Tuesday, August 4, 2026

ਪੱਛਮੀ ਹਲਕੇ ਵਿੱਚ ਪੀਣ ਵਾਲੇ ਪਾਣੀ ਦੀਆਂ 50 ਸਾਲ ਪੁਰਾਣੀਆਂ ਪਾਈਪਾਂ ਜਲਦ ਬਦਲੀਆਂ ਜਾਣਗੀਆਂ – ਡਾ. ਜਸਬੀਰ ਸਿੰਘ ਸੰਧੂ

ਅੰਮ੍ਰਿਤਸਰ, 4  ਅਗਸਤ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਪੱਛਮੀ ਹਲਕੇ ਤੋਂ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਵਿਧਾਨ ਸਭਾ ਵਿੱਚ ਚੁੱਕੇ ਗਏ ਸਵਾਲ ਦੇ ਜਵਾਬ ਦਿੰਦਿਆਂ ਸਥਾਨਕ ਸਰਕਾਰ ਮੰਤਰੀ  ਹਰਜੋਤ ਸਿੰਘ ਬੈਂਸ ਨੇ ਭਰੋਸਾ ਦਿੱਤਾ ਹੈ ਕਿ ਅੰਮ੍ਰਿਤਸਰ ਪੱਛਮੀ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀਆਂ ਪੁਰਾਣੀਆਂ ਅਤੇ ਖ਼ਰਾਬ ਹੋ ਚੁੱਕੀਆਂ ਪਾਈਪਾਂ ਨੂੰ ਤਰਜੀਹ ਦੇ ਆਧਾਰ ‘ਤੇ ਬਦਲਿਆ ਜਾਵੇਗਾ।
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੇ ਵਿਧਾਨ ਸਭਾ ਵਿੱਚ ਸਵਾਲ ਨੰਬਰ 1887 ਰਾਹੀਂ ਅੰਮ੍ਰਿਤਸਰ ਪੱਛਮੀ ਹਲਕੇ ਦੇ ਇਲਾਕਿਆਂ ਸ੍ਰੀ ਛੇਹਰਟਾ ਸਾਹਿਬ, ਘਨੂਪੁਰ ਕਾਲੇ, ਕੋਟ ਖਾਲਸਾ ਅਤੇ ਪੁਤਲੀਘਰ ਵਿੱਚ ਪੀਣ ਵਾਲੇ ਪਾਣੀ ਦੀਆਂ ਕਰੀਬ 50 ਸਾਲ ਪੁਰਾਣੀਆਂ ਪਾਈਪਾਂ ਦਾ ਮੁੱਦਾ ਉਠਾਇਆ ਸੀ। ਉਨ੍ਹਾਂ ਸਰਕਾਰ ਦਾ ਧਿਆਨ ਦਿਵਾਇਆ ਕਿ ਇਨ੍ਹਾਂ ਪੁਰਾਣੀਆਂ ਪਾਈਪਾਂ ਕਾਰਨ ਲੋਕਾਂ ਨੂੰ ਲੰਮੇ ਸਮੇਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਨ੍ਹਾਂ ਨੂੰ ਬਦਲਣ ਲਈ ਵਿਸ਼ੇਸ਼ ਯੋਜਨਾ ਜਾਂ ਪੈਕੇਜ ਦੀ ਲੋੜ ਹੈ।
ਸਵਾਲ ਦਾ ਜਵਾਬ ਦਿੰਦਿਆਂ ਸਥਾਨਕ ਸਰਕਾਰ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਸਰਕਾਰ ਦੀਆਂ ਪ੍ਰਮੁੱਖ ਤਰਜ਼ੀਹਾਂ ਵਿੱਚ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਹੁਣ ਤੱਕ 2.99 ਕਰੋੜ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦੀਆਂ ਨਵੀਆਂ ਪਾਈਪਾਂ ਦੇ ਸੈਕਸ਼ਨ ਵਿਛਾਏ ਜਾ ਚੁੱਕੇ ਹਨ, ਜਦਕਿ 1.42 ਕਰੋੜ ਰੁਪਏ ਦੀ ਲਾਗਤ ਨਾਲ ਪੁਰਾਣੀਆਂ ਪਾਈਪ ਲਾਈਨਾਂ ਦੀ ਮੁਰੰਮਤ ਕਰਵਾਈ ਗਈ ਹੈ।
ਮੰਤਰੀ ਨੇ ਕਿਹਾ ਕਿ ਡਾ. ਜਸਬੀਰ ਸਿੰਘ ਸੰਧ ਵੱਲੋਂ ਜਿਨ੍ਹਾਂ ਇਲਾਕਿਆਂ ਦੀ ਲੋੜ ਦਰਸਾਈ ਜਾਵੇਗੀ, ਉਨ੍ਹਾਂ ਥਾਵਾਂ ‘ਤੇ ਪੁਰਾਣੀਆਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਨੂੰ ਪਹਿਲ ਦੇ ਆਧਾਰ ‘ਤੇ ਬਦਲਿਆ ਜਾਵੇਗਾ, ਤਾਂ ਜੋ ਲੋਕਾਂ ਨੂੰ ਸਾਫ਼-ਸੁਥਰੀ ਅਤੇ ਨਿਰਵਿਘਨ ਪਾਣੀ ਸਪਲਾਈ ਯਕੀਨੀ ਬਣਾਈ ਜਾ ਸਕੇ।

Check Also

ਮਾਨ ਸਰਕਾਰ ਦੀਆਂ ਪਾਰਦਰਸ਼ੀ ਨੀਤੀਆਂ ਦਾ ਅਸਰ- ਜੀ.ਐਸ.ਟੀ ਵਿੱਚ 20% ਦਾ ਵਾਧਾ  –  ਧੰਜ਼ਲ

ਅੰਮ੍ਰਿਤਸਰ, 4 ਅਗਸਤ (ਜਗਦੀਪ ਸਿੰਘ) – ਆਮ ਆਦਮੀ ਪਾਰਟੀ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸਰਬਜੋਤ …