ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕਤਾ ਮੁਹਿੰਮ ਤਹਿਤ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਤੋਂ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦਿੱਤੀ ਗਈ।ਜਿਕਰਯੋਗ ਹੈ ਕਿ ਜਿਲ੍ਹਾ ਅੰਮ੍ਰਿਤਸਰ ਅੰਦਰ ਕਣਕ ਦੀ ਕਟਾਈ ਚੱਲ ਰਹੀ ਹੈ।ਇਸ ਲਈ ਕਿਸਾਨਾਂ ਨੂੰ ਵੱਖ-ਵੱਖ ਵਿਧੀਆਂ ਰਾਹੀਂ ਕਣਕ ਦੇ ਨਾੜ ਦਾ ਬਿਨ੍ਹਾ ਅੱਗ ਲਗਾਏ ਪ੍ਰਬੰਧਨ ਕਰਨ ਹਿੱਤ ਇਹ ਵੈਨਾਂ ਪਿੰਡ ਪੱਧਰ ‘ਤੇ ਜਾਗਰੂਕ ਕਰਨਗੀਆਂ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਰਾਲੀ ਜਲਾਉਣ ਦੇ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਜ਼ਮੀਨ ਦੀ ਸਿਹਤ ਖਰਾਬ ਹੁੰਦੀ ਹੈ, ਮਿੱਤਰ ਕੀੜੇ ਮਰ ਜਾਂਦੇ ਹਨ ਅਤੇ ਬੇਸ਼ਕੀਮਤੀ ਖੁਰਾਕੀ ਤੱਤ ਅਤੇ ਜੈਵਿਕ ਮਾਦਾ ਵੀ ਨਸ਼ਟ ਹੋ ਜਾਂਦਾ ਹੈ।
ਵਧੀਕ ਡਿਪਟੀ ਕਮਿਸ਼ਨਰ (ਜਰਨਲ) ਅੰਮ੍ਰਿਤਸਰ ਰੋਹਿਤ ਗੁਪਤਾ ਨੇ ਦੱਸਿਆ ਕਿ ਮਾਣਯੋਗ ਕਮਿਸ਼ਨ ਫਾਰ ਏਅਰ ਕੁਆਲਟੀ ਮੈਨੇਜਮੈਂਟ ਵੱਲੋਂ ਕਿਸਾਨਾਂ ਦੁਆਰਾ ਕਣਕ ਦੇ ਨਾੜ ਨੂੰ ਅੱਗ ਲਗਾਉਣ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ।ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ. ਗੁਰਸਾਹਿਬ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਿਲ੍ਹਾ ਅੰਮ੍ਰਿਤਸਰ ਵੱਲੋਂ ਵਿਸ਼ੇਸ਼ ਮੁਹਿੰਮ ਚਲਾ ਕੇ ਪਿੰਡ ਅਤੇ ਬਲਾਕ ਪੱਧਰ ‘ਤੇ ਕੈਂਪ, ਪਿੰਡ ਪੱਧਰ ਤੇ ਧਾਰਮਿਕ ਅਸਥਾਨਾਂ ਤੋਂ ਅਨਾਉਸਮੈਂਟਾਂ, ਨੁਕੜ ਨਾਟਕਾਂ ਅਤੇ ਬਲਾਕ ਪੱਧਰ ਤੇ ਅਗਾਂਹਵਧੂ ਕਿਸਾਨਾਂ ਅਤੇ ਪਿੰਡਾਂ ਦੇ ਮੋਹਤਬਰ ਨੁਮਾਂਇੰਦਿਆਂ ਜਿਵੇਂ ਕਿ ਸਰਪੰਚ, ਨੰਬਰਦਾਰ ਆਦਿ ਨਾਲ ਮੀਟਿੰਗਾਂ ਕਰਕੇ ਕਣਕ ਦੇ ਨਾੜ ਦੇ ਸੁਚੱਜੇ ਪ੍ਰਬੰਧਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।ਉਹਨਾਂ ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੇ ਨਾੜ ਤੋਂ ਤੁੜੀ ਬਣਾਉਣ ਉਪਰੰਤ ਬਚੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਿਨ੍ਹਾਂ ਹੀ ਅਗਲੀ ਫਸਲ ਲਈ ਖੇਤ ਤਿਆਰ ਕੀਤੇ ਜਾਣ।
ਇਸ ਮੌਕੇ ਐਸ.ਡੀ.ਐਮ ਅਲਕਾ ਕਾਲੀਆ, ਖੇਤੀਬਾੜੀ ਅਫਸਰ ਗੁਰਪ੍ਰੀਤ ਸਿੰਘ, ਨਵਤੇਜ ਸਿੰਘ ਅਤੇ ਗੁਰਜੋਤ ਸਿੰਘ, ਜਗਦੀਪ ਕੌਰ ਡੀ.ਪੀ.ਡੀ (ਆਤਮਾ), ਮਨਬੀਰ ਕੌਰ, ਖੇਤੀਬਾੜੀ ਵਿਕਾਸ ਅਫਸਰ (ਰੈਕਲਾਮੇਸ਼ਨ), ਹਰਗੁਰਨਾਦ ਸਿੰਘ, ਖੇਤੀਬਾੜੀ ਵਿਸਥਾਰ ਅਫਸਰ, ਸਵਿਤਾ ਚੌਹਾਨ ਸੀਨੀਅਰ ਸਹਾਇਕ ਅਤੇ ਖੇਤੀਬਾੜੀ ਵਿਭਾਗ ਤੋਂ ਰਜਨੀ ਬਿਸ਼ਟ, ਸ਼ਰਨਜੀਤ ਕੌਰ, ਜੋਰਾਵਰ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media