ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ ਸਰਵਉਚ ਬਲੀਦਾਨ ਦੇਣ ਵਾਲੇ ਬਹਾਦਰ
ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੰਮ੍ਰਿਤਸਰ ਰਾਈਡਰਜ਼ (ਜੋ ਕਿ ਅੰਮ੍ਰਿਤਸਰ ਦੇ ਨੌਜਵਾਨਾਂ ਦਾ ਇੱਕ ਰਾਈਡਿੰਗ ਸਮੂਹ ਹੈ) ਨੇ ਭਾਰਤੀ ਫੌਜ ਦੀ ਵਜਰਾ ਕੋਰ ਦੇ ਸਹਿਯੋਗ ਨਾਲ ਕੰਪਨੀ ਬਾਗ ਅੰਮ੍ਰਿਤਸਰ ਤੋਂ ਪੁਲ ਮੋਰਾਂ (ਪੁਲ ਕੰਜ਼ਰੀ) ਵਾਰ ਮੈਮੋਰੀਅਲ ਤੱਕ ਇੱਕ ਯਾਦਗਾਰੀ ਬਾਈਕ ਰੈਲੀ ਦਾ ਆਯੋਜਨ ਕੀਤਾ।
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਸਮਰਪਿਤ ਇਸ ਰੈਲੀ ਨੇ ਇਤਿਹਾਸਕ ਅਟਾਰੀ ਸਰਹਦ ਤੋਂ ਹੁੰਦੇ ਹੋਏ ਪੁਲ ਮੋਰਾਂ (ਪੁਲ ਕੰਜ਼ਰੀ) ਵਾਰ ਮੈਮੋਰੀਅਲ ਤੱਕ ਦਾ ਸਫ਼ਰ ਤੈਅ ਕੀਤਾ।ਨੌਜਵਾਨਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਨੇ ਇਸ ਵਿੱਚ ਸ਼ਮੂਲੀਅਤ ਕਰਕੇ ਦੇਸ਼-ਭਗਤੀ ਅਤੇ ਰਾਸ਼ਟਰੀ ਏਕਤਾ ਦਾ ਸੰਦੇਸ਼ ਦਿੱਤਾ।
ਰੈਲੀ ਦੌਰਾਨ 2 ਸਿੱਖ ਰੈਜੀਮੈਂਟ ਦੇ ਉਹਨਾਂ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਜਿਨ੍ਹਾਂ ਨੇ 1971 ਦੀ ਜੰਗ ਦੌਰਾਨ ਅਸਾਧਾਰਣ ਬਹਾਦਰੀ ਦਾ ਪ੍ਰਦਰਸ਼ਨ ਕੀਤਾ।ਰਣਨੀਤੀ ਪੱਖੋਂ ਮਹੱਤਵਪੂਰਨ ਸਰਹੱਦੀ ਪਿੰਡ ਪੁਲ ਮੋਰਾਂ (ਪੁਲ ਕੰਜ਼ਰੀ) `ਤੇ ਪਾਕਿਸਤਾਨੀ ਫੌਜ ਨੇ ਕਬਜ਼ਾ ਕਰ ਲਿਆ ਸੀ, ਤਾਂ 2 ਸਿੱਖ ਦੇ ਜਵਾਨਾਂ ਨੇ ਦ੍ਰਿੜ੍ਹ ਇਰਾਦੇ ਅਤੇ ਅਦੁੱਤੀ ਸੂਰਬੀਰਤਾ ਨਾਲ ਜਵਾਬੀ ਹਮਲਾ ਕਰਦੇ ਹੋਏ ਇਸ ਮਹੱਤਵਪੂਰਨ ਥਾਂ ਨੂੰ ਮੁੜ ਆਪਣੇ ਕਬਜ਼ੇ ਵਿੱਚ ਲਿਆ।ਲਾਂਸ ਨਾਇਕ ਸ਼ੰਗਾਰਾ ਸਿੰਘ ਮਹਾਵੀਰ ਚਕਰ (ਮਰਨ ਉਪਰੰਤ) ਨੂੰ ਵਿਸ਼ੇਸ਼ ਤੌਰ `ਤੇ ਸ਼ਰਧਾਂਜਲੀ ਭੇਟ ਕੀਤੀ ਗਈ, ਜਿਨ੍ਹਾਂ ਦੀ ਅਸਾਧਾਰਣ ਬਹਾਦਰੀ ਅਤੇ ਫ਼ਰਜ਼ ਪ੍ਰਤੀ ਸਮਰਪਣ ਲਈ ਉਨ੍ਹਾਂ ਨੂੰ ਦੇਸ਼ ਦੇ ਉੱਚ ਯੁੱਧਕਾਲੀਨ ਸਨਮਾਨਾਂ ਵਿੱਚੋਂ ਇੱਕ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।ਇਸ ਦੇ ਨਾਲ ਹੀ 2 ਸਿੱਖ ਦੇ ਹੋਰ 9 ਸ਼ਹੀਦਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ।ਦੇਸ਼ ਦੀ ਸੁਰੱਖਿਆ, ਚੌਕਸੀ ਅਤੇ ਰਾਸ਼ਟਰੀ ਗੌਰਵ ਦੇ ਪ੍ਰਤੀਕ ਅਟਾਰੀ ਸਰਹੱਦ ਤੋਂ ਲੰਘਣ ਨਾਲ ਇਸ ਰੈਲੀ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਹੋਇਆ।
ਸਮਾਗਮ ਦਾ ਸਮਾਪਨ ਪੁਲ ਮੋਰਾਂ (ਪੁਲ ਕੰਜ਼ਰੀ) ਵਾਰ ਮੈਮੋਰੀਅਲ ਵਿਖੇ ਸ਼ਰਧਾਂਜਲੀ ਸਮਾਰੋਹ ਨਾਲ ਹੋਇਆ, ਜਿਥੇ ਹਾਜ਼ਰ ਸਾਰੇ ਲੋਕਾਂ ਨੇ ਸ਼ਹੀਦਾਂ ਨੂੰ ਨਮਨ ਕਰਦਿਆਂ ਦੇਸ਼-ਭਗਤੀ, ਸਾਹਸ, ਕੁਰਬਾਨੀ ਅਤੇ ਨਿਸ਼ਕਾਮ ਸੇਵਾ ਦੇ ਆਦਰਸ਼ਾਂ `ਤੇ ਚੱਲਣ ਦਾ ਸੰਕਲਪ ਲਿਆ।
Punjab Post Daily Online Newspaper & Print Media