Monday, May 25, 2026

ਮਾਨ ਸਰਕਾਰ ਨੇ ਆੜਤੀਆਂ, ਪੱਲੇਦਾਰਾਂ, ਖਰੀਦ ਏਜੰਸੀਆਂ ਦੇ ਸੁਮੇਲ ਨਾਲ ਕਣਕ ਦੀ ਸਰਕਾਰੀ ਖਰੀਦ ਲਈ ਕੀਤੇ ਪੁੱਖਤਾ ਪ੍ਰਬੰਧ – ਧਾਲੀਵਾਲ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ)- ਅੱਜ ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਵਲੋਂ ਤਹਿਸੀਲ ਅਜਨਾਲਾ ਦੀ ਸਭ ਤੋਂ ਵੱਡੀ ਅਨਾਜ ਮੰਡੀ ਅਜਨਾਲਾ ਸ਼ਹਿਰ, ਅਜਨਾਲਾ ਖੇਤਰ ਦੀਆਂ ਚਮਿਆਰੀ, ਸੁਧਾਰ ਤੇ ਅਵਾਣ ਨੇੜੇ ਰਮਦਾਸ ਦਾਣਾ ਮੰਡੀਆਂ ‘ਚ ਕਿਸਾਨਾਂ ਵਲੋਂ ਵਿਕਰੀ ਲਈ ਲਿਆਂਦੀ ਹੋਈ ਹਾੜੀ ਦੀ ਮੁੱਖ ਫਸਲ ਕਣਕ ਦੀ ਸਰਕਾਰੀ ਖਰੀਦ ਦੀ ਆਰੰਭਤਾ ਪੂਰੇ ਉਤਸ਼ਾਹ ਤੇ ਜੋਸ਼ੋ ਖਰੋਸ਼ ਨਾਲ ਕਰਵਾਈ ਗਈ।ਖਰੀਦ ਪ੍ਰਕਿਰਿਆ ਦੇ ਉਦਘਾਟਨ ਮੌਕੇ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ, ਆੜਤੀਆਂ ਤੇ ਮੰਡੀ ਮਜਦੂਰਾਂ (ਪੱਲੇਦਾਰਾਂ) ਦੇ ਹੱਕਾਂ ਤੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਪ੍ਰਤੀਬੱਧਤਾ ਦੇ ਰਾਜਧਰਮ ਨੂੰ ਨਿਭਾਉਂਦਿਆਂ ਸਰਕਾਰੀ ਖਰੀਦ ਏਜੰਸੀਆਂ, ਆੜਤੀਆਂ, ਪੱਲੇਦਾਰਾਂ ਤੇ ਕਿਸਾਨਾਂ ਦੇ ਸੁਮੇਲ ਨਾਲ ਕਣਕ ਦੀ ਸਰਕਾਰੀ ਖਰੀਦ ਪ੍ਰਕਿਰਿਆ ਦੌਰਾਨ ਅਜਨਾਲਾ ਖੇਤਰ ਸਮੇਤ ਪੰਜਾਬ ਦੀਆਂ ਦਾਣਾ ਮੰਡੀਆਂ ‘ਚ ਆਉਣ ਵਾਲੀ ਕਣਕ ਦੇ ਇੱਕ ਇੱਕ ਦਾਣੇ ਦੀ ਸਰਕਾਰੀ ਖਰੀਦ ਯਕੀਨੀ ਬਣਾਉਣ ਲਈ ਬਕਾਇਦਾ ਪੁਖਤਾ ਤੇ ਉਸਾਰੂ ਪ੍ਰਬੰਧ ਕਰ ਲਏ ਗਏ ਹਨ।
ਧਾਲੀਵਾਲ ਨੇ ਕੇਂਦਰੀ ਸਰਕਾਰ ਦੀ ਪੰਜਾਬ ਦੇ ਕਿਸਾਨਾਂ, ਆੜਤੀਆਂ ਤੇ ਪੱਲੇਦਾਰਾਂ ਪ੍ਰਤੀ ਮਾਰੂ ਤੇ ਮਤਰੇਈ ਮਾਂ ਵਾਲੇ ਸਲੂਕ ਦੀ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ ਦੇ ਮਾਰੂ ਰਵੱਈਏ ਦੇ ਬਾਵਜ਼ੂਦ ਕਣਕ ਦੀ ਸਰਕਾਰੀ ਖਰੀਦ ‘ਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕੇਂਦਰੀ ਸਰਕਾਰ ਨੂੰ ਪੰਜਾਬ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਉਚੇਚੇ ਤੌਰ ‘ਤੇ ਕੇਂਦਰੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਪ੍ਰਲਾਹਦ ਜੋਸ਼ੀ ਨਾਲ ਮੀਟਿੰਗ ਕਰਕੇ ਪੰਜਾਬ ‘ਚ ਹੋਈ ਕੁਦਰਤੀ ਆਫਤ ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਕਾਰਣ ਕਰੀਬ 1.30 ਲੱਖ ਏਕੜ ਕਣਕ ਦੇ ਪ੍ਰਭਾਵਿਤ ਹੋਏ ਰਕਬੇ ‘ਚੋਂ ਬਦਰੰਗ ਪਏ ਕਣਕ ਦੇ ਦਾਣਿਆਂ ਦੀ ਸਰਕਾਰੀ ਨਿਰਧਾਰਿਤ ਖਰੀਦ ਨਿਯਮਾਂ ‘ਚ ਛੋਟ ਦੇਣ ਅਤੇ ਕੇਂਦਰ ਸਰਕਾਰ ਵਲੋਂ ਕੁਦਰਤੀ ਤਬਾਹੀ ਕਾਰਣ ਨੁਕਸਾਨੀਆਂ ਫਸਲਾਂ ਦਾ ਮੁਆਵਜਾ 6800 ਰੁਪਏ ਪ੍ਰਤੀ ਏਕੜ ਦੇਣ ਦੀ ਬਜ਼ਾਏ ਮੁਆਵਜ਼ਾ ਰਾਸ਼ੀ ‘ਚ ਵਾਧਾ ਕੀਤੇ ਜਾਣ, ਆੜਤੀਆਂ ਦੀ ਕਮਿਸ਼ਨ ਐਮ.