ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਵੱਲੋਂ ਆਈ.ਡੀ.ਪੀ ਐਜੂਕੇਸ਼ਨ ਦੇ ਸਹਿਯੋਗ ਨਾਲ ‘ਐਕਸਲਰੇਟਰਜ਼:
ਗਲੋਬਲ ਮੌਕਿਆਂ ਸਬੰਧੀ ਮਾਹਿਰ ਸੈਸ਼ਨ’ ਵਿਸ਼ੇ ’ਤੇ ਜਾਣਕਾਰੀ ਭਰਪੂਰ ਸੈਸ਼ਨ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਕਰਵਾਏ ਗਏ ਸੈਸ਼ਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਉੱਚ ਸਿੱਖਿਆ ਦੇ ਮੌਕਿਆਂ, ਸਕਾਲਰਸ਼ਿਪਾਂ, ਕਰੀਅਰ ਦੇ ਰਾਹਾਂ ਅਤੇ ਫੂਡ ਸਾਇੰਸ ਐਂਡ ਟੈਕਨਾਲੋਜੀ ਦੇ ਖੇਤਰ ’ਚ ਉੱਭਰ ਰਹੀਆਂ ਪੇਸ਼ੇਵਰ ਸੰਭਾਵਨਾਵਾਂ ਬਾਰੇ ਜਾਣੂ ਕਰਵਾਉਣਾ ਸੀ।
ਵਿਭਾਗ ਮੁਖੀ ਡਾ. ਗੁਰਸ਼ਰਨ ਕੌਰ ਦੇ ਯਤਨਾਂ ਨਾਲ ਉਲੀਕੇ ਪ੍ਰੋਗਰਾਮ ਮੌਕੇ ਆਈ.ਡੀ.ਪੀ ਸਟਰੈਟਜਿਕ ਅਲਾਇੰਸ ਤੋਂ ਅਸਿਸਟੈਂਟ ਮੈਨੇਜਰ ਕਰਨਬੀਰ ਸਿੰਘ ਨੇ ਮਾਹਿਰ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ’ਚ ਅੰਤਰਰਾਸ਼ਟਰੀ ਸਿੱਖਿਆ, ਕਰੀਅਰ ਦੇ ਵੱਖ-ਵੱਖ ਮੌਕਿਆਂ, ਸਕਾਲਰਸ਼ਿਪਾਂ ਅਤੇ ਫੂਡ ਸਾਇੰਸ ਐਂਡ ਟੈਕਨਾਲੋਜੀ ਦੇ ਖੇਤਰ ’ਚ ਵਿਸ਼ਵ ਪੱਧਰੀ ਪੇਸ਼ੇਵਰ ਸੰਭਾਵਨਾਵਾਂ ਸਬੰਧੀ ਜਾਗ੍ਰਿਤ ਕੀਤਾ।
ਪ੍ਰਿੰ: ਡਾ. ਰੰਧਾਵਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰੋਗਰਾਮ ਦੌਰਾਨ ਆਈ.ਡੀ.ਪੀ ਦੀ ਮਾਹਿਰ ਟੀਮ ਨੇ ਵਿਦਿਆਰਥੀਆਂ ਨੂੰ ਵਿਦੇਸ਼ਾਂ ’ਚ ਉੱਚ ਸਿੱਖਿਆ ਹਾਸਲ ਕਰਨ ਅਤੇ ਕਰੀਅਰ ਨੂੰ ਅੱਗੇ ਵਧਾਉਣ ਸਬੰਧੀ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਸੈਸ਼ਨ ਦੌਰਾਨ ਮਾਹਿਰਾਂ ਨੇ ਅੰਤਰਰਾਸ਼ਟਰੀ ਸਿੱਖਿਆ ਨਾਲ ਜੁੜੇ ਯੂਨੀਵਰਸਿਟੀਆਂ ਦੀ ਚੋਣ, ਦਾਖ਼ਲੇ ਦੀਆਂ ਲੋੜਾਂ, ਅਰਜ਼ੀ ਪ੍ਰਕਿਰਿਆ, ਅੰਗਰੇਜ਼ੀ ਭਾਸ਼ਾ ਦੀ ਯੋਗਤਾ ਪ੍ਰੀਖਿਆਵਾਂ, ਸਕਾਲਰਸ਼ਿਪ ਦੇ ਮੌਕੇ ਅਤੇ ਭਵਿੱਖੀ ਕਰੀਅਰ ਸੰਭਾਵਨਾਵਾਂ ਆਦਿ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਗਿਆਨ ਸਾਂਝਾ ਕੀਤਾ।
ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਬੁਲਾਰਿਆਂ ਨੇ ਫੂਡ ਪ੍ਰੋਸੈਸਿੰਗ, ਫੂਡ ਸੇਫਟੀ, ਕੁਆਲਿਟੀ ਅਸ਼ੋਰੈਂਸ, ਉਤਪਾਦ ਵਿਕਾਸ, ਪੋਸ਼ਣ ਅਤੇ ਇਸ ਨਾਲ ਸਬੰਧਿਤ ਹੋਰਨਾਂ ਖੇਤਰਾਂ ’ਚ ਹੁਨਰਮੰਦ ਪੇਸ਼ੇਵਰਾਂ ਦੀ ਵਿਸ਼ਵ ਪੱਧਰ ’ਤੇ ਵੱਧ ਰਹੀ ਮੰਗ ਸਬੰਧੀ ਵੀ ਜਾਣੂ ਕਰਵਾਇਆ।ੱੱੱਉਨ੍ਹਾਂ ਕਿਹਾ ਕਿ ਸੈਸ਼ਨ ਦੌਰਾਨ ਰਵਾਇਤੀ ਅਕਾਦਮਿਕ ਰਾਹਾਂ ਤੋਂ ਇਲਾਵਾ ਵਿਦੇਸ਼ਾਂ ’ਚ ਉਪਲਬਧ ਵਿਆਪਕ ਸਿੱਖਿਆ ਅਤੇ ਕਰੀਅਰ ਦੇ ਮੌਕਿਆਂ ਦਾ ਗਿਆਨ ਵਿਦਿਆਰਥੀਆਂ ਲਈ ਭਵਿੱਖ ’ਚ ਸਹਾਈ ਸਿੱਧ ਹੋਵੇਗਾ।ਵਿਦਿਆਰਥੀਆਂ ਨੇ ਮਾਹਿਰਾਂ ਪਾਸੋਂ ਵਿਦੇਸ਼ਾਂ ’ਚ ਪੜ੍ਹਾਈ, ਸਕਾਲਰਸ਼ਿਪ ਦੀ ਉਪਲੱਬਧਤਾ, ਯੋਗਤਾ ਮਾਪਦੰਡ, ਢੁਕਵੇਂ ਅਕਾਦਮਿਕ ਪ੍ਰੋਗਰਾਮਾਂ ਅਤੇ ਭਵਿੱਖ ’ਚ ਕਰੀਅਰ ਦੇ ਮੌਕਿਆਂ ਸਬੰਧੀ ਵੱਖ-ਵੱਖ ਸਵਾਲ ਵੀ ਪੁੱਛੇ।
ਉਨ੍ਹਾਂ ਕਿਹਾ ਕਿ ਸੈਸ਼ਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਿਸ਼ਵ ਪੱਧਰ ’ਤੇ ਫੂਡ ਇੰਡਸਟਰੀ ਦੀਆਂ ਬਦਲਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਿਦਿਆਰਥੀਆਂ ਵੱਲੋਂ ਆਧੁਨਿਕ ਗਿਆਨ, ਵਿਹਾਰਕ ਹੁਨਰ, ਅੰਤਰਰਾਸ਼ਟਰੀ ਤਜ਼ਰਬਾ ਅਤੇ ਪੇਸ਼ੇਵਰ ਯੋਗਤਾਵਾਂ ਹਾਸਲ ਕਰਨਾ ਬੇਹੱਦ ਜ਼ਰੂਰੀ ਹੈ।
Check Also
ਨਗਰ ਨਿਗਮ ਦੀ ਨਜਾਇਜ਼ ਕਬਜ਼ਾਧਾਰੀਆਂ `ਤੇ ਵੱਡੀ ਕਾਰਵਾਈ
ਵਿਵਾਦਤ ਜ਼ਮੀਨ `ਤੇ ਬਣੀ ਨਵੀਂ ਦੁਕਾਨ ਸੀਲ, ਕਰੋੜਾਂ ਦੀ ਜ਼ਮੀਨ ਵੇਚਣ ਦੀ ਜਾਂਚ ਸ਼ੁਰੂ ਅੰਮ੍ਰਿਤਸਰ, …
Punjab Post Daily Online Newspaper & Print Media