Sunday, March 29, 2026

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ ਵਿਭਾਗ ਵੱਲੋਂ ਆਈ.ਸੀ.ਐਸ.ਐਸ.ਆਰ ਦੇ ਸਹਿਯੋਗ ਨਾਲ ਕਰਵਾਏ ਗਏ ਰਾਸ਼ਟਰੀ ਸੈਮੀਨਾਰ ਦੌਰਾਨ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਵਾਨਾਂ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਲੋਕ ਲੁਭਾਵਨ ਰਾਜਨੀਤੀ ਲੋਕਤੰਤਰ ਲਈ ਵੱਡਾ ਖ਼ਤਰਾ ਹੈ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਕਰਵਾਏ ਗਏ ਉਕਤ ਪ੍ਰੋਗਰਾਮ ਦੀ ਪ੍ਰਧਾਨਗੀ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਦੁਆਰਾ ਕੀਤੀ ਗਈ, ਜਦਕਿ ਮੁੱਖ ਬੁਲਾਰੇ ਵਜੋਂ ਡਾ. ਜਗਰੂਪ ਸਿੰਘ ਸੇਖੋਂ ਨੇ ਸ਼ਿਰਕਤ ਕੀਤੀ।
ਡਾ. ਸੇਖੋਂ ਨੇ ਕਿਹਾ ਕਿ ਅਜੋਕੇ ਸਮੇਂ ’ਚ ਸ਼ਾਸਕੀ ਸੰਸਥਾਵਾਂ ਅਤੇ ਰਾਜਨੀਤਿਕ ਅਗਵਾਈ ਪ੍ਰਤੀ ਲੋਕਾਂ ’ਚ ਭਰੋਸੇ ਦੀ ਘਾਟ ਪਾਈ ਜਾਂਦੀ ਹੈ।ਜਦਕਿ ਡਾ. ਮਹਿਲ ਸਿੰਘ ਨੇ ਕਿਹਾ ਕਿ ਰਾਜ ’ਚ ਲੀਡਰਸ਼ਿਪ ਦਾ ਖਲਾਅ ਹੈ।ਉਨ੍ਹਾਂ ਕਿਹਾ ਕਿ ਰਾਜਨੀਤਿਕ ਨੇਤਾਵਾਂ ਦੇ ਸਾਰੇ ਲੋਕ ਲੁਭਾਵਨ ਬਿਆਨਾਂ ਨੂੰ ਕਾਨੂਨੀ ਤੌਰ ’ਤੇ ਦਸਤਾਵੇਜ਼ੀ ਰੂਪ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਬਾਅਦ ’ਚ ਉਨ੍ਹਾਂ ਨੂੰ ਜਵਾਬਦੇਹ ਬਣਾਇਆ ਜਾ ਸਕੇ।ਪ੍ਰਿੰ: ਡਾ. ਰੰਧਾਵਾ ਨੇ ਵਿਦਵਾਨਾਂ ਦਾ ਸਵਾਗਤ ਕਰਦਿਆਂ ਉਕਤ ਵਿਭਾਗ ਨੂੰ ਵਧਾਈ ਦਿੱਤੀ।
ਇਸ ਤੋਂ ਪਹਿਲਾਂ ਕਾਲਜ ਰਜਿਸਟਰਾਰ ਡਾ. ਦਵਿੰਦਰ ਸਿੰਘ ਨੇ ਸੈਮੀਨਾਰ ਦੇ ਵਿਸ਼ੇ ਸਬੰਧੀ ਜਾਣਕਾਰੀ ਸਾਂਝੀ ਕੀਤੀ।