Sunday, June 14, 2026

ਯੂਨੀਵਰਸਿਟੀ ਵਿਖੇ ਪ੍ਰਸਿੱਧ ਕਹਾਣੀਕਾਰ ਨਵਤੇਜ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਇੱਕ-ਰੋਜ਼ਾ ਗੋਸ਼ਟੀ ਭਾਗ-ਪਹਿਲਾ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਸਭਿਆਚਾਰ ਮੰਤਰਾਲਾ (ਭਾਰਤ ਸਰਕਾਰ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਅਤੇ ਭਾਰਤ ਦੀ ਸਰਵਉੱਚ ਸਾਹਿਤਕਸੰਸਥਾ ਸਾਹਿਤ ਅਕਾਦੇਮੀ ਨਵੀਂ ਦਿੱਲੀ ਵੱਲੋਂ ਸਾਂਝੇ ਤੌਰ ‘ਤੇ ਇੱਕ ਅਕਾਦਮਿਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ।ਗੋਸ਼ਟੀ ਦਾ ਮੁੱਖ ਵਿਸ਼ਾ ‘ਨਵਤੇਜ ਸਿੰਘ ਰਚਿਤ ਸਾਹਿਤ : ਪਾਸਾਰ ਅਤੇ ਪ੍ਰਸੰਗਕਿਤਾ’ ਸੀ।
ਡਾ. ਮਨਜਿੰਦਰ ਸਿੰਘ ਮੁਖੀ ਪੰਜਾਬੀ ਅਧਿਐਨ ਸਕੂਲ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਰਸਮੀ ਤੌਰ ‘ਤੇ ਸਵਾਗਤ ਕੀਤਾ।ਹਿਰਦੇਪਾਲ ਸਿੰਘ ਬਤੌਰ ਮੁੱਖ ਮਹਿਮਾਨ ਅਤੇ ਪੂਨਮ ਪ੍ਰੀਤਲੜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਾਹਿਤ ਅਕਾਦੇਮੀ ਦੇ ਪੰਜਾਬੀ ਸਲਾਹਕਾਰ ਬੋਰਡ ਦੇ ਕਨਵੀਨਰ ਡਾ. ਰਵੇਲ ਸਿੰਘ ਨੇ ਗੋਸ਼ਟੀ ਵਿੱਚ ਮੁੱਢਲੇ ਸ਼ਬਦ ਪੇਸ਼ ਕਰਦਿਆਂ ਕਿਹਾ ਕਿ ਕਿਸੇ ਵੀ ਮਹਾਂ-ਦੁਖਾਂਤ ਨੂੰ ਸਿਰਜਣ ਦੀ ਜੋ ਸਮਰੱਥਾ ਨਵਤੇਜ ਸਿੰਘ ਵਿੱਚ ਨਜ਼ਰ ਆਉਂਦੀ ਹੈ, ਉਹ ਉਸ ਦੇ ਕਿਸੇ ਹੋਰ ਸਮਕਾਲੀ ਵਿਚ ਦਿਖਾਈ ਨਹੀਂ ਦਿੰਦੀ।ਉਹ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਜੁੜੇ ਹੋਏ ਇੱਕ ਪ੍ਰਮਾਣਿਕ ਲੇਖਕ ਸਨ।ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਹਰਵਿੰਦਰ ਸਿੰਘ ਸੈਣੀ ਨੇ ਕੀਤੀ।