ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭਗਵਾਨ ਵਾਲਮੀਕਿ ਤੀਰਥ ਸਥੱਲ ਦੇ ਵਿਕਾਸ ਲਈ 17 ਕਰੋੜ 72 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ।ਇਨ੍ਹਾਂ ਵਿਕਾਸ ਕਾਰਜਾਂ ਦਾ ਉਦਘਾਟਨ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਅਤੇ ਭਗਵਾਨ ਵਾਲਮੀਕਿ ਜੀ ਤੀਰਥ ਸਥਲ ਸ਼ਰਾਇਨ ਬੋਰਡ ਦੇ ਐਡਵਾਈਜ਼ਰੀ ਬੋਰਡ ਦੇ ਚੇਅਰਮੈਨ ਬਾਲ ਜੋਗੀ ਪ੍ਰਗਟ ਨਾਥ ਵੱਲੋਂ ਸਾਂਝੇ ਤੌਰ `ਤੇ ਕੀਤਾ ਗਿਆ।
ਭਗਵਾਨ ਵਾਲਮੀਕਿ ਜੀ ਤੀਰਥ ਸਥਲ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦੇ ਹੋਏ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਸ ਪਾਵਨ ਅਸਥਾਨ ਦੇ ਵਿਕਾਸ ਵਿੱਚ ਕੋਈ ਕਮੀਂ ਨਹੀਂ ਛੱਡੀ ਜਾਵੇਗੀ।ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਵੱਲੋਂ ਦਰਸਾਏ ਪਿਆਰ, ਤਿਆਗ ਤੇ ਦੀਨ ਦੁਖੀਆਂ ਦੀ ਸੇਵਾ ਦੇ ਰਸਤੇ ਨੂੰ ਅਪਣਾ ਕੇ ਇਕ ਬੇਹਤਰ ਸਮਾਜ ਦੀ ਸਿਰਜਣਾ ਕਰਨ ਦਾ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਹੈ।ਆਦਿ ਕਵੀ ਭਗਵਾਨ ਵਾਲਮੀਕਿ ਜੀ ਦੀ ਅਮਰ ਰਚਨਾ ਮਹਾਨ ਮਹਾਕਾਵਿ ਰਮਾਇਣ ਰਹਿੰਦੀ ਦੁਨੀਆਂ ਤੱਕ ਲੋਕਾਈ ਨੂੰ ਸੱਚ ਦਾ ਰਾਹ ਦਿਖਾਉਂਦੀ ਰਹੇਗੀ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਇਹ ਪਹਿਲੀ ਸਰਕਾਰ ਹੈ, ਜੋ ਦੱਬੇ ਕੁਚਲੇ ਲੋਕਾਂ ਦੇ ਭਲੇ ਲਈ ਕੰਮ ਕਰ ਰਹੀ ਹੈ ਅਤੇ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦੇ ਤੀਰਥ ਸਥੱਲ ਦੇ ਵਿਕਾਸ ਲਈ ਪੱਬਾਂ ਭਾਰ ਹੈ।
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਭਗਵਾਨ ਵਾਲਮੀਕਿ ਜੀ ਤੀਰਥ ਸਥੱਲ ਦੇ ਵਿਕਾਸ ਲਈ 17.72 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ।2.8 ਕਰੋੜ ਰੁਪਏ ਦੀ ਲਾਗਤ ਨਾਲ ਮੁੱਖ ਮੰਦਿਰ ਦੀ ਪਂੇਟਿੰਗ/ਪਾਲਿਸਿੰਗ ਦਾ ਕੰਮ, ਮੰਦਿਰ ਨੂੰ ਜਾਂਦੇ ਰਸਤੇ ਦੇ ਪਿੱਲਰਾਂ ਦੀ ਮੁਰੰਮਤ ਦਾ ਕੰਮ, ਸੈਂਡ ਸਟੋਨ ਪੱਥਰ ਦੀ ਸਿਲੀਕਾਨ ਕਟਿੰਗ ਦਾ ਕੰਮ ਕੀਤਾ ਜਾਵੇਗਾ।3.74 ਕਰੋੜ ਰੁਪਏ ਦੀ ਲਾਗਤ ਨਾਲ ਪਵਿੱਤਰ ਸਰੋਵਰ ਦੀ ਸਾਫ ਸਫਾਈ ਜਿਸ ਵਿੱਚ ਸਰੋਵਰ ਵਿੱਚੋਂ ਗਾਰ ਕੱਢਣੀ, ਸਾਫ ਰੇਤ ਪਾਉਣੀ ਅਤੇ ਹੋਰ ਵਿਕਾਸ ਕਾਰਜ਼ ਕੀਤੇ ਜਾਣਗੇ।2.42 ਕਰੋੜ ਰੁਪਏ ਦੀ ਲਾਗਤ ਨਾਲ ਸੰਗਤ ਹਾਲ ਦੇ ਪੱਥਰ ਦੀ ਰਿਪੇਅਰ, ਲੰਗਰ ਹਾਲ, ਸਰਾਂ, ਪੈਨੋਰਮਾ ਸਥਿਤ ਹਾਲ ਦੇ ਪੇਂਟ ਦਾ ਕੰਮ ਕੀਤਾ ਜਾਵੇਗਾ।ਕਰੀਬ 1.74 ਕਰੋੜ ਰੁਪਏ ਦੀ ਲਾਗਤ ਨਾਲ ਸ਼ਰਧਾਲੂਆਂ ਲਈ ਸਰਾਂ ਵਿੱਚ ਨਵਾਂ ਫਰਨੀਚਰ, ਏ:ਸੀ ਅਤੇ ਹੋਰ ਕੰਮ ਕਰਵਾਏ ਜਾਣਗੇ।ਇਸ ਤੋਂ ਇਲਾਵਾ ਐਸ.ਟੀ.ਪੀ ਦੀ ਸਮਰਥਾ ਨੂੰ ਵਧਾਉਣਾ, ਸਾਰੇ ਬਾਥਰੂਮਾਂ ਦੀ ਮੁਰੰਮਤ, ਨਵੇਂ ਏ.ਸੀ ਤੇ ਗੀਜਰ, ਫਾਇਰ ਸੇਫਟੀ ਸਿਸਟਮ ਆਦਿ ਦੇ ਕੰਮ ਵੀ ਕਰਵਾਏ ਜਾਣਗੇ ਜਿਸ `ਤੇ ਲਗਭਗ 5 ਕਰੋੜ ਤੋਂ ਵਧੇਰੇ ਰਾਸ਼ੀ ਖਰਚ ਹੋਵੇਗੀ।ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਤੀਰਥ ਸਥੱਲ ਦੇ ਵਿਕਾਸ ਕਾਰਜਾਂ ਲਈ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ।
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਕਤੂਬਰ 2026 ਵਿੱਚ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਵੱਡੇ ਪੱਧਰ `ਤੇ ਮਨਾਇਆ ਜਾਵੇਗਾ, ਜਿਸ ਵਿੱਚ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤਾਂ ਪੁੱਜਣਗੀਆਂ।ਉਨ੍ਹਾਂ ਕਿਹਾ ਕਿ ਇਹ ਸਾਰੇ ਵਿਕਾਸ ਕਾਰਜ ਸਮਾਂ ਰਹਿੰਦੇ ਮੁਕੰਮਲ ਕਰ ਲਏ ਜਾਣਗੇ।ਭਗਵਾਨ ਵਾਲਮੀਕਿ ਜੀ ਤੀਰਥ ਸਥੱਲ ਸ਼ਰਾਇਨ ਬੋਰਡ ਦੇ ਐਡਵਾਈਜਰੀ ਬੋਰਡ ਦੇ ਚੇਅਰਮੈਨ ਬਾਲ ਜੋਗੀ ਪ੍ਰਗਟ ਨਾਥ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਜੋ ਸੇਵਾ ਦਿੱਤੀ ਗਈ ਹੈ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ, ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਨਸ਼ਾ ਮੁਕਤੀ ਮੋਰਚਾ ਦੀ ਮਾਝਾ ਕੋਆਰਡੀਨੇਟਰ ਮੈਡਮ ਸੋਨੀਆ ਮਾਨ, ਮਾਝਾ ਜੋਨ ਦੇ ਸਕੱਤਰ ਰਵਿੰਦਰ ਹੰਸ, ਜ਼ਿਲ੍ਹਾ ਪ੍ਰਧਾਨ ਐਸ.ਸੀ ਵਿੰਗ ਡਾ. ਇੰਦਰਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ ਰੁਪਿੰਦਰਪਾਲ ਸਿੰਘ, ਜਨਰਲ ਮੈਨੇਜਰ ਮਧੁਰ ਭਾਟੀਆ, ਪਵਨ ਦਰਾਵਿੜ, ਕੁਮਾਰ ਦਰਸ਼ਨ, ਐਸ.ਡੀ.ਐਮ ਮਨਵੀਰ ਸਿੰਘ ਢਿੱਲੋਂ, ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੈ ਦਾਨਵ, ਚੇਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਚੰਦਨ ਗਰੇਵਾਲ, ਸੈਰ ਸਪਾਟਾ ਅਧਿਕਾਰੀ ਸੁਖਮਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਹਾਜਰ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ‘ਈਕੋ ਵਿਜ਼ਨਰੀ ਲੀਡਰਸ਼ਿਪ ਅਵਾਰਡ 2026’ ਨਾਲ ਸਨਮਾਨਿਤ
ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ …
Punjab Post Daily Online Newspaper & Print Media