ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਵੱਲੋਂ ਵਾਈਸ ਚਾਂਸਲਰ ਪ੍ਰੋ.
(ਡਾ.) ਕਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਅਤੇ ਰੂਸਾ 2.0 ਦੇ ਸਹਿਯੋਗ ਨਾਲ “ਸਿੱਖਿਆ ਪੱਧਤੀ ਅਤੇ ਖੋਜ ਵਿੱਚ ਏ.ਆਈ” ਵਿਸ਼ੇ ‘ਤੇ ਦੋ ਰੋਜ਼ਾ ਰਿਫਰੈਸ਼ਰ ਪ੍ਰੋਗਰਾਮ ਦੀ ਆਰੰਭਤਾ ਕੀਤੀ ਗਈ।ਪ੍ਰੋਗਰਾਮ ਦਾ ਮਕਸਦ ਅਧਿਆਪਕਾਂ ਅਤੇ ਖੋਜਾਰਥੀਆਂ ਨੂੰ ਆਰਟੀਫ਼ੀਸ਼ਲ ਇੰਟੈਲੀਜੈਂਸ ਦੇ ਸਹੀ ਅਤੇ ਪ੍ਰਭਾਵਸ਼ਾਲੀ ਇਸਤੇਮਾਲ ਬਾਰੇ ਜਾਗਰੂਕ ਕਰਨਾ ਹੈ, ਤਾਂ ਜੋ ਸਿੱਖਿਆ ਅਤੇ ਖੋਜ ਦੀ ਗੁਣਵੱਤਾ ਨੂੰ ਹੋਰ ਉਚਾ ਕੀਤਾ ਜਾ ਸਕੇ।ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ।ਉਦਘਾਟਨੀ ਸਮਾਗਮ ਦੇ ਮੁੱਖ ਮਹਿਮਾਨ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਹਰਵਿੰਦਰ ਸਿੰਘ ਸੈਣੀ ਨੇ ਹਾਜ਼ਰ ਅਧਿਆਪਕਾਂ ਅਤੇ ਖੋਜਾਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਮੌਜ਼ੂਦਾ ਸਮੇਂ ਵਿੱਚ ਏ.ਆਈ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਵੱਡੇ ਬਦਲਾਅ ਲੈ ਕੇ ਆ ਰਹੀ ਹੈ ਅਤੇ ਅਧਿਆਪਕਾਂ ਲਈ ਇਸ ਤਕਨਾਲੋਜੀ ਨੂੰ ਸਿੱਖਣਾ ਅਤੇ ਸਮਝਣਾ ਬਹੁਤ ਜ਼ਰੂਰੀ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਏ.ਆਈ ਨੂੰ ਅਪਣਾਉਂਦੇ ਹੋਏ ਮਨੁੱਖੀ ਬੁੱਧੀ ਅਤੇ ਸੰਵੇਦਨਸ਼ੀਲਤਾ ਨੂੰ ਕਾਇਮ ਰੱਖਣਾ ਵੀ ਸਮੇਂ ਦੀ ਲੋੜ ਹੈ।
ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਦੇ ਡਾਇਰੈਕਟਰ ਅਤੇ ਕੋਰਸ ਕੋਆਰਡੀਨੇਟਰ ਪ੍ਰੋ. ਬਲਵਿੰਦਰ ਸਿੰਘ ਨੇ ਸਵਾਗਤ ਕਰਦਿਆਂ ਕਿਹਾ ਕਿ ਏ.ਆਈ ਖੋਜ਼ ਦੇ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਲਿਆ ਰਹੀ ਹੈ, ਜਿਸ ਨਾਲ ਦੇਸ਼ ਵਿੱਚ ਖੋਜ਼ ਦੀ ਗੁਣਵੱਤਾ ਨੂੰ ਹੋਰ ਮਜ਼ਬੂਤੀ ਮਿਲੇਗੀ।ਉਨ੍ਹਾਂ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਵੱਲੋਂ ਯੂਨੀਵਰਸਿਟੀ ਵਿੱਚ ਏ.ਆਈ ਜਾਗਰੂਕਤਾ ਅਤੇ ਅਕਾਦਮਿਕ ਖੇਤਰਾਂ ਵਿੱਚ ਇਸ ਸਬੰਧੀ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਦੀ ਵੀ ਪ੍ਰਸ਼ੰਸਾ ਕੀਤੀ।ਡੀਨ ਫੈਕਲਟੀ ਆਫ਼ ਇਕਨਾਮਿਕਸ ਐਂਡ ਬਿਜ਼ਨਸ ਪ੍ਰੋ. (ਡਾ.) ਲਖਵਿੰਦਰ ਸਿੰਘ ਨੇ ਕਿਹਾ ਕਿ ਅਧਿਆਪਨ ਖੇਤਰ ਵਿੱਚ ਏ.ਆਈ ਦੀ ਭੂਮਿਕਾ ਹੁਣ ਅਟੱਲ ਬਣ ਚੁੱਕੀ ਹੈ।ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਦੀ ਡਿਪਟੀ ਡਾਇਰੈਕਟਰ ਡਾ. ਰੇਖਾ ਹਾਂਡਾ ਨੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਸਵਾਗਤ ਕਰਦਿਆਂ ਮਾਲਵੀਆ ਮਿਸ਼ਨ ਟ੍ਰੇਨਿੰਗ ਮੁਹਿੰਮ ਦੇ ਮਕਸਦ ਅਤੇ ਐਮ.ਐਮ.ਟੀ.ਟੀ.ਸੀ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ।ਉਨ੍ਹਾਂ ਨੇ ਦੋ ਰੋਜ਼ਾ ਪ੍ਰੋਗਰਾਮ ਲਈ ਸੱਦੇ ਗਏ ਵਿਸ਼ੇਸ਼ ਵਿਦਵਾਨਾਂ ਪ੍ਰੋ. ਤੇਜਿੰਦਰ ਪਾਲ ਸਿੰਘ ਅਤੇ ਡਾ. ਹਰਮੀਤ ਕੌਰ ਕੰਗ ਦਾ ਵੀ ਸਵਾਗਤ ਕੀਤਾ।
Punjab Post Daily Online Newspaper & Print Media