ਉਨ੍ਹਾਂ ਨੇ ਕਿਹਾ ਕਿ ਨਵਤੇਜ ਸਿੰਘ ਅਜਿਹੇ ਕਹਾਣੀਕਾਰ ਸਨ, ਜਿੰਨ੍ਹਾਂ ਨੇ ਵਿਰਾਸਤ ਵਿੱਚ ਪ੍ਰਾਪਤ ਸੁਖ਼ਨ ਦੀ ਪਰੰਪਰਾ ਦਾ ਗੌਰਵ ਬਰਕਰਾਰ ਰੱਖਿਆ।ਸੈਸ਼ਨ ਵਿੱਚ ਖ਼ਾਸ ਖਿੱਚ ਦਾ ਕੇਂਦਰ ਨਵਤੇਜ ਸਿੰਘ ਦੀ ਮਸ਼ਹੂਰ ਕਹਾਣੀ ‘ਬਸ਼ੀਰਾ’ ‘ਤੇ ਆਧਾਰਿਤ ਇੱਕ ਸ਼ਾਰਟ ਫਿ਼ਲਮ ਰਹੀ ਜਿਸ ਦਾ ਨਿਰਮਾਣ ਨਵਤੇਜ ਸਿੰਘ ਦੀ ਪੋਤਰੀ ਰਤਿਕਾ ਸਿੰਘ ਵਲੋਂ ਕੀਤਾ ਗਿਆ।ਇਸ ਫਿਲਮੀ ਪੇਸ਼ਕਾਰੀ ਨੇ ਦੇਸ਼ ਵੰਡ ਦੇ ਸੰਦਰਭ ਵਿੱਚ ਨਵਤੇਜ ਸਿੰਘ ਦੇ ਸਾਹਿਤਕ ਪਾਤਰਾਂ ਦੀ ਮਾਨਸਿਕਤਾ ਨੂੰ ਪਰਦੇ ਉਤੇ ਬਾਖੂਬੀ ਪੇਸ਼ ਕੀਤਾ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਸ਼ਾਵਾਂ ਦੇ ਸਾਬਕਾ ਡੀਨ ਡਾ. ਧਨਵੰਤ ਕੌਰ ਨੇ ਕੁੰਜ਼ੀਵਤ ਭਾਸ਼ਣ ਰਾਹੀਂ ਨਵਤੇਜ ਸਿੰਘ ਦੀਆਂ ਲਿਖਤਾਂ ਦੇ ਵੱਖ-ਵੱਖ ਪਾਸਾਰਾਂ ਬਾਰੇ ਡੂੰਘਾਈ ਨਾਲ ਚਰਚਾ ਕੀਤੀ।ਹਿਰਦੇਪਾਲ ਸਿੰਘ ਨੇ ਕਿਹਾ ਕਿ ਨਵਤੇਜ ਨੇ ਪੰਜਾਬੀ ਕਹਾਣੀ ਨੂੰ ਕਲਪਨਾ ਅਤੇ ਰੋਮਾਂਸ ਦੇ ਜਾਲ ਵਿੱਚੋਂ ਕੱਢ ਕੇ ਮਨੁੱਖੀ ਜੀਵਨ ਦੀਆਂ ਕੌੜੀਆਂ ਸੱਚਾਈਆਂ ਅਤੇ ਆਰਥਿਕ ਮਸਲਿਆਂ ਨਾਲ ਜੋੜਿਆ।ਪੂਨਮ ਪ੍ਰੀਤਲੜੀ ਨੇ ਕਿਹਾ ਕਿ ਨਵਤੇਜ ਇਕ ਅਜਿਹੇ ਪੁਰ-ਖ਼ਲੂਸ ਇਨਸਾਨ ਸਨ ਜਿੰਨ੍ਹਾਂ ਨੇ ਨਿਮਨ-ਮੱਧ ਵਰਗ ਦੀਆਂ ਆਰਥਿਕ ਤੰਗੀਆਂ ਅਤੇ ਮਾਨਸਿਕ ਦਵੰਦਾਂ ਨੂੰ ਬੜੀ ਸ਼ਿੱਦਤ ਨਾਲ ਪੇਸ਼ ਕੀਤਾ।ਉਹਨਾਂ ਨੇ ਨਵਤੇਜ ਸਿੰਘ ਦੀਆਂ ਕਹਾਣੀਆਂ ਦਾ ਪਾਠ ਵੀ ਪ੍ਰਸਤੁਤ ਕੀਤਾ।
ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।ਪੂਰੇ ਉਦਘਾਟਨੀ ਸੈਸ਼ਨ ਦਾ ਸੰਚਾਲਨ ਅਸਿਸਟੈਂਟ ਪ੍ਰੋਫ਼ੈਸਰ ਡਾ. ਮੇਘਾ ਸਲਵਾਨ ਨੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …