱਖਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ।
ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਅਗਵਾਈ ਅਤੇ ਪੰਜਾਬੀ ਅਧਿਐਨ ਵਿਭਾਗ ਮੁਖੀ ਡਾ. ਪਰਮਿੰਦਰ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਸਮਾਗਮ ਦਾ ਆਰੰਭ ਕਾਲਜ ਦੇ ਸੰਗੀਤ ਅਤੇ ਗੁਰਮਤਿ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਪਰਮਾਤਮਾ ਦਾ ਓਟ ਆਸਰਾ ਲੈਂਦਿਆਂ ਸ਼ਬਦ ਗਾਇਨ ਨਾਲ ਕੀਤਾ ਗਿਆ।ਪ੍ਰਿੰ: ਡਾ. ਰੰਧਾਵਾ ਵੱਲੋਂ ਆਈਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ।ਇਸ ਸਮਾਗਮ ’ਚ ਮੁੱਖ ਬੁਲਾਰੇ ਵਜੋਂ ਨਾਮਵਰ ਸਿੱਖ ਚਿੰਤਕ ਅਤੇ ਸੀਨੀਅਰ ਫੈਲੋ ਸਿੱਖ ਰਿਸਰਚ ਇੰਸਟੀਚਿਊਟ ਯੂ.ਐਸ.ਏ ਹਰਿੰਦਰ ਸਿੰਘ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।
ਪ੍ਰਿੰ: ਡਾ. ਰੰਧਾਵਾ ਨੇ ਹਰਿੰਦਰ ਸਿੰਘ ਦੇ ਸਿੱਖ ਇਤਿਹਾਸ ’ਚ ਪਾਏ ਯੋਗਦਾਨ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਹਰਿੰਦਰ ਸਿੰਘ ਦੇਸ਼ਾਂ ਵਿਦੇਸ਼ਾਂ ਵਿਚ ਗੁਰਮਤਿ ਸਾਹਿਤ ਨਾਲ ਜੁੜੇ ਵਿਚਾਰਾਂ ਨੂੰ ਪ੍ਰਸਾਰਣ ਵਿਚ ਵਿਸ਼ੇਸ਼ ਯੋਗਦਾਨ ਪਾ ਰਹੇ ਹਨ।ਹੁਣ ਤੱਕ ਉਹ ਗੁਰਬਾਣੀ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ਬਾਰੇ ਕਈ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਹਨ।ਸਮਾਗਮ ਦੇ ਵਿਸ਼ੇ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅੱਜ ਦਾ ਵਿਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਦ੍ਰਿਸ਼ਟੀ ਅਤੇ ਫਲਸਫੇ ਨਾਲ ਸੰਬੰਧਿਤ ਹੈ।ਗੁਰੂ ਗੋਬਿੰਦ ਸਿੰਘ ਦੀ ਦਾ ਸਮੁੱਚਾ ਜੀਵਨ ਸਮੁੱਚੀ ਮਾਨਵਤਾ ਦੀ ਭਲਾਈ ਅਤੇ ਕਲਿਆਣ ਨੂੰ ਸਮਰਪਿਤ ਹੈ ਜਿਸਦੀ ਹੋਰ ਕੋਈ ਉਦਾਹਰਣ ਕਿਤੇ ਨਹੀਂ ਮਿਲਦੀ।ਉਨ੍ਹਾਂ ਨੇ ਕਿਹਾ ਕਿ ਅਜਿਹਾ ਜੀਵਨ ਸਾਡੇ ਲਈ ਪ੍ਰੇਰਨਾ ਸ੍ਰੋਤ ਬਣਦਾ ਹੈ ਜਿਸ ਵਿਚ ਨਿੱਜੀ ਸੁਆਰਥ ਨੂੰ ਤਿਆਗ ਕੇ ਸਮੱਚੀ ਮਾਨਵਤਾ ਦੀ ਲਈ ਕਾਰਜ ਕੀਤੇ।
