ਅੰਮ੍ਰਿਤਸਰ, 16 ਜੂਨ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਐਸ.ਆਈ.ਆਰ (ਸਪੈਸ਼ਲ ਇੰਟੈਂਨਸਿਵ ਰਵੀਜ਼ਨ) ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ ਨੂੰ ਸੁਚਾਰੂ ਅਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਦੇ ਮਕਸਦ ਨਾਲ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉੱਤਰੀ ਵਿਖੇ ਇੱਕ ਵਿਸ਼ੇਸ਼ ਟ੍ਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ।ਇਹ ਟ੍ਰੇਨਿੰਗ ਚੋਣ ਰਜਿਸਟ੍ਰੇਸ਼ਨ ਅਫ਼ਸਰ (ਈ.ਆਰ.ਓ) ਸ੍ਰੀਮਤੀ ਇਨਾਇਤ ਪੀ.ਸੀ.ਐਸ ਦੀ ਯੋਗ ਅਗਵਾਈ ਹੇਠ ਸਫ਼ਲਤਾਪੂਰਵਕ ਸੰਪਨ ਹੋਈ।ਕੈਂਪ ਦੌਰਾਨ ਹਲਕੇ ਦੇ 204 ਬੀ.ਐਲ.ਓਜ਼ ਅਤੇ 21 ਸੁਪਰਵਾਈਜ਼ਰਾਂ ਨੇ ਭਾਗ ਲਿਆ।ਟ੍ਰੇਨਿੰਗ ਦੌਰਾਨ ਤਕਨੀਕੀ ਅਤੇ ਪ੍ਰਸ਼ਾਸਨਿਕ ਜਾਣਕਾਰੀ ਸਾਂਝੀ ਕਰਨ ਵਿੱਚ ਚੋਣ ਕਾਨੂੰਨਗੋ ਵਰਿੰਦਰ ਕੁਮਾਰ ਵੱਲੋਂ ਅਹਿਮ ਸਹਿਯੋਗ ਦਿੱਤਾ ਗਿਆ।
ਈ.ਆਰ.ਓ ਸ੍ਰੀਮਤੀ ਇਨਾਇਤ ਪੀ.ਸੀ.ਐਸ ਨੇ ਸਮੂਹ ਸਟਾਫ਼ ਨੂੰ ਵਿਸ਼ੇਸ਼ ਸਰਸਰੀ ਸੁਧਾਈ ਤਹਿਤ ਨਵੀਆਂ ਵੋਟਾਂ ਬਣਾਉਣ (ਫਾਰਮ ਨੰ. 6), ਵੋਟਾਂ ਕੱਟਣ (ਫਾਰਮ ਨੰ. 7) ਅਤੇ ਵੋਟਰ ਸੂਚੀ ਵਿੱਚ ਸੋਧ/ਬਦਲੀ (ਫਾਰਮ ਨੰ. 8) ਕਰਨ ਸਬੰਧੀ ਚੋਣ ਕਮਿਸ਼ਨ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਤੋਂ ਜਾਣੂ ਕਰਵਾਇਆ।
ਸਹੀ ਤਰੀਕੇ ਨਾਲ ਗਣਨਾ ਫਾਰਮ ਭਰਨ ਅਤੇ ਘਰ-ਘਰ ਜਾ ਕੇ ਵੋਟਰਾਂ ਦੀ ਸਹੀ ਗਣਨਾ ਕਰਨ ਦੇ ਨਿਯਮਾਂ ਬਾਰੇ ਦੱਸਿਆ ਗਿਆ।ਇਸ ਦੇ ਨਾਲ ਹੀ, ਯੋਗ ਵੋਟਰਾਂ ਵੱਲੋਂ ਦਿੱਤੇ ਜਾਣ ਵਾਲੇ (ਘੋਸ਼ਣਾ ਪੱਤਰਾਂ) ਦੀ ਮਹੱਤਤਾ ਅਤੇ ਉਨ੍ਹਾਂ ਦੀ ਬਾਰੀਕੀ ਨਾਲ ਜਾਂਚ ਕਰਨ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ, ਤਾਂ ਜੋ ਕੋਈ ਵੀ ਫਾਰਮ ਅਧੂਰਾ ਨਾ ਰਹੇ।
ਤਕਨੀਕੀ ਸਿਖਲਾਈ ਦਿੰਦਿਆਂ ਏ.ਐਲ.ਐਮ.ਟੀ ਅਮਨਿੰਦਰਜੀਤ ਕੋਹਲੀ, ਕਾਨੂੰਗੋ ਅਤੇ ਟੈਕਨੀਕਲ ਟੀਮ ਨੇ ਬੀ.ਐਲ.ਓਜ਼ ਨੂੰ ਐਸ.ਆਈ.ਆਰ ਦੇ ਕੰਮ ਨੂੰ ਡਿਜ਼ੀਟਲ ਤਰੀਕੇ ਨਾਲ ਕਰਨ ਲਈ ਮੋਬਾਈਲ ਐਪਲੀਕੇਸ਼ਨਾਂ ਦੀ ਸਹੀ ਵਰਤੋਂ ਬਾਰੇ ਬਾਰੀਕੀ ਨਾਲ ਸਿਖਲਾਈ ਦਿੱਤੀ, ਤਾਂ ਜੋ ਫੀਲਡ ਦਾ ਡਾਟਾ ਅਤੇ ਇਹ ਫਾਰਮ ਬਿਨਾਂ ਕਿਸੇ ਤਰੁੱਟੀ ਦੇ ਅਪਲੋਡ ਕੀਤੇ ਜਾ ਸਕਣ।
ਅਧਿਕਾਰੀਆਂ ਵਲੋਂ ਸਟਾਫ਼ ਨੂੰ ਹਦਾਇਤ ਕੀਤੀ ਗਈ ਕਿ ਐਸ.ਆਈ.ਆਰ ਦੌਰਾਨ ਕੋਈ ਵੀ ਯੋਗ ਨਾਗਰਿਕ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ ਅਤੇ ਵੋਟਰ ਸੂਚੀ ਨੂੰ ਪੂਰੀ ਤਰ੍ਹਾਂ ਸ਼ੁੱਧ ਅਤੇ ਤਰੁੱਟੀ-ਰਹਿਤ ਬਣਾਇਆ ਜਾਵੇ।
Punjab Post Daily Online Newspaper & Print Media