ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ ਐਲੈਂਕੋ ਇੰਡੀਆ ਪ੍ਰਾ. ਲਿਮ. ਦੇ ਸਹਿਯੋਗ ਨਾਲ ਪਸ਼ੂ ਚਿਕਿਤਸਾ ਦੇ
ਖੇਤਰ ’ਚ ਉਭਰ ਰਹੇ ਵਿਦਿਆਰਥੀਆਂ ਲਈ ਅਕਾਦਮਿਕ ਸਿੱਖਿਆ ਅਤੇ ਉਦਯੋਗਿਕ ਤਜ਼ਰਬਿਆਂ ਦਰਮਿਆਨ ਪਾੜੇ ਨੂੰ ਪੂਰਾ ਕਰਨ ਦੇ ਮਕਸਦ ਤਹਿਤ ਇੱਕ ਰੋਜ਼ਾ ‘ਕੈਚ ਦੈਮ ਯੰਗ-ਐਨ ਇੰਡਸਟਰੀ-ਅਕੈਡਮੀਆਂ ਇੰਟਰਐਕਟਿਵ ਪ੍ਰੋਗਰਾਮ’ ਕਰਵਾਇਆ ਗਿਆ।
ਕਾਲਜ ਪ੍ਰਿੰਸੀਪਲ ਡਾ. ਐਚ.ਕੇ ਵਰਮਾ ਦੇ ਸਹਿਯੋਗ ਨਾਲ ਕਰਵਾਏ ਗਏ ਪ੍ਰੋਗਰਾਮ ਦੀ ਸ਼ੁਰੂਆਤ ਡਾ. ਪਵਨ ਕੁਮਾਰ ਮਲਹੋਤਰਾ, ਅਸਿਸਟੈਂਟ ਪ੍ਰੋਫੈਸਰ, ਐਲ.ਐਫ਼.ਸੀ ਦੇ ਸਵਾਗਤੀ ਭਾਸ਼ਣ ਨਾਲ ਹੋਈ।ਮੁੱਖ ਮਹਿਮਾਨ ਡਾ. ਵਰਮਾ ਤੋਂ ਇਲਾਵਾ ਡਾ. ਪੀ.ਐਸ ਮਾਵੀ, ਡਾਇਰੈਕਟਰ ਕਲੀਨਿਕਸ, ਵੱਖ-ਵੱਖ ਵਿਭਾਗਾਂ ਦੇ ਮੁਖੀ ਫੈਕਲਟੀ ਮੈਂਬਰ ਅਤੇ ਇੰਟਰਨ ਮਜ਼ੂਦ ਸਨ।ਐਲੈਂਕੋ ਟੀਮ ਦੀ ਅਗਵਾਈ ਡਾ. ਅਜੈ ਦਾਸ, ਟੈਕਨੀਕਲ ਹੈਡ (ਡੇਅਰੀ), ਐਲੈਂਕੋ ਇੰਡੀਆ ਪ੍ਰਾ. ਲਿਮ. ਵੱਲੋਂ ਕੀਤੀ ਗਈ।ਜਦਕਿ ਵੈਟਰਨਰੀ ਕਾਲਜਾਂ, ਆਈ.ਆਈ.ਵੀ. ਈ.ਆਰ. (ਰੋਹਤਕ) ਅਤੇ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰਲ ਸਾਇੰਸਜ਼ ਐਂਡ ਟੈਕਨਾਲੋਜੀ, ਜੰਮੂ ਦੇ ਇੰਟਰਨਾਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ।ਇਹ ਪ੍ਰੋਗਰਾਮ ਵਿਸ਼ੇਸ਼ ਤੌਰ ’ਤੇ ਕਾਲਜ ਦੇ ਵੈਟਰਨਰੀ ਇੰਟਰਨਾਂ ਲਈ ਤਿਆਰ ਕੀਤਾ ਗਿਆ ਸੀ।
ਡਾ. ਵਰਮਾ ਨੇ ਸਮਰੱਥ ਪਸ਼ੂ ਚਿਕਿਤਸਕ ਪੇਸ਼ੇਵਰ ਤਿਆਰ ਕਰਨ ’ਚ ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਵਿਚਕਾਰ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇੰਟਰਨਸ਼ਿਪ ਦਾ ਸਮਾਂ ਵਿਦਿਆਰਥੀਆਂ ਲਈ ਸਿਧਾਂਤਕ ਗਿਆਨ ਨੂੰ ਵਿਹਾਰਕ ਹੁਨਰਾਂ ’ਚ ਬਦਲਣ ਦਾ ਸਭ ਤੋਂ ਮਹੱਤਵਪੂਰਨ ਪੜਾਅ ਹੁੰਦਾ ਹੈ।ਉਨ੍ਹਾਂ ਇੰਟਰਨਾਂ ਨੂੰ ਕਲੀਨਿਕਲ ਕੇਸਾਂ ਨੂੰ ਧਿਆਨ ਨਾਲ ਦੇਖਣ, ਦਵਾਈਆਂ ਦੀ ਬਣਤਰ ਨੂੰ ਸਮਝਣ, ਡਾਕਟਰਾਂ ਵੱਲੋਂ ਲਿਖੇ ਜਾਂਦੇ ਨੁਸਖ਼ਿਆਂ ਦਾ ਅਧਿਐਨ ਕਰਨ ਅਤੇ ਮੈਦਾਨੀ ਪੱਧਰ ’ਤੇ ਪਸ਼ੂ ਦਵਾਈਆਂ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨ ਲਈ ਪ੍ਰੇਰਿਤ ਕੀਤਾ।
