Monday, April 27, 2026

ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯੂਨੀਵਰਸਿਟੀ ਵੱਲੋਂ ਰਾਜ-ਪੱਧਰੀ ਸੈਮੀਨਾਰ 30 ਨੂੰ

ਅਕਾਦਮਿਕ ਲੇਖ ਮੁਕਾਬਲੇ 28 ਅਪ੍ਰੈਲ ਨੂੰ

ਅੰਮ੍ਰਿਤਸਰ, 27 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪੰਜਾਬ ਸਰਕਾਰ ਅਤੇ ਉਚੇਰੀ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਕਾਦਮਿਕ ਗਤੀਵਿਧੀਆਂ ਦੀ ਲੜੀ ਆਯੋਜਿਤ ਕੀਤੀ ਜਾਵੇਗੀ।ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਸਮਾਗਮਾਂ ਦਾ ਆਯੋਜਨ ਮਹਾਨ ਸੰਤ ਅਤੇ ਸਮਾਜ ਸੁਧਾਰਕ ਸ੍ਰੀ ਗੁਰੂ ਰਵਿਦਾਸ ਜੀ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਬਾਣੀ ਪੁਰਾਤਨ ਸਮੇਂ ਦੇ ਨਾਲ ਨਾਲ ਅੱਜ ਦੇ ਆਧੁਨਿਕ ਯੁੱਗ ਵਿੱਚ ਵੀ ਓਨੀ ਹੀ ਸਾਰਥਿਕ ਹੈ।ਇਹਨਾਂ ਸਮਾਗਮਾਂ ਦੇ ਸਫ਼ਲਤਾਪੂਰਵਕ ਆਯੋਜਨ ਲਈ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਵੱਲੋਂ ਡਾ. ਰਵਿੰਦਰ ਕੁਮਾਰ ਪ੍ਰੋਫ਼ੈਸਰ ਇਲੈਕਟ੍ਰਾਨਿਕਸ ਟੈਕਨੋਲੋਜੀ ਅਤੇ ਪ੍ਰੋਫ਼ੈਸਰ ਇੰਚਾਰਜ਼ ਲੋਕ ਸੰਪਰਕ ਨੂੰ ਨੋਡਲ ਅਫਸਰ ਵਜੋਂ ਨਿਯੁੱਕਤ ਕੀਤਾ ਗਿਆ ਹੈ।ਯੂਨੀਵਰਸਿਟੀ ਵੱਲੋਂ ਵੱਖ-ਵੱਖ ਵਿਭਾਗਾਂ ਅਤੇ ਸੰਬੰਧਿਤ ਕਾਲਜਾਂ ਦੇ ਵਿਦਿਆਰਥੀਆਂ ਲਈ ਲੇਖ ਮੁਕਾਬਲਾ ਵੀ 28 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ।‘ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਤੇ ਸਮਾਜਿਕ ਸਮਾਨਤਾ’ ਵਿਸ਼ੇ ਹੇਠ ਕਰਵਾਏ ਜਾ ਰਹੇ ਇਸ ਮੁਕਾਬਲੇ ਸੈਮੀਨਾਰ ਦਾ ਉਦੇਸ਼ ਨੌਜਵਾਨਾਂ ਨੂੰ ਗੁਰੂ ਰਵਿਦਾਸ ਜੀ ਦੇ ਵਰਗ-ਰਹਿਤ ਅਤੇ ਸੁਖੀ ਸਮਾਜ ਦੇ ਸੁਪਨੇ ਨਾਲ ਜੋੜਨਾ ਹੈ।ਇਸ ਮੁਕਾਬਲੇ ਵਿੱਚ ਕੁੱਲ ਪੰਜ ਜੇਤੂ ਚੁਣੇ ਜਾਣਗੇ, ਜਿਨ੍ਹਾਂ ਵਿੱਚ ਪਹਿਲਾ ਇਨਾਮ ਇੱਕ ਵਿਦਿਆਰਥੀ ਨੂੰ ਅਤੇ ਦੂਜੇ ਤੇ ਤੀਜੇ ਇਨਾਮ ਦੋ-ਦੋ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ।ਜੇਤੂਆਂ ਨੂੰ ਵਿਸ਼ੇਸ਼ ਸਮਾਰੋਹ ਦੌਰਾਨ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਉਪ ਕੁਲਪਤੀ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ 30 ਅਪ੍ਰੈਲ 2026 ਨੂੰ ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਵਿੱਚ ‘ਬੇਗਮਪੁਰਾ ਸਹਰ ਕੋ ਨਾਉ’ ਵਿਸ਼ੇ ’ਤੇ ਇੱਕ ਰਾਜ-ਪੱਧਰੀ ਸੈਮੀਨਾਰ ਵੀ ਕਰਵਾਇਆ ਜਾਵੇਗਾ।ਇਹ ਸੈਮੀਨਾਰ ਸਵੇਰੇ 10:30 ਵਜੇ ਸ਼ੁਰੂ ਹੋਵੇਗਾ, ਜਿਸ ਵਿੱਚ ਪ੍ਰਸਿੱਧ ਵਿਦਵਾਨ ਅਤੇ ਵਿਸ਼ਾ ਮਾਹਿਰ ਭਾਸ਼ਣ ਦੇਣਗੇ।
ਉਨ੍ਹਾਂ ਕਿਹਾ ਕਿ ਅਜਿਹੀਆਂ ਅਕਾਦਮਿਕ ਚਰਚਾਵਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਗੁਰੂ ਰਵਿਦਾਸ ਜੀ ਦੀ ਬਾਣੀ ਦੀ ਆਧੁਨਿਕ ਸਮੇਂ ਵਿੱਚ ਮਹੱਤਤਾ ਨਾਲ ਜਾਣੂ ਕਰਵਾਉਣ ਲਈ ਬਹੁਤ ਜ਼ਰੂਰੀ ਹਨ।ਉਨ੍ਹਾਂ ਕਿਹਾ ਕਿ ਇਹ ਸਮਾਗਮ ‘ਬੇਗਮਪੁਰਾ’ ਦੇ ਸੰਕਲਪ-ਦੁੱਖ ਤੇ ਭੇਦਭਾਵ ਤੋਂ ਰਹਿਤ ਸਮਾਜ ’ਤੇ ਅਰਥਪੂਰਨ ਵਿਚਾਰ-ਵਟਾਂਦਰੇ ਲਈ ਮੰਚ ਪ੍ਰਦਾਨ ਕਰਨਗੇ।ਖੋਜਕਰਤਾਵਾਂ ਅਤੇ ਵਿਦਿਆਰਥੀਆਂ ਨੂੰ ਇਕੱਠਾ ਕਰਕੇ ਯੂਨੀਵਰਸਿਟੀ ਵਿਸ਼ਵ ਭਾਈਚਾਰਾ ਅਤੇ ਸਾਰੇ ਵਰਗਾਂ ਦੀ ਸ਼ਮੂਲੀਅਤ ਨੂੰ ਮਜ਼ਬੂਤ ਕਰੇਗੀ, ਤਾਂ ਜੋ ਗੁਰੂ ਰਵਿਦਾਸ ਜੀ ਦੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣੀ ਰਹੇ।

 

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …