ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਅੱਜ ਦੋ ਰੋਜ਼ਾ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਸ਼ਾਨਦਾਰ ਅਗਾਜ਼ ਹੋਇਆ।ਕਾਲਜ ਪ੍ਰਿੰਸੀਪਲ ਡਾ. ਆਤਮ
ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਫੈਸਟੀਵਲ ਦਾ ਮਕਸਦ ਵਿਦਿਆਰਥੀਆਂ ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ’ਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਨਾ ਅਤੇ ਭਾਰਤ ਤੇ ਵਿਸ਼ਵ ਨਾਲ ਸਬੰਧਿਤ ਸਮਕਾਲੀ ਮੁੱਦਿਆਂ ਬਾਰੇ ਜਾਗਰੂਕ ਕਰਨਾ ਹੈ।
ਖਾਲਸਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਉਲੀਕੇ ਗਏ ਇਸ ਪ੍ਰੋਰਗਾਮ ਮੌਕੇ ਲੈਫਟੀਨੈਂਟ ਜਨਰਲ ਟੀ.ਐਸ ਸ਼ੇਰਗਿੱਲ, ਪੀ.ਵੀ.ਐਸ.ਐਮ, ਪੀ.ਐਚ.ਡੀ, ਚੇਅਰਮੈਨ, ਮਿਲਟਰੀ ਲਿਟਰੇਚਰ ਫੈਸਟੀਵਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਹੋਰਨਾਂ ’ਚ ਰਾਜਦੂਤ ਨਵਤੇਜ ਸਿੰਘ ਸਰਨਾ, ਆਈ.ਐਫ.ਐਸ, ਸਾਬਕਾ ਰਾਜਦੂਤ ਅਤੇ ਪ੍ਰਸਿੱਧ ਲੇਖਕ ਰਾਜਦੂਤ ਨਵਦੀਪ ਸਿੰਘ ਸੂਰੀ ਆਈ.ਐਫ.ਐਸ, ਡਿਪਲੋਮੈਟ ਅਤੇ ਲੇਖਕ; ਲੈਫਟੀਨੈਂਟ ਜਨਰਲ (ਡਾ.) ਜੇ.ਐਸ ਚੀਮਾ, ਪੀ.ਵੀ.ਐਸ.ਐਮ, ਏ.ਵੀ.ਐਸ.ਐਮ, ਵੀ.ਐਸ.ਐਮ; ਅਤੇ ਮੇਜਰ ਜਨਰਲ ਹਰਵਿਜੈ ਸਿੰਘ, ਐਸ.ਐਮ., ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਗੁਨਬੀਰ ਸਿੰਘ ਵੀ ਸ਼ਾਮਿਲ ਹੋਏ।
ਇਸ ਫੈਸਟੀਵਲ ਦੌਰਾਨ ਉੱਘੇ ਡਿਪਲੋਮੈਟਾਂ, ਸਾਬਕਾ ਫੌਜੀ ਅਧਿਕਾਰੀਆਂ, ਲੇਖਕਾਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨਾਲ ਰਾਸ਼ਟਰੀ ਸੁਰੱਖਿਆ, ਅੰਤਰਰਾਸ਼ਟਰੀ ਮਾਮਲਿਆਂ ਅਤੇ ਇਤਿਹਾਸ ਨਾਲ ਸਬੰਧਤ ਮਹੱਤਵਪੂਰਨ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ।
