ਕਿਹਾ, ਨੌਜਵਾਨ ਗੁਰੂ ਸਾਹਿਬ ਦੇ ‘ਬੇਗਮਪੁਰਾ’ ਦੇ ਸੰਕਲਪ ਵਾਲਾ ਭਾਰਤ ਬਣਾਉਣ ਲਈ ਅੱਗੇ ਆਉਣ
ਅੰਮ੍ਰਿਤਸਰ, 12 ਮਈ (ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ `ਤੇ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਲੀਕੇ ਪ੍ਰੋਗਰਾਮਾਂ ਦੀ ਲੜੀ ਤਹਿਤ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਸਿੱਖਿਆਵਾਂ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।
ੱ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਵਿੱਤ, ਯੋਜਨਾ, ਕਰ ਤੇ ਆਬਕਾਰੀ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਨੌਜਵਾਨਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਦਰਸਾਏ ‘ਬੇਗਮਪੁਰਾ’ ਦੇ ਸੰਕਲਪ ਵਾਲਾ ਭਾਰਤ ਬਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਦਰਸਾਏ ਸਮਾਨਤਾ ਦੇ ਸਿਧਾਂਤਾਂ ਅਨੁਸਾਰ ਕੰਮ ਕਰ ਰਹੀ ਹੈ।”
ਹਰਪਾਲ ਸਿੰਘ ਚੀਮਾ ਨੇ ਦੱਸਿਆ, “ਪੰਜਾਬ ਸਰਕਾਰ ਵੱਲੋਂ ਖੁਰਾਲਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਯਾਦਗਾਰ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਫਰੀਦਪੁਰ ਪਿੰਡ ਵਿਖੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦੀ ਸਥਾਪਨਾ ਕੀਤੀ ਜਾ ਰਹੀ ਹੈ, ਜਿਸ ਦਾ ਕੰਮ ਬਹੁਤ ਜਲਦ ਸ਼ੁਰੂ ਹੋਵੇਗਾ।”
ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਬਾਰੇ ਗੱਲ ਕਰਦਿਆਂ ਵਿੱਤ ਮੰਤਰੀ ਨੇ ਕਿਹਾ, “ਭਾਵੇਂ ਕਿ ਭਾਰਤ ਸਮੇਤ ਦੁਨੀਆਂ ਦੇ ਸਾਰੇ ਦੇਸ਼ਾਂ ਦੇ ਸੰਵਿਧਾਨ ਸਮਾਨਤਾ ਅਤੇ ਇਨਸਾਫ਼ ਦੀ ਗੱਲ ਕਰਦੇ ਹਨ, ਪਰ ਸ੍ਰੀ ਗੁਰੂ ਰਵਿਦਾਸ ਜੀ ਨੇ ਕਰੀਬ 650 ਸਾਲ ਪਹਿਲਾਂ ਹੀ ਇਹ ਸੰਦੇਸ਼ ਅਧਿਆਤਮਿਕ ਰੂਪ ਵਿੱਚ ਮਨੁੱਖਤਾ ਤੱਕ ਪਹੁੰਚਾਇਆ ਅਤੇ ਦੁਨੀਆਂ ਨੂੰ ‘ਬੇਗਮਪੁਰਾ’ ਦਾ ਸੰਕਲਪ ਦਿੱਤਾ।ਅੱਜ ਵੀ ਸਮਾਜ ਵਿੱਚੋਂ ਵਿਤਕਰਾ ਖ਼ਤਮ ਕਰਨ ਅਤੇ ਸਮਾਨਤਾ ਲਿਆਉਣ ਲਈ ਸ੍ਰੀ ਗੁਰੂ ਰਵਿਦਾਸ ਜੀ ਦੇ ਸਿਧਾਂਤਾਂ `ਤੇ ਚੱਲਣ ਦੀ ਲੋੜ ਹੈ।”
ਸ਼ਤਾਬਦੀ ਸਮਾਗਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, “ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਆਪਣੇ ਮਹਾਨ ਗੁਰੂਆਂ ਦੀਆਂ ਸ਼ਤਾਬਦੀਆਂ ਮਨਾ ਰਹੇ ਹਾਂ।ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ ਖੁਰਾਲਗੜ੍ਹ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 650ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ `ਤੇ ਮਨਾਉਣ ਅਤੇ ਗੁਰੂ ਸਾਹਿਬ ਦਾ ਸੰਦੇਸ਼ ਪੂਰੀ ਦੁਨੀਆਂ ਤੱਕ ਪਹੁੰਚਾਉਣ ਲਈ ਸਾਲ ਭਰ ਵਿਸ਼ੇਸ਼ ਪ੍ਰੋਗਰਾਮ ਕਰਵਾਉਣ ਦਾ ਐਲਾਨ ਕੀਤਾ ਸੀ।”
ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਸਿੱਖਿਆਵਾਂ `ਤੇ ਚਰਚਾ ਵਿੱਚ ਹਿੱਸਾ ਲੈਂਦਿਆਂ ਸੰਤ ਗੁਰਦੀਪ ਗਿਰੀ ਨੇ ਕਿਹਾ, “ਸ੍ਰੀ ਗੁਰੂ ਰਵਿਦਾਸ ਜੀ ਦੇ 40 ਸ਼ਬਦ ਅਤੇ ਇੱਕ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਹਨ।ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਵਿੱਚ ਪ੍ਰੇਮ ਅਤੇ ਭਗਤੀ ਨੂੰ ਵਿਸ਼ੇਸ਼ ਮਹੱਤਵ ਦਿੱਤਾ ਅਤੇ ਸਮਾਜਿਕ ਨਾਬਰਾਬਰੀ ਤੇ ਜਾਤ-ਪਾਤ ਦੇ ਵਿਤਕਰੇ ਦੇ ਖ਼ਿਲਾਫ਼ ਆਵਾਜ਼ ਉਠਾਈ।”
ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ, “ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ 650 ਸਾਲ ਪਹਿਲਾਂ ਦਿੱਤੇ ਸਮਾਨਤਾ ਅਤੇ ਸਭ ਨੂੰ ਬਰਾਬਰ ਮੌਕੇ ਦੇਣ ਦੇ ਸਿਧਾਂਤਾਂ ਨੂੰ ਆਪਣੇ ਵਿਹਾਰਕ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਦਾ ਸੰਦੇਸ਼ ਵਿਸ਼ਵ ਪੱਧਰ `ਤੇ ਫੈਲਾਉਣ ਲਈ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ।”
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਵਿਭਾਗ ਦੇ ਮੁੱਖੀ ਪ੍ਰੋ. ਮਨਜਿੰਦਰ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਣ ਦੌਰਾਨ ਕਿਹਾ, “ਗੁਰੂ ਰਵਿਦਾਸ ਜੀ ਨੇ ਸਮਾਜ ਦੇ ਸਭ ਤੋਂ ਪਿਛੜੇ ਵਰਗਾਂ ਨੂੰ ਵੀ ਸਨਮਾਨ ਅਤੇ ਆਤਮ ਵਿਸ਼ਵਾਸ ਦਿੱਤਾ।” ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ।ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ, “ਗੁਰੂ ਰਵਿਦਾਸ ਜੀ ਨੇ ਉਸ ਦੱਬੇ-ਕੁਚਲੇ ਅਤੇ ਹਾਸ਼ੀਏ `ਤੇ ਧੱਕੇ ਗਏ ਵਰਗ ਵਿੱਚ ਆਸ ਅਤੇ ਸਨਮਾਨ ਦੀ ਭਾਵਨਾ ਜਗਾਈ, ਜਿਸ ਨੂੰ ਉਸ ਸਮੇਂ ‘ਅਛੂਤ’ ਮੰਨਿਆ ਜਾਂਦਾ ਸੀ।”
ਇਸ ਮੌਕੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਧੰਨਵਾਦ ਕਰਦਿਆਂ ਦੱਸਿਆ, “ਪੰਜਾਬ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ `ਤੇ ਮਨਾ ਰਹੀ ਹੈ।ਸੂਬੇ ਦੇ ਪਿੰਡਾਂ ਅਤੇ ਵਾਰਡਾਂ ਵਿੱਚ ਡਾਕੂਮੈਂਟਰੀ ਫ਼ਿਲਮਾਂ ਦਿਖਾਈਆਂ ਜਾਣਗੀਆਂ, ਡਰੋਨ ਸ਼ੋਅ ਕਰਵਾਏ ਜਾਣਗੇ ਅਤੇ ਵਿਸ਼ਾਲ ਸ਼ੋਭਾ ਯਾਤਰਾਵਾਂ ਕੱਢੀਆਂ ਜਾਣਗੀਆਂ।” ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਵਾਈਸ ਚੇਅਰਮੈਨ ਜਸਕਰਨ ਸਿੰਘ ਬੰਦੇਸ਼ਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਸੰਧੂ, ਐਸ.ਡੀ.ਐਮ ਅੰਮ੍ਰਿਤਸਰ-2 ਗੁਰਮੰਦਰ ਸਿੰਘ, ਪ੍ਰੋ. ਰਵਿੰਦਰ ਰਾਜੂ, ਪ੍ਰੋ. ਬਲਜੀਤ ਕੌਰ ਰਿਆੜ, ਆਪ ਦੇ ਮਾਝਾ ਮੀਡੀਆ ਇੰਚਾਰਜ਼ ਐਡਵੋਕੇਟ ਅਰਵਿੰਦਰ ਸਿੰਘ ਭੱਟੀ ਤੋਂ ਇਲਾਵਾ ਵਿਦਿਆਰਥੀ ਅਤੇ ਅਧਿਆਪਕ ਵੀ ਹਾਜ਼ਰ ਸਨ।ਸਮਾਗਮ ਦੇ ਅਖੀਰ ‘ਚ ਆਏ ਹੋਏ ਮਹਿਮਾਨਾਂ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ।
Punjab Post Daily Online Newspaper & Print Media