Thursday, August 6, 2026

ਨਗਰ ਨਿਗਮ ਵੱਲੋਂ ਦਾਲ ਮੰਡੀ ਵਿੱਚ ਗੈਰ-ਕਾਨੂੰਨੀ ਡੇਅਰੀ ਖ਼ਿਲਾਫ਼ ਵਿਸ਼ੇਸ਼ ਕਾਰਵਾਈ, ਦੋ ਪਸ਼ੂ ਗਊਸ਼ਾਲਾ ਭੇਜੇ

ਅੰਮ੍ਰਿਤਸਰ, 6 ਅਗਸਤ (ਜਗਦੀਪ ਸਿੰਘ) – ਨਗਰ ਨਿਗਮ ਕਮਿਸ਼ਨਰ ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਨਗਰ ਨਿਗਮ ਕਮਿਸ਼ਨਰ ਡਾ. ਜੈ ਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਅੱਜ ਦਾਲ ਮੰਡੀ ਇਲਾਕੇ ਵਿੱਚ ਚੱਲ ਰਹੀ ਇੱਕ ਗੈਰ-ਕਾਨੂੰਨੀ ਡੇਅਰੀ ਵਿਰੁੱਧ ਵਿਸ਼ੇਸ਼ ਕਾਰਵਾਈ ਕੀਤੀ ਗਈ।ਨਗਰ ਨਿਗਮ ਦੀ ਟੀਮ ਨੇ ਨਿਯਮਾਂ ਅਨੁਸਾਰ ਦੋ ਪਸ਼ੂ ਕਬਜ਼ੇ ਵਿੱਚ ਲੈ ਕੇ ਨਗਰ ਨਿਗਮ ਦੀ ਗਊਸ਼ਾਲਾ ਵਿੱਚ ਭੇਜ ਦਿੱਤੇ।ਇਹ ਕਾਰਵਾਈ ਮੈਡੀਕਲ ਅਫ਼ਸਰ ਹੈਲਥ (ਐਮ.ਓ.ਐਚ. ਡਾ. ਕਿਰਨ ਅਤੇ ਚੀਫ਼ ਸੈਨੇਟਰੀ ਅਫ਼ਸਰ (ਸੀ.ਐਸ.ਓ) ਜੇ.ਪੀ ਬੱਬਰ ਦੀ ਨਿਗਰਾਨੀ ਹੇਠ ਕੀਤੀ ਗਈ।ਰਣਜੀਤ ਸਿੰਘ, ਸੀ.ਐਸ.ਆਈ ਸਰਬਜੀਤ ਸਿੰਘ, ਐਸ.ਆਈ ਰਵਿੰਦਰ ਰਾਣਾ, ਤੇਜਿੰਦਰ ਕੁਮਾਰ ਅਤੇ ਪੰਜਾਬ ਪੁਲਿਸ ਦੀ ਟੀਮ ਨੇ ਅਹਿਮ ਭੂਮਿਕਾ ਨਿਭਾਈ, ਜਿਨ੍ਹਾਂ ਦੇ ਸਹਿਯੋਗ ਨਾਲ ਕਾਰਵਾਈ ਸਫਲਤਾਪੂਰਵਕ ਮੁਕੰਮਲ ਹੋਈ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਿਗਮ ਹੱਦਾਂ ਅੰਦਰ ਚੱਲ ਰਹੀਆਂ ਗੈਰ-ਕਾਨੂੰਨੀ ਡੇਅਰੀਆਂ ਨਾ ਸਿਰਫ਼ ਨਿਗਮ ਦੇ ਨਿਯਮਾਂ ਦੀ ਉਲੰਘਣਾ ਕਰਦੀਆਂ ਹਨ, ਸਗੋਂ ਸਫ਼ਾਈ, ਵਾਤਾਵਰਣ ਅਤੇ ਲੋਕ ਸਿਹਤ ਲਈ ਵੀ ਗੰਭੀਰ ਖ਼ਤਰਾ ਪੈਦਾ ਕਰਦੀਆਂ ਹਨ। ਅਜਿਹੀਆਂ ਗਤੀਵਿਧੀਆਂ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੀਆਂ ਹਨ।ਵਧੀਕ ਨਗਰ ਨਿਗਮ ਕਮਿਸ਼ਨਰ ਡਾ. ਜੈ ਇੰਦਰ ਸਿੰਘ ਨੇ ਨਿਗਮ ਹੱਦਾਂ ਅੰਦਰ ਚੱਲ ਰਹੀਆਂ ਸਾਰੀਆਂ ਗੈਰ-ਕਾਨੂੰਨੀ ਡੇਅਰੀਆਂ ਦੇ ਮਾਲਕਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਤੁਰੰਤ ਆਪਣੀਆਂ ਗੈਰ-ਕਾਨੂੰਨੀ ਗਤੀਵਿਧੀਆਂ ਬੰਦ ਕਰਨ। ਉਨ੍ਹਾਂ ਸਪੱਸ਼ਟ ਕੀਤਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪਸ਼ੂ ਜ਼ਬਤ ਕਰਨ ਸਮੇਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

Check Also

ਹਲਕਾ ਪੱਛਮੀ ‘ਚ 2022 ਤੋਂ ਹੁਣ ਤੱਕ ਕਰੀਬ 23 ਕਰੋੜ ਨਾਲ ਸੀਵਰੇਜ਼ ਪਾਈਪਾਂ ਬਦਲਣ ਦਾ ਕੰਮ ਹੋਇਆ – ਡਾ. ਜਸਬੀਰ ਸਿੰਘ ਸੰਧੂ

ਅੰਮ੍ਰਿਤਸਰ, 5 ਅਗਸਤ (ਸੁਖਬੀਰ ਸਿੰਘ)) – ਹਲਕਾ ਅੰਮ੍ਰਿਤਸਰ ਪੱਛਮੀ ਤੋਂ ਵਿਧਾਇਕ ਡਾ. ਜਸਬੀਰ ਸਿੰਘ ਸੰਧੂ …