ਇਸ ਮੌਕੇ ਹਾਜ਼ਰ ਬੁਲਾਰਿਆਂ ਨੇ ਪੱਛਮੀ ਏਸ਼ੀਆ ਦੇ ਸੰਕਟ ਅਤੇ ਜਲ੍ਹਿਆਂਵਾਲਾ ਬਾਗ ਸਾਕੇ ਸਮੇਤ ਕਈ ਮਹੱਤਵਪੂਰਨ ਸਮਕਾਲੀ ਅਤੇ ਇਤਿਹਾਸਕ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ।ਇਸ ਦੌਰਾਨ ਵਿਦਿਆਰਥੀਆਂ ਨੂੰ ਭੂ-ਰਾਜਨੀਤੀ, ਫੌਜੀ ਮਾਮਲਿਆਂ ਅਤੇ ਭਾਰਤ ਦੇ ਇਤਿਹਾਸਕ ਤਜ਼ਰਬਿਆਂ ਸਬੰਧੀ ਮਹੱਤਵਪੂਰਨ ਜਾਣਕਾਰੀ ਅਤੇ ਨਜ਼ਰੀਆ ਪ੍ਰਾਪਤ ਕੀਤਾ।ਲੈਫਟੀਨੈਂਟ ਜਨਰਲ ਸ਼ੇਰਗਿੱਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਭਾਰਤੀ ਫੌਜ ’ਚ ਕਰੀਅਰ ਨਾਲ ਜੁੜੇ ਵੱਖ-ਵੱਖ ਮੌਕਿਆਂ ਅਤੇ ਫਾਇਦਿਆਂ ਬਾਰੇ ਜਾਣਕਾਰੀ ਦਿੰਦਿਆਂ ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ ’ਚ ਅਤੇ ਦੇਸ਼ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ।
ਇਸ ਦੌਰਾਨ ਮੁੱਖ ਆਕਰਸ਼ਣ ਫੌਜੀ ਸਾਜ਼ੋ-ਸਾਮਾਨ ਦੀ ਪ੍ਰਦਰਸ਼ਨੀ ਰਹੀ, ਜਿਸ ਰਾਹੀਂ ਵਿਦਿਆਰਥੀਆਂ ਨੂੰ ਆਧੁਨਿਕ ਫੌਜੀ ਪਲੇਟਫਾਰਮਾਂ, ਹਥਿਆਰਾਂ ਅਤੇ ਨਿਗਰਾਨੀ ਪ੍ਰਣਾਲੀਆਂ ਨੂੰ ਨੇੜਿਓਂ ਦੇਖਣ ਦਾ ਵਿਲੱਖਣ ਮੌਕਾ ਮਿਲਿਆ।ਪ੍ਰਦਰਸ਼ਨੀ ’ਚ ਟੀ-72 ਟੈਂਕ, ਬੀ.ਐਮ.ਪੀ, ਐੱਲ-70 ਐਂਟੀ-ਏਅਰਕ੍ਰਾਫਟ ਗਨ, ਜ਼ੈਡ.ਯੂ-23 ਐਂਟੀ-ਏਅਰਕ੍ਰਾਫਟ ਸਿਸਟਮ, ਡਰੋਨ, ਆਧੁਨਿਕ ਫੌਜੀ ਵਾਹਨ, ਰਡਾਰ, ਨਾਈਟ-ਵਿਜ਼ਨ ਉਪਕਰਣ ਅਤੇ ਛੋਟੇ ਹਥਿਆਰ ਪ੍ਰਦਰਸ਼ਿਤ ਕੀਤੇ ਗਏ।ਇਹ ਫੌਜੀ ਸਾਜ਼ੋ-ਸਾਮਾਨ ਦੀ ਪ੍ਰਦਰਸ਼ਨੀ ਵਿਦਿਆਰਥੀਆਂ ਲਈ ਇੱਕ ਹੋਰ ਦਿਨ ਖੁੱਲ੍ਹੀ ਰਹੇਗੀ।
ਇਸ ਮੌਕੇ ਲੈਫਟੀਨੈਂਟ ਜਨਰਲ ਸ਼ੇਰਗਿੱਲ ਨੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਉਪ ਕੁਲਪਤੀ ਡਾ. ਮਹਿਲ ਸਿੰਘ ਅਤੇ ਐਗਜੇਮੀਨੇਸ਼ਨ ਕੰਟਰੋਲਰ ਡਾ. ਕੰਵਲਜੀਤ ਸਿੰਘ ਦਾ ਪ੍ਰੋਗਰਾਮ ਉਲੀਕਣ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਫੈਸਟੀਵਲ ਨੌਜਵਾਨਾਂ ਦੇ ਗਿਆਨ ’ਚ ਵਾਧਾ ਕਰਨ ਲਈ ਅਤਿ ਸਹਾਈ ਸਿੱਧ ਹੁੰਦੇ ਹਨ।ਉਨ੍ਹਾਂ ਕਿਹਾ ਕਿ ਕਾਲਜ ਵਿਖੇ ਕਰਵਾਏ ਗਏ ਇਸ ਫੈਸਟੀਵਲ ਦੌਰਾਨ ਵਿਦਿਆਰਥੀਆਂ ਅਤੇ ਸਟਾਫ਼ ’ਚ ਭਰਪੂਰ ਉਤਸ਼ਾਹ ਅਤੇ ਭਰਵਾਂ ਹੁੰਗਾਰਾ ਵੇਖਣ ਨੂੰ ਮਿਲਿਆ।