ਐਸ.ਪੀ ਰੇਟਾਂ ‘ਤੇ 2.5 ਫੀਸਦੀ ਕਰਨ ਅਤੇ ਕੇਂਦਰ ਵਲੋਂ ਜ਼ਾਮ ਕੀਤੇ ਹੋਏ 9 ਹਜਾਰ ਕਰੋੜ ਰਪਏ ਪੇਂਡੂ ਵਿਕਾਸ ਫੰਡ ਜਾਰੀ ਕੀਤੇ ਜਾਣ, ਪਰਾਲੀ ਸਮੇਤ ਖੇਤਾਂ ‘ਚ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੀ ਬਜ਼ਾਏ ਮਸ਼ੀਨਾਂ ਨਾਲ ਸਾਂਭ ਸੰਭਾਲ ਕਰਨ ਵਾਲੇ ਕਿਸਾਨਾਂ ਨੂੰ ਰਾਹਤ ਰਾਸ਼ੀ ਦਿੱਤੇ ਜਾਣ, ਪੱਲੇਦਾਰਾਂ ਦਾ ਏ.ਪੀ.ਐਫ ਵਧਾਏ ਜਾਣ ਅਤੇ ਕਣਕ ਝੋਨੇ ਦੀ ਖਰੀਦ ਦੌਰਾਨ ਬੈਂਕਾਂ ਵਲੋਂ ਪੰਜਾਬ ਸਰਕਾਰ ਕੋਲੋਂ ਕਰੀਬ 500 ਕਰੋੜ ਰੁਪਏ ਦੀ ਵਾਧੂ ਰਾਸ਼ੀ ਵਿਆਜ ਦਰ ਵਜੋਂ ਵਸੂਲੇ ਜਾਣ ਨੂੰ ਤਰਕ ਸੰਗਤ ਬਣਾਉਣ ਆਦਿ ਭਖਦੀਆਂ ਮੰਗਾਂ ਨੂੰ ਤਰਕ ਨਾਲ ਉਠਾਇਆ ਗਿਆ ਸੀ।ਪਰ ਕੇਂਦਰੀ ਮੰਤਰੀ ਪ੍ਰਲਾਹਦ ਜੋਸ਼ੀ ਵਲੋਂ ਹਾਂ ਪੱਖੀ ਹੁੰਗਾਰਾ ਭਰਨ ਦੇ ਬਾਵਜ਼ੂਦ ਕੇਂਦਰੀ ਸਰਕਾਰ ਆਪਣੇ ਪੰਜਾਬ ਵਿਰੋਧੀ ਰਵੱਈਏ ‘ਚ ਟੱਸ ਤੋਂ ਮੱਸ ਨਹੀਂ ਹੋਈ।
ਧਾਲੀਵਾਲ ਨੇ ਕਿਹਾ ਕਿ ਕੁਦਰਤੀ ਆਫਤਾਂ ਨਾਲ ਨੁਕਸਾਨੀਆਂ ਜਾਣ ਵਾਲੀਆਂ ਫਸਲਾਂ ਦਾ 20 ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ‘ਚ ਮਾਨ ਸਰਕਾਰ ਦੀ ਅਗਵਾਈ ‘ਚ ਪੰਜਾਬ ਦੇਸ਼ ‘ਚੋਂ ਪਹਿਲਾ ਰਾਜ ਬਣਿਆ ਹੈ।ਪਰਾਲੀ ਸਮੇਤ ਰਹਿੰਦ ਖੂੰਹਦ ਨੂੰ ਖੇਤਾਂ ‘ਚ ਸਾੜਣ ਦੀਆਂ ਘਟਨਾਵਾਂ ‘ਚ 94 ਫੀਸਦੀ ਕਮੀ ਲਿਆ ਕੇ ਕਿਸਾਨਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਕੌਮੀ ਪੱਧਰ ‘ਤੇ ਐਵਾਰਡ ਨਾਲ ਸਨਮਾਨਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਮੰਡੀਆਂ ‘ਚ ਹੁਣ ਤੱਕ 5 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ , ਜਿਸ ‘ਚੋਂ ਕਰੀਬ 1 ਲੱਖ ਟਨ ਐਮ.ਐਸ.ਪੀ ਮੁੱਲ ‘ਤੇ ਕਰਕੇ ਕਣਕ ਦੇ ਪੈਸੇ ਦੀ ਅਦਾਇਗੀ 24 ਘੰਟਿਆਂ ‘ਚ ਕਿਸਾਨਾਂ ਦੇ ਖਾਤਿਆਂ ‘ਚ ਪਾਉਣ ਅਤੇ 72 ਘੰਟਿਆਂ ‘ਚ ਕਣਕ ਦੀ ਲਿਫਟਿੰਗ ਕਰਨ ਲਈ ਵੀ ਪ੍ਰਬੰਧ ਕੀਤੇ ਗਏ ਹਨ।ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਕਿਸਾਨਾਂ ਸਮੇਤ ਖਰੀਦ ਏਜੰਸੀਆਂ ਦੇ ਅਧਿਕਾਰੀਆਂ, ਮਾਰਕੀਟ ਕਮੇਟੀ ਅਮਲੇ ਤੇ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

 

 

Check Also

ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ

ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ …