ਅੰਮ੍ਰਿਤਸਰ, 3 ਅਗਸਤ (ਜਗਦੀਪ ਸਿੰਘ) – ਅੱਜ ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਸੰਸਥਾ ਦੀ 34ਵੀਂ ਬਰਸੀ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਸ਼ੁਰੂਆਤ
ਪਿੰਗਲਵਾੜਾ ਸੰਸਥਾ ਦੇ ਮੁੱਖ ਦਫ਼ਤਰ ਨੇੜੇ ਬੱਸ ਸਟੈਂਡ ਵਿਖੇ ਪਿੰਗਲਵਾੜਾ ਸੰਸਥਾ ਵਲੋਂ ਚਲਾਏ ਜਾ ਰਹੇ ਵਿੱਦਿਅਕ ਅਦਾਰਿਆਂ ਦੇ ਸਾਲਾਨਾ ਸੱਭਿਆਚਾਰਕ ਅਤੇ ਇਨਾਮ ਵੰਡ ਸਮਾਰੋਹ ਨਾਲ ਹੋਈ।ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ(ਰਜਿ.), ਅੰਮ੍ਰਿਤਸਰ ਅਤੇ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਉ (ਕੈਨੇਡਾ) ਦੇ ਸਾਂਝੇ ਤੌਰ ‘ਤੇ ਚਲਾਏ ਜਾ ਰਹੇ ਪਿੰਗਲਵਾੜਾ ਸੰਸਥਾ ਦੇ ਵਿੱਦਿਅਕ ਅਦਾਰੇ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸਕੈਡੰਰੀ ਸਕੂਲ, ਭਗਤ ਪੂਰਨ ਸਿੰਘ ਸਕੂਲ ਫ਼ਾਰ ਦ ਡੈੱਫ਼, ਭਗਤ ਪੂਰਨ ਸਿੰਘ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ ਅਤੇ ਭਗਤ ਪੂਰਨ ਸਿੰਘ ਇੰਸਟੀਚਿਊਟ ਆਫ਼ ਸਪੈਸ਼ਲ ਨੀਡਜ਼ ਮਾਨਾਂਵਾਲਾ ਕਲਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਰੰਗਮੰਚ ਦੀ ਦੁਨੀਆਂ ਦੀ ਅਹਿਮ ਸਖਸ਼ੀਅਤ ਕੇਵਲ ਧਾਲੀਵਾਲ ਪਹੁੰਚੇ।ਪਿੰਗਲਵਾੜਾ ਸੰਸਥਾ ਅੰਦਰ ਪੁੱਜਣ ‘ਤੇ ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਅਤੇ ਪਿੰਗਲਵਾੜਾ ਪਰਿਵਾਰ ਦੇ ਮੈਂਬਰਾਂ ਵੱਲੋਂ ਸਵਾਗਤ ਕੀਤਾ।ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਨਾਲ ਹੋਈ।ਇਸ ਉਪਰੰਤ ਮੁੱਖ ਮਹਿਮਾਨ ਵੱਲੋਂ ਸ਼ਮਾ ਰੋਸ਼ਨ ਕਰਕੇ ਸਲਾਨਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।
ਵਿਦਿਆਰਥੀਆਂ ਵੱਲੋਂ ਤਿਆਰ ਪ੍ਰੋਗਰਾਮ ਵਿੱਚ ਭਗਤ ਪੂਰਨ ਸਿੰਘ ਜੀ ਦੀ ਵਾਤਾਵਰਨ ਪ੍ਰਤੀ ਸੋਚ ਨੂੰ ਬਿਆਨ ਕਰਦੇ ਨਾਟਕ ਪੇਸ਼ ਕੀਤੇ ਗਏ।ਇਹਨਾਂ ਨਾਟਕਾਂ ਦੇ ਮਾਧਿਅਮ ਰਾਹੀਂ ਪਲੀਤ ਹੋ ਰਹੀ ਹਵਾ ਅਤੇ ਅੰਧਾ-ਧੁੰਦ ਰੁੱਖਾਂ ਦੀ ਕਟਾਈ ‘ਤੇ ਵਿਅੰਗ ਕਰਦੀਆਂ ਪੇਸ਼ਕਾਰੀਆਂ ਨੇ ਪੰਡਾਲ ਵਿੱਚ ਬੈਠੇ ਦਰਸ਼ਕਾਂ ਨੂੰ ਇਹਨਾਂ ਕੁਦਰਤੀ ਦਾਤਾਂ ਦੀ ਹੋ ਰਹੀ ਖਰਾਬੀ ਤੇ ਸੋਚਣ ਲਈ ਮਜ਼ਬੂਰ ਕਰ ਦਿੱਤਾ।ਮੁੱਖ ਮਹਿਮਾਨ ਕੇਵਲ ਧਾਲੀਵਾਲ ਨੇ ਆਪਣੇ ਸੰਬੋਧਨ ਵਿੱਚ ਪੰਡਾਲ ਵਿੱਚ ਬੈਠੇ ਵਿਦਿਆਰਥੀਆਂ ਅਤੇ ਦਰਸ਼ਕਾਂ ਨੂੰ ਕਿਹਾ ਕਿ ਉਹ ਪਿੰਗਲਵਾੜਾ ਪਰਿਵਾਰ ਦੇ ਮੈਂਬਰ ਹਨ ਅਤੇ ਅੱਜ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਮਾਣ ਮਹਿਸੂਸ ਕਰ ਰਹੇ ਹਨ।ਉਹਨਾਂ ਸਿੱਖਿਆ ਸਾਸ਼ਤਰੀਆਂ ਨੂੰ ਸੁਨੇਹਾ ਦਿੱਤਾ ਕਿ ਭਗਤ ਪੂਰਨ ਸਿੰਘ ਜੀ ਦੀ ਜੀਵਨੀ ਸਿਲੇਬਸ ਦੀਆਂ ਕਿਤਾਬਾਂ ਦਾ ਹਿੱਸਾ ਹੋਣੀ ਚਾਹੀਦੀ ਹੈ, ਉਹਨਾਂ ਕਿਹਾ ਕਿ ਬੱਚਿਆਂ ਵੱਲੋਂ ਜੋ ਪੇਸ਼ਕਾਰੀਆਂ ਦਿਖਾਈਆਂ ਗਈਆਂ ਹਨ, ਉਸ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਹਨ। ਉਹਨਾਂ ਕਿਹਾ ਕਿ ਭਗਤ ਪੂਰਨ ਸਿੰਘ ਜੀ ਦੇ ਵਾਤਾਵਰਨ ਪ੍ਰਤੀ ਫ਼ਿਕਰ ਜੋ ਬਹੁਤ ਚਿਰ ਪਹਿਲਾਂ ਹੀ ਉਹਨਾਂ ਵਿਚਾਰ ਲਏ ਸਨ ਅੱਜ ਸਾਡੇ ਸਾਹਮਣੇ ਹਨ, ਜੇਕਰ ਅਸੀਂ ਉਹਨਾਂ ਦੇ ਵਾਤਾਵਰਨ ਪ੍ਰਤੀ ਫ਼ਿਕਰਾਂ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਅੱਜ ਮਨੁੱਖਤਾ ਨੂੰ ਵਾਤਾਵਰਨ ਤੋਂ ਪੈਦਾ ਹੋ ਰਹੀਆਂ ਮੁਸ਼ਕਲਾਂ ਦਾ ਸਾਹਮਣਾ ਘੱਟ ਕਰਨਾ ਪੈਂਦਾ।
ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਵੱਲੋਂ ਮੁੱਖ ਮਹਿਮਾਨ ਕੇਵਲ ਧਾਲੀਵਾਲ ਅਤੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ।ਡਾ. ਇੰਦਰਜੀਤ ਕੌਰ ਨੇ ਭਗਤ ਜੀ ਦੇ ਜੀਵਨ ਨਾਲ ਜੁੜੀਆਂ ਕਈ ਯਾਦਾਂ ਨੂੰ ਸਾਂਝਾ ਕੀਤਾ। ਉਹਨਾਂ ਕਿਹਾ ਕਿ ਇਸ ਸਾਲ ਭਗਤ ਪੂਰਨ ਸਿੰਘ ਜੀ ਦੀ ਵਾਤਾਵਰਨ ਪ੍ਰਤੀ ਜਾਗਰੂਕਤਾ ਸ਼ਤਾਬਦੀ 2027 ਵਿੱਚ ਬਹੁਤ ਵੱਡੇ ਪੱਧਰ ‘ਤੇ ਮਨਾਈ ਜਾਵੇਗੀ ਅਤੇ ਵਾਤਾਵਰਨ ਨੂੰ ਬਚਾਉਣ ਦਾ ਹੋਕਾ ਹਰ ਆਦਮੀ ਤਕ ਪਹੁੰਚਾਉਣ ਲਈ ਯਤਨਸ਼ੀਲ ਹਨ।ਸਾਰੀ ਸੰਗਤ ਨੇ ਹੱਥ ਖੜ੍ਹੇ ਕਰਕੇ ਸਰਬਸੰਤੀ ਨਾਲ ਸਰਕਾਰ ਤੋਂ ਧਰਤੀ ਹੇਠ ਅਤੇ ਹੋਰ ਪਾਣੀ ਨੂੰ ਗੰਦਾ ਕਰਨ ਤੇ ਸਖਤ ਸਜਾਵਾਂ ਦਿੱਤੀ ਜਾਣ ਦੀ ਮੰਗ ਕੀਤੀ ਗਈ। ਉਹਨਾਂ ਕਿਹਾ ਕਿ ਹਵਾ, ਪਾਣੀ ਆਦਿ ਵਰਗੇ ਕੁਦਰਤੀ ਸੋਮੇ ਸਾਡੀ ਜ਼ਿੰਦਗੀ ਦਾ ਆਧਾਰ ਹਨ।ਜੇਕਰ ਇਹ ਵੀ ਸ਼ੁੱਧ ਨਾ ਰਹੇ ਤਾਂ ਸਾਡੇ ਬੱਚੇ ਕਿਵੇਂ ਨਰੋਆ ਜੀਣਗੇ।ਇਸ ਲਈ ਸਖਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਵਾਤਾਵਰਣ ਸੰਭਾਲ ਅਤੇ ਖੋਜ਼ ਨੂੰ ਉਤਸ਼ਾਹਿਤ ਕਰਨ ਲਈ ਵਾਤਾਵਰਣ ਵਿਸ਼ੇਸ਼ ਯੂਨੀਵਰਸਿਟੀ ਦੀ ਸਥਾਪਨਾ ਕਰਨ ਦੀ ਅਪੀਲ ਕੀਤੀ ਗਈ।ਸਟੇਜ ਸੰਚਾਲਣ ਵਿਦਿਆਰਥਣਾਂ ਜਸਪ੍ਰੀਤ ਕੌਰ ਅਤੇ ਮਹਿਕਪ੍ਰੀਤ ਕੌਰ ਨੇ ਕੀਤਾ।ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗਾਇਨ ਗਾ ਕੇ ਕੀਤੀ ਗਈ।ਆਈਆਂ ਸੰਗਤਾਂ ਨੂੰ ਅਟੁੱਟ ਲੰਗਰ ਵਰਤਾਇਆ।
ਇਸ ਮੌਕੇ ਡਾ. ਜਗਦੀਪਕ ਸਿੰਘ ਮੀਤ ਪ੍ਰਧਾਨ ਪਿੰਗਲਵਾੜਾ, ਮੁਖਤਾਰ ਸਿੰਘ ਗੁਰਾਇਆ ਆਨਰੇਰੀ ਸਕੱਤਰ, ਮੈਂਬਰ ਰਾਜਬੀਰ ਸਿੰਘ, ਹਰਜੀਤ ਸਿੰਘ ਅਰੋੜਾ, ਬੀਬੀ ਪ੍ਰੀਤਇੰਦਰ ਕੌਰ, ਡਾ. ਨਿਰਮਲ ਸਿੰਘ, ਯੋਗੇਸ਼ ਸੂਰੀ ਮੁੱਖ ਪ੍ਰਸ਼ਾਸਕ, ਰਜਿੰਦਰ ਸਿੰਘ ਪ੍ਰਸ਼ਾਸਕ ਮਾਨਾਂਵਾਲਾ, ਤਿਲਕ ਰਾਜ ਜਨਰਲ ਮੈਨੇਜਰ, ਗੁਰਨਾਇਬ ਸਿੰਘ, ਡਾ. ਇੰਦਰਜੀਤ ਕੌਰ (ਰੇਨੂੰ), ਤੇਜਿੰਦਰਭਾਨ ਸਿੰਘ ਬੇਦੀ, ਪ੍ਰੋ. ਕੁਲਦੀਪ ਸਿੰਘ, ਡਾ. ਪ੍ਰਭਜੀਤ ਕੌਰ, ਬੀਬੀ ਰਾਜਵਿੰਦਰ ਕੌਰ ਬਾਜਵਾ (ਰਿਟਾ.) ਇੰਸਪੈਕਟਰ, ਸਮਾਜ ਸੇਵਕ ਪਵਨ ਸ਼ਰਮਾ, ਅਮਰਜੀਤ ਸਿੰਘ, ਗਿਆਨੀ ਕੇਵਲ ਸਿੰਘ, ਗਿਆਨੀ ਸੁਰਜੀਤ ਸਿੰਘ ਹੈਡ ਗੰ੍ਰਥੀ ਗੁਰਦੁਆਰਾ ਸ਼ਹੀਦ ਗੰਜ਼ ਸਾਹਿਬ, ਹਰਪਾਲ ਸਿੰਘ ਸੰਧੂ ਕੇਅਰ ਟੇਕਰ, ਸ਼੍ਰੀ ਗੁਲਸ਼ਨ ਰੰਜਨ ਮੈਡੀਕਲ ਸੋਸ਼ਲ ਵਰਕਰ, ਪਵਨ ਸ਼ਰਮਾ ਅਤੇ ਦਲਵਿੰਦਰ ਸਿੰਘ, ਸਕੂਲਾਂ ਦੇ ਪ੍ਰਿੰਸੀਪਲ, ਵਾਰਡ ਅਤੇ ਹੋਸਟਲ ਇੰਚਾਰਜ਼ ਆਦਿ ਹਾਜ਼ਰ ਸਨ।
Check Also
ਭਾਰਤ-ਮੱਧ ਏਸ਼ੀਆ ਆਰਥਿਕ ਸਾਂਝ ਨੂੰ ਨਵੀਂ ਦਿਸ਼ਾ ਦੇਵੇਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਖੋਜ਼ ਰਿਪੋਰਟ
ਅੰਮ੍ਰਿਤਸਰ, 2 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਭਾਰਤ ਅਤੇ ਮੱਧ ਏਸ਼ੀਆ ਦਰਮਿਆਨ ਆਰਥਿਕ ਸਬੰਧਾਂ ਨੂੰ …
Punjab Post Daily Online Newspaper & Print Media