ਇਸ ਦੌਰਾਨ ਫੌਜੀ ਮਾਹਿਰਾਂ, ਡਿਪਲੋਮੈਟਾਂ ਅਤੇ ਲੇਖਕਾਂ ਨਾਲ ਹੋਈ ਗੱਲਬਾਤ ਨੇ ਨੌਜਵਾਨਾਂ ਨੂੰ ਭਾਰਤ ਦੇ ਸੁਰੱਖਿਆ ਵਾਤਾਵਰਣ ਨੂੰ ਡੂੰਘਾਈ ਨਾਲ ਸਮਝਣ ਦੇ ਨਾਲ-ਨਾਲ ਹਥਿਆਰਬੰਦ ਸੈਨਾਵਾਂ ’ਚ ਕਰੀਅਰ ਦੇ ਮੌਕਿਆਂ ਬਾਰੇ ਜਾਣਨ ਦਾ ਵੀ ਮੌਕਾ ਪ੍ਰਦਾਨ ਕੀਤਾ।
ਇਸ ਦੌਰਾਨ ਪ੍ਰਿੰ: ਡਾ. ਰੰਧਾਵਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਰਾਸ਼ਟਰੀ ਮਹੱਤਤਾ ਵਾਲੇ ਮੁੱਦਿਆਂ ਨਾਲ ਜਾਣੂ ਕਰਵਾਉਣ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ ’ਚ ਭਵਿੱਖ ਬਣਾਉਣ ਲਈ ਪ੍ਰੇਰਿਤ ਕਰਨ ਵਾਸਤੇ ਅਜਿਹੇ ਪ੍ਰੋਗਰਾਮ ਨਿਯਮਿਤ ਤੌਰ ’ਤੇ ਕਰਵਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਉਨ੍ਹਾਂ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਫੈਸਟੀਵਲ ਦੇ ਦੂਜੇ ਦਿਨ ਵੀ ਵੱਧ ਤੋਂ ਵੱਧ ਉਤਸ਼ਾਹ ਨਾਲ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ। ਫੈਸਟੀਵਲ ਦੇ ਦੂਜੇ ਦਿਨ ਹੋਣ ਵਾਲੇ ਵਿਚਾਰ-ਵਟਾਂਦਰੇ ਦਾ ਮੁੱਖ ਵਿਸ਼ਾ 1965 ਦੀ ਭਾਰਤ-ਪਾਕਿਸਤਾਨ ਜੰਗ ਰਹੇਗਾ।
ਫੈਸਟੀਵਲ ਦੇ ਪਹਿਲੇ ਦਿਨ ਦੇ ਸਫਲ ਆਯੋਜਨ ਦੀ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਹ ਫੈਸਟੀਵਲ ਪੰਜਾਬ ਦੇ ਨੌਜਵਾਨਾਂ ’ਚ ਫੌਜੀ ਸੇਵਾ, ਰਾਸ਼ਟਰੀ ਸੁਰੱਖਿਆ ਅਤੇ ਵਿਸ਼ਵ ’ਚ ਸ਼ਾਂਤੀ ਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ’ਚ ਭਾਰਤ ਦੀ ਭੂਮਿਕਾ ਸਬੰਧੀ ਵਧੇਰੇ ਜਾਗਰੂਕਤਾ ਪੈਦਾ ਕਰਨ ’ਚ ਮਹੱਤਵਪੂਰਨ ਯੋਗਦਾਨ ਪਾਉਣ ਦੀ ਉਮੀਦ ਹੈ।
Check Also
ਨਗਰ ਨਿਗਮ ਦੀ ਨਜਾਇਜ਼ ਕਬਜ਼ਾਧਾਰੀਆਂ `ਤੇ ਵੱਡੀ ਕਾਰਵਾਈ
ਵਿਵਾਦਤ ਜ਼ਮੀਨ `ਤੇ ਬਣੀ ਨਵੀਂ ਦੁਕਾਨ ਸੀਲ, ਕਰੋੜਾਂ ਦੀ ਜ਼ਮੀਨ ਵੇਚਣ ਦੀ ਜਾਂਚ ਸ਼ੁਰੂ ਅੰਮ੍ਰਿਤਸਰ, …
Punjab Post Daily Online Newspaper & Print Media