ਡਾ. ਵਰਮਾ ਨੇ ਕਿਹਾ ਕਿ ਉਕਤ ਐਲੈਂਕੋ ਇੰਡੀਆ ਵਿਸ਼ਵ ਦੀਆਂ ਪ੍ਰਮੁੱਖ ਵੈਟਰਨਰੀ ਫਾਰਮਾਸਿਊਟੀਕਲ ਕੰਪਨੀਆਂ ’ਚੋਂ ਇੱਕ ਹੈ, ਜੋ ਨਵੀਨਤਾਕਾਰੀ ਅਤੇ ਉੱਚ ਗੁਣਵੱਤਾ ਵਾਲੇ ਇਲਾਜ਼ ਸਬੰਧੀ ਹੱਲ ਵਿਕਸਿਤ ਕਰਨ ਲਈ ਸਮਰਪਿਤ ਹੈ।ਉਨ੍ਹਾਂ ਵਧੀਆ ਪ੍ਰਭਾਵਸ਼ੀਲਤਾ, ਉੱਤਮ ਬਾਇਓਐਵੇਲੇਬਿਲਿਟੀ, ਘੱਟ ਤੋਂ ਘੱਟ ਮਾੜੇ ਪ੍ਰਭਾਵਾਂ ਅਤੇ ਘੱਟ ਵਿਡਰਾਅਲ ਪੀਰੀਅਡ ਵਾਲੀਆਂ ਦਵਾਈਆਂ ਦੀ ਵਰਤੋਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ ।
ਤਕਨੀਕੀ ਸੈਸ਼ਨ ਦੌਰਾਨ ਡਾ. ਅਜੈ ਦਾਸ ਨੇ ਐਲੈਂਕੋ ਦੀਆਂ ਨਵੀਆਂ ਇਲਾਜ਼ ਸਬੰਧੀ ਖੋਜਾਂ ਅਤੇ ਨਵੀਨਤਾਵਾਂ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।ਆਧੁਨਿਕ ਪਸ਼ੂ ਸਿਹਤ ਸੰਭਾਲ ਹੱਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਵਿਗਿਆਨਕ ਨਵੀਨਤਾਵਾਂ ਦੀ ਭੂਮਿਕਾ ’ਤੇ ਵੀ ਚਾਨਣਾ ਪਾਇਆ ਗਿਆ।
ਡਾ. ਵਰਮਾ ਨੇ ਕਿਹਾ ਕਿ ਪ੍ਰੋਗਰਾਮ ਦੌਰਾਨ ਇੰਟਰਨਾਂ ਲਈ ਇੱਕ ਇੰਟਰਐਕਟਿਵ ਕਵਿੱਜ਼ ਮੁਕਾਬਲਾ ਵੀ ਕਰਵਾਇਆ ਗਿਆ।ਜਿਸ ਵਿੱਚ ਕਾਲਜ ਦੇ ਦੋ ਇੰਟਰਨਾਂ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਆਈ.ਆਈ.ਵੀ.ਈ.ਆਰ ਰੋਹਤਕ ਦੇ ਇੱਕ ਇੰਟਰਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜੇਤੂਆਂ ਨੂੰੂਸਨਮਾਨਿਤ ਵੀ ਕੀਤਾ ਗਿਆ।
ਐਲੈਂਕੋ ਦੇ ਅਧਿਕਾਰੀਆਂ ਨੇ ਉਦਯੋਗ ਅਤੇ ਅਕਾਦਮਿਕ ਖੇਤਰ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਪਿ੍ਰੰ: ਡਾ. ਵਰਮਾ ਵੱਲੋਂ ਦਿੱਤੇ ਗਏ ਯੋਗਦਾਨ ਲਈ ਧੰਨਵਾਦ ਕੀਤਾ। ਪ੍ਰੋਗਰਾਮ ਦੇ ਅੰਤ ’ਚ ਡਾ. ਪਵਨ ਕੁਮਾਰ ਮਲਹੋਤਰਾ ਨੇ ਐਲੈਂਕੋ ਟੀਮ, ਪਤਵੰਤਿਆਂ, ਫੈਕਲਟੀ ਮੈਂਬਰਾਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਪ੍ਰੋਗਰਾਮ ਨੂੰ ਸ਼ਾਨਦਾਰ ਸਫਲ ਬਣਾਉਣ ਲਈ ਧੰਨਵਾਦ ਕੀਤਾ।
ਇਸ ਮੌਕੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਐਸ.ਕੇ ਨਾਗਪਾਲ ਨੇ ਕਿਹਾ ਕਿ ਇਹ ਪ੍ਰੋਗਰਾਮ ਐਲੈਂਕੋ ਇੰਡੀਆ ਦੀ ‘ਕੈਚ ਦੈਮ ਯੰਗ’ ਪਹਿਲ ਤਹਿਤ ਕਰਵਾਇਆ ਗਿਆ ਹੈ।
Punjab Post Daily Online Newspaper & Print Media