ਅੰਮ੍ਰਿਤਸਰ, 23 ਮਈ (ਸੁਖਬੀਰ ਸਿੰਘ ਖੁਰਮਣੀਆਂ) – ਅੱਜ ਦੇ ਸਮੇਂ ‘ਚ ਜਦੋਂ ਬਨਸਪਤੀ, ਜੰਗਲ ਅਤੇ ਜੀਵ-ਜੰਤੂਆਂ ਦੀਆਂ ਕਈ ਕਿਸਮਾਂ ਖਤਰੇ ਹੇਠ ਹਨ, ਅਜਿਹੇ
ਵਿੱਚ ਯੂਨੀਵਰਸਿਟੀ ਵੱਲੋਂ ਨੌਜਵਾਨ ਪੀੜ੍ਹੀ ਨੂੰ ਵਾਤਾਵਰਣ ਪ੍ਰਤੀ ਜਿੰਮੇਵਾਰ ਬਣਾਉਣ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਮਹੱਤਵਪੂਰਨ ਸਾਬਤ ਹੋ ਰਹੀਆਂ ਹਨ।ਇਸੇ ਤਹਿਤ ਯੂਨੀਵਰਸਿਟੀ ਦੇ ਬੋਟੈਨਿਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ ਵੱਲੋਂ ਪੰਜਾਬ ਬਾਇਓਡਾਈਵਰਸਿਟੀ ਬੋਰਡ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ 2026 ਮੌਕੇ “ਜੈਵਿਕ ਵਿਭਿੰਨਤਾ ਦੀ ਸੰਭਾਲ” ਵਿਸ਼ੇ ‘ਤੇ ਵਿਸ਼ੇਸ਼ ਅਕਾਦਮਿਕ ਲੈਕਚਰ ਕਰਵਾਇਆ ਗਿਆ।
ਇਹ ਸਮਾਗਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ, ਜਦਕਿ ਇਸ ਨੂੰ ਭਾਰਤ ਸਰਕਾਰ ਦੀ ਨੈਸ਼ਨਲ ਬਾਇਓਡਾਈਵਰਸਿਟੀ ਅਥਾਰਟੀ ਵੱਲੋਂ ਸਹਿਯੋਗ ਪ੍ਰਾਪਤ ਸੀ। ਸਮਾਗਮ ਦਾ ਥੀਮ “ਸਥਾਨਕ ਪੱਧਰ ‘ਤੇ ਉਪਰਾਲਿਆਂ ਦਾ ਵਿਸ਼ਵ ਪੱਧਰ ‘ਤੇ ਪ੍ਰਭਾਵ” ਰੱਖਿਆ ਗਿਆ, ਜਿਸ ਰਾਹੀਂ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਵਾਤਾਵਰਣ ਦੀ ਰੱਖਿਆ ਲਈ ਛੋਟੇ-ਛੋਟੇ ਯਤਨ ਵੀ ਵੱਡਾ ਬਦਲਾਅ ਲਿਆ ਸਕਦੇ ਹਨ।
ਵਿਭਾਗ ਮੁਖੀ ਪ੍ਰੋ. ਰਾਜਿੰਦਰ ਕੌਰ ਨੇ ਸਵਾਗਤੀ ਭਾਸ਼ਣ ਦਿੰਦਿਆਂ ਜੈਵਿਕ ਵਿਭਿੰਨਤਾ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਅਤੇ ਮੁੱਖ ਵਕਤਾ ਪ੍ਰੋ. (ਡਾ.) ਸਰੋਜ ਅਰੋੜਾ ਨੇ ਆਪਣੇ ਲੈਕਚਰ ਦੌਰਾਨ ਕਿਹਾ ਕਿ ਮਨੁੱਖੀ ਦਖ਼ਲਅੰਦਾਜ਼ੀ ਕਾਰਨ ਪ੍ਰਕਿਰਤੀ ਦਾ ਸੰਤੁਲਨ ਲਗਾਤਾਰ ਪ੍ਰਭਾਵਿਤ ਹੋ ਰਿਹਾ ਹੈ, ਜਿਸ ਨੂੰ ਬਚਾਉਣ ਲਈ ਹਰ ਵਿਅਕਤੀ ਨੂੰ ਆਪਣੀ ਭੂਮਿਕਾ ਨਿਭਾਉਣੀ ਹੋਵੇਗੀ।ਉਨ੍ਹਾਂ ਨੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਵਾਤਾਵਰਣ ਪ੍ਰਤੀ ਸੰਵੇਦਨਸ਼ੀਲ ਬਣਨ ਦੀ ਅਪੀਲ ਕੀਤੀ।
ਸਮਾਗਮ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਬਕਾ ਚੇਅਰਮੈਨ ਪ੍ਰੋ. ਆਦਰਸ਼ ਪਾਲ ਵਿਜ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਜੈਵਿਕ ਵਿਭਿੰਨਤਾ ਦੀ ਰੱਖਿਆ ਸਿਰਫ਼ ਸਰਕਾਰਾਂ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜਿੰਮੇਵਾਰੀ ਹੈ।
ਇਸ ਮੌਕੇ ਪ੍ਰੋ. ਸਤਵਿੰਦਰਜੀਤ ਕੌਰ, ਪ੍ਰੋ. ਜਤਿੰਦਰ ਕੌਰ, ਡਾ. ਨਿਤਿਕਾ ਕਪੂਰ, ਡਾ. ਮਯੰਕਧਰ ਦਿਵੇਦੀ, ਡਾ. ਮਹਿਕ ਤਨੇਜਾ, ਡਾ. ਕਿਰਨਦੀਪ ਧਾਮੀ ਸਮੇਤ ਵੱਡੀ ਗਿਣਤੀ ‘ਚ ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਹਾਜ਼ਰ ਸਨ।
Punjab Post Daily Online Newspaper & Print Media