ਟਰੱਸਟ ਦੀਆਂ 150 ਲੈਬੋਰਟਰੀਆਂ ਤੋਂ ਲੱਖਾਂ ਲੋਕ ਲੈ ਰਹੇ ਨੇ ਫ਼ਾਇਦਾ – ਡਾ. ਉਬਰਾਏ
ਅੰਮ੍ਰਿਤਸਰ, 14 ਮਈ (ਜਗਦੀਪ ਸਿੰਘ) – ਬਿਨਾਂ ਕਿਸੇ ਤੋਂ ਇੱਕ ਵੀ ਪੈਸਾ ਇਕੱਠਾ ਕੀਤਿਆਂ ਆਪਣੀ ਜੇਬ੍ਹ `ਚੋਂ ਹੀ ਕਰੋੜਾਂ ਰੁਪਏ ਸੇਵਾ ਕਾਰਜ਼ਾਂ `ਤੇ ਖ਼ਰਚ ਕਰਨ
ਵਾਲੇ ਦੁਬਈ ਦੇ ਉਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐਸ.ਪੀ ਸਿੰਘ ਓਬਰਾਏ ਵੱਲੋਂ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੋਲ੍ਹੇ ਗਏ `ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ` ਦਾ ਉਦਘਾਟਨ ਡਾ. ਉਬਰਾਏ ਦੀ ਮੌਜ਼ੂਦਗੀ `ਚ ਡਾ. ਕਰਮਜੀਤ ਸਿੰਘ ਵਾਈਸ ਚਾਂਸਲਰ ਜੀ.ਐਨ.ਡੀ.ਯੂ ਅਤੇ ਡਾ. ਸਰਬਜਿੰਦਰ ਸਿੰਘ ਵਾਈਸ ਚਾਂਸਲਰ, ਸੰਨੀ ਓਬਰਾਏ ਵਿਵੇਕ ਸਦਨ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ।ਜਿਸ ਦੌਰਾਨ ਟਰੱਸਟੀ ਡਾ. ਸਤਨਾਮ ਸਿੰਘ ਨਿੱਜਰ, ਰਵਿੰਦਰ ਰੌਬਿਨ ਤੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਵੀ ਮੌਜ਼ੂਦ ਸਨ।
ਯੂਨੀਵਰਸਿਟੀ ਦੇ ਸਹਿਯੋਗ ਨਾਲ ਖੋਲ੍ਹੀ ਗਈ ਇਸ ਲੈਬਾਰਟਰੀ ਦੇ ਉਦਘਾਟਨ ਉਪਰੰਤ ਗੱਲਬਾਤ ਕਰਦਿਆਂ ਡਾ. ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਸਥਾਪਿਤ ਕੀਤੀ ਗਈ ਬਹੁਤ ਹੀ ਘੱਟ ਖ਼ਰਚੇ ਵਾਲੀ ਇਸ ਲੈਬਾਰਟਰੀ ਨਾਲ ਇਹ ਯੂਨੀਵਰਸਿਟੀ `ਚ ਪੜ੍ਹਨ ਵਾਲੇ 15 ਹਜ਼ਾਰ ਵਿਦਿਆਰਥੀਆਂ ਅਤੇ ਵੱਖ-ਵੱਖ ਵਿਭਾਗਾਂ `ਚ ਕੰਮ ਕਰਦੇ ਸੈਂਕੜੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਵੀ ਵੱਡੀ ਸਹੂਲਤ ਮਿਲੇਗੀ।ਉਨ੍ਹਾਂ ਦੱਸਿਆ ਕਿ ਟਰੱਸਟ ਯੂਨੀਵਰਸਿਟੀ ਦੇ ਆਸੇ-ਪਾਸੇ ਰਹਿਣ ਵਾਲੇ ਆਮ ਲੋਕਾਂ ਦੀ ਸਹੂਲਤ ਲਈ ਬਹੁਤ ਜਲਦ ਲੈਬ ਦੇ 2 ਕਲੈਕਸ਼ਨ ਸੈਂਟਰ ਵੀ ਖੋਲ੍ਹੇਗੀ।ਡਾ. ਓਬਰਾਏ ਅਨੁਸਾਰ ਟਰੱਸਟ ਵੱਲੋਂ 200 ਲੈਬੋਰਟਰੀਆਂ ਖੋਲ੍ਹਣ ਦੇ ਰੱਖੇ ਗਏ ਟੀਚੇ ਤਹਿਤ ਹੁਣ ਤੱਕ ਪੰਜਾਬ ਸਮੇਤ ਹੋਰਨਾਂ ਸੂਬਿਆਂ `ਚ 150 ਤੋਂ ਵਧੇਰੇ ਲੈਬਾਰਟਰੀਆਂ ਖੁੱਲ੍ਹ ਚੁੱਕੀਆਂ ਹਨ, ਜਿਨ੍ਹਾਂ ‘ਚ ਪਿੱਛਲੇ ਸਾਲ 27 ਲੱਖ ਤੋਂ ਵਧੇਰੇ ਲੋਕਾਂ ਨੇ ਕੇਵਲ ਲਾਗਤ ਦਰਾਂ `ਤੇ ਆਪਣੇ ਟੈਸਟ ਕਰਵਾ ਕੇ ਵੱਡਾ ਫ਼ਾਇਦਾ ਲਿਆ ਹੈ।
ਵਾਇਸ ਚਾਂਸਲਰ ਡਾ. ਕਰਮਜੀਤ ਸਿੰਘ ਅਤੇ ਸਰਬਜਿੰਦਰ ਸਿੰਘ ਨੇ ਡਾ. ਐਸ.ਪੀ ਸਿੰਘ ਓਬਰਾਏ ਵੱਲੋਂ ਪੰਜਾਬ ਸਮੇਤ ਹੋਰਨਾਂ ਸੂਬਿਆਂ `ਚ ਕੀਤੇ ਜਾ ਰਹੇ ਮਿਸਾਲੀ ਸੇਵਾ ਕਾਰਜ਼ਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਰਜਿਸਟਰਾਰ ਡਾ. ਕੇ.ਐਸ ਚਾਹਲ ਡੀਨ ਅਕਾਦਮਿਕ ਡਾ. ਹਰਵਿੰਦਰ ਸਿੰਘ, ਟਰੱਸਟ ਤੋਂ ਡਾ. ਦਲਜੀਤ ਸਿੰਘ ਗਿੱਲ, ਜਿਲ੍ਹਾ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ, ਜਿਲ੍ਹਾ ਜਨਰਲ ਸਕੱਤਰ ਮਨਪ੍ਰੀਤ ਸੰਧੂ, ਨਵਜੀਤ ਸਿੰਘ ਘਈ, ਜਗਦੇਵ ਸਿੰਘ ਛੀਨਾ, ਮਨਪ੍ਰੀਤ ਸਿੰਘ ਕੰਬੋ, ਡਾਇਰੈਕਟਰ ਲੋਕ ਸੰਪਰਕ ਪ੍ਰਵੀਨ ਪੁਰੀ, ਡਾ. ਹਰਪ੍ਰੀਤ ਕੌਰ, ਡਾ. ਪਵਨ ਸ਼ਰਮਾ, ਡਾ. ਕਿਰਨਦੀਪ ਕੌਰ, ਪ੍ਰਧਾਨ ਨਾਨ ਟੀਚਿੰਗ ਐਸੋ, ਹਰਦੀਪ ਸਿੰਘ ਨਾਗਰਾ, ਪ੍ਰਧਾਨ ਆਫ਼ੀਸਰ ਐਸੋ. ਮਨਪ੍ਰੀਤ ਸਿੰਘ, ਰਾਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
Punjab Post Daily Online Newspaper & Print Media