ਅੰਮ੍ਰਿਤਸਰ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਕੌਮਾਂਤਰੀ ਯੋਗਾ ਦਿਵਸ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ) – 12ਵੇਂ ਕੌਮਾਂਤਰੀ ਯੋਗ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪ੍ਰਸ਼ਾਸ਼ਨ ਅੰਮ੍ਰਿਤਸਰ ਦੀ ਅਗਵਾਈ ਹੇਠ ਜ਼ਿਲ੍ਹਾ ਆਯੁਰਵੈਦਿਕ ਤੇ
ਯੂਨਾਨੀ ਵਿਭਾਗ ਵਲੋਂ ਅੱਜ ਵਿਸ਼ੇਸ਼ ਜ਼ਿਲ੍ਹਾ ਪੱਧਰੀ ਯੋਗ ਸਮਾਗਮ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਇਆ ਗਿਆ।ਇਸ ਯੋਗ ਸਮਾਗਮ ਵਿੱਚ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ, ਵਧੀਕ ਡਿਪਟੀ ਕਮਿਸਨਰ (ਸ਼ਹਿਰੀ ਵਿਕਾਸ) ਰੁਪਿੰਦਰਪਾਲ ਸਿੰਘ, ਐਸ.ਡੀ.ਐਮ ਮੈਡਮ ਅਲਕਾ ਕਾਲੀਆ, ਸਹਾਇਕ ਸਿਵਲ ਸਰਜਨ ਮੈਡਮ ਰਜਿੰਦਰਪਾਲ ਕੌਰ, ਜ਼ਿਲ੍ਹਾ ਆਯੂਰਵੈਦਿਕ ਅਫਸਰ ਡਾ. ਦਿਨੇਸ਼ ਕੁਮਾਰ, ਜ਼ਿਲ੍ਹਾ ਸਿੱਖਿਆ ਅਫਸਰ ਕੰਵਲਜੀਤ ਸਿੰਘ, ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸੈਮਸਨ ਮਸੀਹ ਤੋਂ ਇਲਾਵਾ 1500 ਤੋਂ ਵੱਧ ਸ਼ਹਿਰੀਆਂ ਨੇ ਇਕੱਠੇ ਯੋਗ ਅਭਿਆਸ ਕੀਤਾ।
ਇਸ ਯੋਗਾ ਸੈਸ਼ਨ ਵਿੱਚ ਸੀ.ਐਮ ਦੀ ਯੋਗਸ਼ਾਲਾ ਦੇ ਮਾਹਿਰਾਂ ਵਲੋਂ ਸਰੀਰ ਨੂੰ ਚੁਸਤ ਅਤੇ ਤੰਦਰੁਸਤ ਰੱਖਣ ਲਈ ਕਈ ਆਸਨ ਜਿਵੇਂ ਤਾੜ ਆਸਨ, ਵਰਿਕਸ਼ ਆਸਨ, ਅਰਧ ਚੱਕਰ ਆਸਨ, ਵਕਰ ਆਸਨ, ਵਜਰ ਆਸਨ, ਊਸ਼ਟਰ ਆਸਨ, ਪਵਨ ਮੁਕਤ ਆਸਨ ਆਦਿ ਕਈ ਆਸਨ ਕਰਵਾਉਣ ਉਪਰੰਤ ਪ੍ਰਾਣਾਯਾਮ ਅਤੇ ਧਿਆਨ ਕਰਵਾਇਆ ਗਿਆ।
ਕੌਮਾਂਤਰੀ ਯੋਗਾ ਦਿਵਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਕਿਹਾ ਕਿ ਅਸੀਂ ਯੋਗ ਨੂੰ ਆਪਣੀ ਰੋਜ਼ਾਨਾਂ ਜ਼ਿੰਦਗੀ ਦਾ ਹਿੱਸਾ ਬਣਾ ਕੇ ਖੁਸ਼ਹਾਲ ਤੇ ਸਿਹਤਮੰਦ ਜੀਵਨ ਬਸਰ ਕਰ ਸਕਦੇ ਹਾਂ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੀਐੱਮ ਯੋਗਸ਼ਾਲਾ ਵੀ ਇਸੇ ਮਕਸਦ ਨਾਲ ਚਲਾਈ ਜਾ ਰਹੀ ਹੈ।ਉਨਾਂ ਨੇ ਲੋਕਾਂ ਨੂੰ ਅਪੀਲ਼ ਕਰਦਿਆ ਕਿਹਾ ਕਿ ਉਹ ਜੰਕ ਫੂਡ ਤੋ ਪਰਹੇਜ਼ ਕਰਨ।
ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਰੁਪਿੰਦਰ ਪਾਲ ਸਿੰਘ ਨੇ ਕਿਹਾ ਕਿ ਯੋਗਾ ਸਾਡੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਹੈ ਅਤੇ ਅਜੋਕੀ ਜੀਵਨ ਜਾਚ ਦੌਰਾਨ ਜਦੋਂ ਸਰੀਰਿਕ ਕੰਮ ਘੱਟ ਗਏ ਹਨ ਇਸ ਲਈ ਇਸ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ।ਉਨਾਂ ਨੇ ਦੱਸਿਆ ਕਿ ਸੀ.ਐਮ ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ 600 ਮੁਫਤ ਯੋਗਾ ਕਲਾਸਾਂ ਰੋਜ਼ਾਨਾਂ ਸਵੇਰੇ ਤੇ ਸ਼ਾਮ ਚੱਲ ਰਹੀਆ ਹਨ ਅਤੇ 63 ਯੋਗ ਟ੍ਰੇਨਰ ਤੇ 163 ਟਰੇਨਰ ਵਿਦਿਆਰਥੀ ਨਿਯੁੱਕਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲਾਸਾਂ ਵਿੱਚੋਂ 350 ਕਲਾਸਾਂ ਸ਼ਹਿਰੀ ਖੇਤਰ ਅਤੇ ਕਰੀਬ 250 ਕਲਾਸਾਂ ਦਿਹਾਤੀ ਖੇਤਰ ਵਿੱਚ ਚੱਲ ਰਹੀਆਂ ਹਨ।ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਯੋਗ ਦੀਆਂ ਕਲਾਸਾਂ ਲਈ ਲੋਕ 76694-00500 ਨੰਬਰ ਤੇ ਮਿਸਡ ਕਾਲ ਕਰਕੇ ਸੀ ਐਮ ਯੋਗਸ਼ਾਲਾ ਨਾਲ ਜੁੜ ਸਕਦੇ ਹਨ।
ਦੱਸਣਯੋਗ ਹੈ ਕਿ ਅਜ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ‘ਤੇ ਯੋਗ ਦਿਵਸ ਮੌਕੇ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ।
ਇਸ ਮੌਕੇ ਯੋਗ ਕੁਆਰਡੀਨੇਟਰ ਹਰਮਨਦੀਪ ਸਿੰਘ ਵੀ ਹਾਜਰ ਸਨ।
Punjab Post Daily Online Newspaper & Print Media