ਮੁੱਖ ਬੁਲਾਰੇ ਹਰਿੰਦਰ ਸਿੰਘ ਅਤੇ ਮੈਡਮ ਇੰਦੂ ਅਰੋੜਾ ਨੇ ਆਪਸੀ ਵਿਚਾਰ ਚਰਚਾ ਦੇ ਸੈਸ਼ਨ ਰਾਹੀਂ ਹਰਿੰਦਰ ਸਿੰਘ ਦੁਆਰਾ ਗੁਰੂ ਗੋਬਿੰਦ ਸਿੰਘ ਦੇ ਜੀਵਨ, ਉਨ੍ਹਾਂ ਦੀਆਂ ਰਚਨਾਵਾਂ ਅਤੇ ਫਲਸਫੇ ਸੰਬੰਧੀ ਗਹਿਰ-ਗੰਭੀਰ ਵਿਚਾਰ ਚਰਚਾ ਕੀਤੀ ਗਈ। ਪੁਸਤਕ ‘ਗੁਰੂ ਗੋਬਿੰਦ ਸਿੰਘ ਸਾਹਿਬ’ ਬਾਰੇ ਖੁੱਲ ਕੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਪੁਸਤਕ ਗੁਰੂ ਗੋਬਿੰਦ ਸਿੰਘ ਜੀ ਜੀਵਨ ਦੇ ਵੱਖ-ਵੱਖ ਅਹਿਮ ਪਹਿਲੂਆਂ ਨਾਲ ਜੁੜੀ ਹੋਈ ਹੈ।ਇਸ ਦਾ ਨਿਵੇਕਲਾਪਨ ਇਹ ਹੈ ਕਿ ਇਸ ਵਿਚੋਂ ਵਿਹਾਰਕ ਜੀਵਨ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਤੱਕ ਪਹੁੰਚਿਆ ਜਾ ਸਕਦਾ ਹੈ।

ਇਸ ਉਪਰੰਤ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਰਿੰਦਰ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ : ਜੀਵਨ ਅਤੇ ਫਲਸਫੇ ਸੰਬੰਧੀ ਪ੍ਰ੍ਰਸ਼ਨ ਪੁੱਛੇ ਜਿਨ੍ਹਾਂ ਦਾ ਉਤਰ ਉਨ੍ਹਾਂ ਨੇ ਬੜੇ ਤਸੱਲੀਬਖ਼ਸ਼ ਢੰਗ ਨਾਲ ਦਿੱਤੇ। ਮੰਚ ਸੰਚਾਲਨ ਦੀ ਭੂਮਿਕਾ ਡਾ. ਕੁਲਦੀਪ ਸਿੰਘ ਢਿੱੱਲੋਂ ਦੁਆਰਾ ਬਾਖੂਬੀ ਨਿਭਾਈ ਗਈ।
ਸਮਾਗਮ ਵਿਚ ਕਾਲਜ ਦੇ ਡੀਨ ਅਕਾਦਮਿਕ ਮਾਮਲੇ ਡਾ. ਤਮਿੰਦਰ ਸਿੰਘ ਭਾਟੀਆ ਰਜਿਸਟਰਾਰ ਡਾ. ਦਵਿੰਦਰ ਸਿੰਘ, ਨਾਮਵਰ ਵਿਦਵਾਨ ਬਲਵੰਤ ਸਿੰਘ ਢਿੱਲੋਂ, ਪ੍ਰਸਿੱਧ ਇਤਿਹਾਸਕਾਰ ਰਾਜ ਕੁਮਾਰ ਹੰਸ, ਡਾ. ਹਰਦੇਵ ਸਿੰਘ, ਡਾ. ਸੁਖਪਾਲ ਸਿੰਘ, ਮੈਡਮ ਸਾਨੀਆ ਅਰੋੜਾ, ਮੈਡਮ ਸੁਪਨਿੰਦਰ ਕੌਰ, ਮੈਡਮ ਅੰਜੂ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਜਸਬੀਰ ਸਿੰਘ, ਡਾ. ਪਰਮਿੰਦਰਜੀਤ ਕੌਰ, ਡਾ. ਗੁਰਿੰਦਰ ਕੌਰ, ਡਾ. ਅਮਾਨਤ ਮਸੀਹ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਅੰਮ੍ਰਿਤਪਾਲ ਕੌਰ, ਡਾ. ਮਨੀਸ਼ ਕੁਮਾਰ, ਡਾ. ਅਮਨਦੀਪ ਕੌਰ, ਡਾ. ਨਵਜੋਤ ਕੌਰ, ਡਾ. ਸੰਦੀਪ ਕੌਰ, ਡਾ. ਦਯਾ ਸਿੰਘ, ਡਾ. ਮੇਜਰ ਸਿੰਘ, ਡਾ. ਰੁਪਿੰਦਰ ਕੌਰ, ਡਾ. ਪ੍ਰਭਜੀਤ ਸਿੰਘ, ਪ੍ਰੋ. ਬਲਗੇਰ ਸਿੰਘ, ਪ੍ਰੋ. ਰਵਿੰਦਰ, ਪ੍ਰੋ. ਵਰਿੰਦਰ ਸਿੰਘ, ਡਾ. ਸੰਦੀਪ ਕੌਰ, ਡਾ. ਪ੍ਰਭਜੀਤ ਕੌਰ, ਪ੍ਰੋ. ਸਤਨਾਮ ਸਿੰਘ ਹਾਜ਼ਰ ਸਨ।
Punjab Post Daily Online Newspaper & Print Media