ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ) – ਕੇਂਦਰੀ ਸਿੱਖਿਆ ਮੰਤਰਾਲੇ ਨੇ ’ਨੈਸ਼ਨਲ ਐਵਾਰਡ ਫਾਰ ਟੀਚਰਜ਼ 2026’ (ਅਧਿਆਪਕਾਂ ਲਈ ਰਾਸ਼ਟਰੀ ਪੁਰਸਕਾਰ)
ਵਾਸਤੇ ਆਨਲਾਈਨ ਅਰਜ਼ੀਆਂ ਮੰਗੀਆਂ ਹਨ।ਇਹ ਪੁਰਸਕਾਰ ਦੇਸ਼ ਵਿੱਚ ਅਧਿਆਪਕਾਂ ਨੂੰ ਦਿੱਤੇ ਜਾਣ ਵਾਲੇ ਸਰਵਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਹੈ।ਇਹ ਪੁਰਸਕਾਰ ਉਨ੍ਹਾਂ ਅਧਿਆਪਕਾਂ ਨੂੰ ਮਾਨਤਾ ਦਿੰਦਾ ਅਤੇ ਸਨਮਾਨ ਕਰਦਾ ਹੈ ਜਿਨ੍ਹਾਂ ਨੇ ਸਕੂਲ ਸਿੱਖਿਆ ਰਾਹੀਂ ਦੇਸ਼ ਦੇ ਭਵਿੱਖ ਨੂੰ ਦਿਸ਼ਾ ਦੇਣ ਵਿੱਚ ਬੇਮਿਸਾਲ ਉੱਤਮਤਾ, ਨਵੀਨਤਾ (ਇਨੋਵੇਸ਼ਨ) ਅਤੇ ਅਟੁੱਟ ਸਮਰਪਣ ਦਾ ਪ੍ਰਦਰਸ਼ਨ ਕੀਤਾ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਅੰਮ੍ਰਿਤਸਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਰਾਜ ਦੇ ਚਾਹਵਾਨ ਅਧਿਆਪਕ ਇਸ ਐਵਾਰਡ ਲਈ <http://nationalawardstoteachers.education.gov.in> ਉਤੇ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ, ਜਿਸ ਲਈ ਸਾਰੇ ਰੈਗੂਲਰ ਅਧਿਆਪਕ, ਸਕੂਲ ਮੁਖੀ/ਇੰਚਾਰਜ਼ ਯੋਗ ਹਨ। ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 10 ਜੁਲਾਈ 2026 ਹੈ।
ਉਨ੍ਹਾਂ ਦੱਸਿਆ ਕਿ 10 ਜੁਲਾਈ ਤੋਂ ਬਾਅਦ ਜ਼ਿਲ੍ਹਾ ਚੋਣ ਕਮੇਟੀ ਉਮੀਦਵਾਰਾਂ ਦੀ ਸਕ੍ਰੀਨਿੰਗ ਕਰੇਗੀ।ਇਸ ਤੋਂ ਬਾਅਦ ਰਾਜ ਚੋਣ ਕਮੇਟੀ ਸ਼ਾਰਟਲਿਸਟ ਕੀਤੇ ਯੋਗ ਅਧਿਆਪਕਾਂ ਦੀ ਅੱਗੇ ਫਿਰ ਸਕ੍ਰੀਨਿੰਗ ਕਰੇਗੀ ਅਤੇ 31 ਜੁਲਾਈ, 2026 ਤੱਕ ਸੁਤੰਤਰ ਰਾਸ਼ਟਰੀ ਜਿਊਰੀ (ਇੰਡੀਪੈਂਡੈਂਟ ਨੈਸ਼ਨਲ ਜਿਊਰੀ) ਨੂੰ 6 ਨਾਮਜ਼ਦਗੀਆਂ ਭੇਜੇਗੀ।ਇਹ ਜਿਊਰੀ ਰਾਜ ਦੇ ਨਾਮਜ਼ਦ ਉਮੀਦਵਾਰਾਂ ਵਿੱਚੋਂ ਅੰਤਿਮ ਜੇਤੂਆਂ ਦੀ ਚੋਣ ਕਰੇਗੀ।
ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਸੁਤੰਤਰ ਰਾਸ਼ਟਰੀ ਜਿਊਰੀ ਦੇ ਸਾਹਮਣੇ ਆਪਣੇ ਕੰਮ, ਪ੍ਰਾਪਤੀਆਂ ਅਤੇ ਅਧਿਆਪਨ ਦੇ ਨਵੀਨ ਢੰਗ-ਤਰੀਕਿਆਂ (ਅਧਿਆਪਨ ਅਭਿਆਸਾਂ) ਨੂੰ ਪੇਸ਼ ਕਰਨ ਲਈ ਸੱਦਾ ਦਿੱਤਾ ਜਾਵੇਗਾ।ਅਖੀਰ ਵਿੱਚ ਇੱਕ ਵਿਆਪਕ ਮੁਲਾਂਕਣ ਮੈਟਰਿਕਸ ਦੇ ਅਧਾਰ ’ਤੇ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਅਧਿਆਪਕ ਨੂੰ ਰਾਸ਼ਟਰੀ ਪੁਰਸਕਾਰ ਲਈ ਚੁਣਿਆ ਜਾਵੇਗਾ।
Check Also
ਵਿਧਾਇਕ ਡਾ. ਗੁਪਤਾ ਨੇ ਕ੍ਰਿਕਟ ਪ੍ਰੇਮੀਆਂ ਲਈ ਮਿੰਨੀ ਗਰਾਊਂਡ ਦੇ ਨਿਰਮਾਣ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 1 ਜੁਲਾਈ (ਜਗਦੀਪ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ …
Punjab Post Daily Online Newspaper & Print Media