ਸੈਮੀਨਾਰ ਦੇ ਕਨਵੀਨਰ ਡਾ. ਦਵਿੰਦਰ ਕੌਰ ਨੇ ਕਿਹਾ ਕਿ ਇਸ ਦੌਰਾਨ 27 ਖੋਜ਼ ਪੱਤਰ ਪੇਸ਼ ਕੀਤੇ ਗਏ ਅਤੇ ਡਾ. ਵਿਸ਼ਵਜੀਤ ਮੋਹੰਤੀ, ਡਾ. ਸੁਖਦੇਵ ਸਿੰਘ ਸੋਹਲ, ਡਾ. ਅਮਰਜੀਤ ਸਿੰਘ ਸਿੱਧੂ, ਪ੍ਰਿੰਸੀਪਲ ਡਾ. ਨੀਰੂ ਸ਼ਰਮਾ, ਡਾ. ਮਲਕੀਅਤ ਸਿੰਘ, ਡਾ. ਨਿਰਮਲ ਸਿੰਘ, ਡਾ. ਮਨਜੀਤ ਕੌਰ ਵਰਗੇ ਸਮਾਜਿਕ ਵਿਗਿਆਨੀਆਂ ਨੇ ਸਰੋਤ ਵਿਅਕਤੀਆਂ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਆਪਣੀ ਖੋਜ਼ ਅਤੇ ਵਿਚਾਰਾਂ ਤੋਂ ਜਾਣੂ ਕਰਵਾਇਆ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਦੋਵੇਂ ਤਕਨੀਕੀ ਸੈਸ਼ਨਾਂ ’ਚ ਵਿਦਵਾਨਾਂ ਨਾਲ ਗੱਲਬਾਤ ’ਚ ਹਿੱਸਾ ਲਿਆ।ਸੈਮੀਨਾਰ ਦੇ ਰਿਪੋਰਟਰ ਡਾ. ਸੁਖਜੀਤ ਸਿੰਘ ਨੇ ਸਮੂਹ ਸੈਸ਼ਨਾਂ ਦੀ ਰਿਪੋਰਟ ਪੇਸ਼ ਕੀਤੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਵਿਦਿਆਰਥੀ ਭਲਾਈ ਦੇ ਡੀਨ ਅਤੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਡਾ. ਸਤਨਾਮ ਸਿੰਘ ਨੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪੰਜਾਬ ਦੀ ਰਾਜਨੀਤੀ ਮੌਜ਼ੂਦਾ ਸਥਿਤੀ ਗੰਭੀਰ ਹੈ, ਪਰ ਪੰਜਾਬ ਆਪਣੀ ਮਜ਼ਬੂਤੀ ਅਤੇ ਜੁਝਾਰੂ ਸੁਭਾਅ ਕਰਕੇ ਜਾਣਿਆ ਜਾਂਦਾ ਹੈ।ਇਹ ਸਿਰਫ਼ ਨੌਜਵਾਨਾਂ ਦੀ ਗਿਆਨਵਾਨ ਭਾਗੀਦਾਰੀ ਹੈ ਜੋ ਪੰਜਾਬ ਦੀ ਰਾਜਨੀਤੀ ਨੂੰ ਦੁਬਾਰਾ ਸਹੀ ਰਸਤੇ ’ਤੇ ਲਿਆ ਸਕਦੀ ਹੈ।ਹਿਊਮੈਨਟੀਜ਼ ਡੀਨ ਪ੍ਰੋ. ਜਸਪ੍ਰੀਤ ਕੌਰ ਨੇ ਧੰਨਵਾਦ ਮਤਾ ਪੇਸ਼ ਕੀਤਾ।
ਇਸ ਮੌਕੇ ਡਾ. ਗੁਰਵੇਲ ਸਿੰਘ ਮੱਲ੍ਹੀ, ਡਾ. ਹਰਬਿਲਾਸ ਸਿੰਘ ਰੰਧਾਵਾ, ਡਾ. ਬਲਜੀਤ ਸਿੰਘ, ਡਾ. ਰੀਤੂ ਸ਼ਰਮਾ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਪਲਕਦੀਪ ਕੌਰ, ਪ੍ਰੋ. ਪ੍ਰਵੀਨ ਕੌਰ ਸਮੇਤ ਹੋਰ ਸਟਾਫ ਮੈਂਬਰ ਤੇ ਵਿਦਿਆਰਥੀ ਮੌਜ਼ੂਦ ਸਨ।

Check Also

ਖਾਲਸਾ ਕਾਲਜ ਵਿਖੇ ਏ.ਆਈ ਬਾਰੇ ਤਿੰਨ ਦਿਨਾਂ ਅੰਤਰਰਾਸ਼ਟਰੀ ਕਾਨਫ਼ਰੰਸ ਸੰਪਨ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ …