ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅਤੇ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ ਦੇ ਸਾਂਝੇ ਪ੍ਰੋਜੈਕਟ ਅਧੀਨ ਚਲਾਏ ਜਾ
ਰਹੇ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੇ ਵਿਸ਼ੇਸ਼ ਵਿਦਿਆਰਥੀ ਰਮੇਸ਼ ਨੇ ਆਪਣੀ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪੈਸ਼ਲ ਓਲਪਿੰਕ ਪੂਰਬੀ ਏਸ਼ੀਆ ਬੌਲਿੰਗ ਮੁਕਾਬਲਾ 2026 ਹਾਂਗਕਾਂਗ ਵਿੱਚ ਸ਼ਾਨਦਾਰ ਜਿੱਤ ਦਰਜ਼ ਕੀਤੀ ਹੈ।
ਰਹੇ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੇ ਵਿਸ਼ੇਸ਼ ਵਿਦਿਆਰਥੀ ਰਮੇਸ਼ ਨੇ ਆਪਣੀ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪੈਸ਼ਲ ਓਲਪਿੰਕ ਪੂਰਬੀ ਏਸ਼ੀਆ ਬੌਲਿੰਗ ਮੁਕਾਬਲਾ 2026 ਹਾਂਗਕਾਂਗ ਵਿੱਚ ਸ਼ਾਨਦਾਰ ਜਿੱਤ ਦਰਜ਼ ਕੀਤੀ ਹੈ।ਰਮੇਸ਼ ਨੇ 4 ਸਤੰਬਰ ਤੋਂ 9 ਸਤੰਬਰ 2026 ਤੱਕ ਹਾਂਗ ਕਾਂਗ ਵਿੱਚ ਹੋਏ ਮੁਕਾਬਲਿਆਂ ਵਿੱਚ ਭਾਗ ਲਿਆ।ਉਸ ਨੇ ਡਬਲ ਮੁਕਾਬਲੇ ਅਤੇ ਮਿਕਸਡ ਟੀਮ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਦੋ ਗੋਲਡ ਮੈਡਲ ਜਿੱਤੇ।ਇਸ ਤੋਂ ਇਲਾਵਾ ਸਿੰਗਲ ਮੁਕਾਬਲੇ ਵਿੱਚ ਵੀ ਉਸ ਨੇ ਚੌਥਾ ਸਥਾਨ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਰਮੇਸ਼ ਨੂੰ ਸਾਲ 2018 ਵਿੱਚ ਪਿੰਗਲਵਾੜਾ ਸੰਸਥਾ ਮਾਨਾਂਵਾਲਾ ਬ੍ਰਾਂਚ ਵਿਖੇ ਲਿਆਂਦਾ ਗਿਆ ਸੀ।ਉਸ ਸਮੇਂ ਉਹ ਸਰੀਰਕ ਤੌਰ ’ਤੇ ਕਮਜ਼ੋਰ ਸੀ ਅਤੇ ਤੁਰਨ-ਫਿਰਨ ਵਿੱਚ ਵੀ ਮੁਸ਼ਕਿਲ ਮਹਿਸੂਸ ਕਰਦਾ ਸੀ।ਪਿੰਗਲਵਾੜਾ ਸੰਸਥਾ ਵੱਲੋਂ ਉਸ ਦੀ ਲਗਾਤਾਰ ਦੇਖ-ਭਾਲ, ਮੈਡੀਕਲ ਇਲਾਜ ਅਤੇ ਫਿਜ਼ਿਓਥੈਰੇਪੀ ਕੀਤੀ ਗਈ, ਜਿਸ ਨਾਲ ਉਸ ਦੀ ਸਰੀਰਕ ਸਮਰੱਥਾ ਵਿੱਚ ਮਹੱਤਵਪੂਰਨ ਸੁਧਾਰ ਆਇਆ।
ਰਮੇਸ਼ ਸਾਲ 2019 ਵਿੱਚ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਵਿੱਚ ਦਾਖਲ ਹੋਇਆ।ਸਕੂਲ ਆਉਣ ਸਮੇਂ ਉਹ ਬਹੁਤ ਚੁੱਪ ਰਹਿੰਦਾ ਸੀ ਅਤੇ ਕਿਸੇ ਨਾਲ ਗੱਲਬਾਤ ਨਹੀਂ ਸੀ ਕਰਦਾ।ਸਕੂਲ ਦੀ ਸਿੱਖਿਆ, ਅਧਿਆਪਕਾਂ ਦੀ ਮਿਹਨਤ ਅਤੇ ਪਿਆਰ ਭਰੇ ਮਾਹੌਲ ਨਾਲ ਉਸ ਵਿੱਚ ਹੌਲੀ-ਹੌਲੀ ਵੱਡਾ ਬਦਲਾਅ ਆਇਆ।ਰਮੇਸ਼ ਨਾ ਸਿਰਫ਼ ਗੱਲਬਾਤ ਕਰਦਾ ਹੈ, ਸਗੋਂ ਸਕੂਲ ਦੇ ਵਿੱਦਿਅਕ, ਵੋਕੇਸ਼ਨਲ ਅਤੇ ਖੇਡਾਂ ਨਾਲ ਸਬੰਧਤ ਕੰਮਾਂ ਵਿੱਚ ਸਰਗਰਮੀ ਨਾਲ ਭਾਗ ਲੈਂਦਾ ਹੈ।
ਰਮੇਸ਼ ਬਹੁਤ ਹੀ ਸ਼ਾਂਤ ਅਤੇ ਮਿਲਣਸਾਰ ਸੁਭਾਅ ਦਾ ਹੈ।ਉਹ ਸਕੂਲ ਦੇ ਹੋਰ ਵਿਦਿਆਰਥੀਆਂ ਦੀ ਮਦਦ ਕਰਦਾ ਹੈ, ਅਧਿਆਪਕਾਂ ਦੀ ਗੱਲ ਮੰਨਦਾ ਹੈ ਅਤੇ ਆਪਣੀ ਸਫ਼ਾਈ ਦਾ ਵੀ ਵਿਸ਼ੇਸ਼ ਧਿਆਨ ਰੱਖਦਾ ਹੈ।ਉਸ ਨੂੰ ਰੰਗ ਭਰਨਾ ਅਤੇ ਹੋਰ ਬੱਚਿਆਂ ਦੀ ਸਹਾਇਤਾ ਕਰਨਾ ਵਿਸ਼ੇਸ਼ ਤੌਰ ’ਤੇ ਪਸੰਦ ਹੈ।
ਰਮੇਸ਼ ਨੇ 26 ਜੁਲਾਈ 2020 ਨੂੰ ਸਪੈਸ਼ਲ ਓਲਪਿੰਕ ਵਰਚੂਯਲ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਪਹਿਲਾ ਸਥਾਨ ਅਤੇ ਗੋਲਡ ਮੈਡਲ ਹਾਸਲ ਕੀਤਾ ਸੀ।ਉਸ ਨੇ 1 ਤੋਂ 5 ਸਤੰਬਰ 2024 ਤੱਕ ਹੋਈ ਨੈਸ਼ਨਲ ਬੌਲਿੰਗ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਬ੍ਰੌਂਜ਼ ਮੈਡਲ ਹਾਸਲ ਕੀਤਾ ਸੀ।
20 ਤੋਂ 24 ਅਪ੍ਰੈਲ 2026 ਤੱਕ ਹੋਈ ਨੈਸ਼ਨਲ ਬੌਲਿੰਗ ਚੈਂਪੀਅਨਸ਼ਿਪ ਦਿੱਲੀ ਵਿੱਚ ਰਮੇਸ਼ ਨੇ ਸਿਲਵਰ ਅਤੇ ਗੋਲਡ ਮੈਡਲ ਜਿੱਤੇ।ਇਸ ਤੋਂ ਬਾਅਦ ਉਸ ਨੇ ਬੌਲਿੰਗ ਪ੍ਰੀਪੇਅਰਟਰੀ ਕੈਂਪ-1, ਕੈਂਪ-2 ਅਤੇ ਕੈਂਪ-3 ਵਿੱਚ ਭਾਗ ਲਿਆ ਅਤੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦੇ ਆਧਾਰ ’ਤੇ ਅੰਤਰਰਾਸ਼ਟਰੀ ਮੁਕਾਬਲੇ ਲਈ ਚੁਣਿਆ ਗਿਆ।
ਆਖਿਰਕਾਰ ਸਪੈਸ਼ਲ ਓਲਪਿੰਕ ਪੂਰਬੀ ਏਸ਼ੀਆ ਬੌਲਿੰਗ ਮੁਕਾਬਲਾ 2026, ਹਾਂਗਕਾਂਗ ਵਿੱਚ ਉਸ ਨੇ ਦੋ ਗੋਲਡ ਮੈਡਲ ਜਿੱਤ ਕੇ ਪਿੰਗਲਵਾੜਾ ਸੰਸਥਾ, ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ।
ਰਮੇਸ਼ ਦੀ ਇਸ ਅੰਤਰਰਾਸ਼ਟਰੀ ਸਫ਼ਲਤਾ ਪਿੱਛੇ ਉਸ ਦੀ ਆਪਣੀ ਮਿਹਨਤ ਦੇ ਨਾਲ-ਨਾਲ ਕੋਚ ਨਵਦੀਪ ਸਿੰਘ, ਪ੍ਰਿੰਸੀਪਲ ਸ੍ਰੀਮਤੀ ਅਨੀਤਾ ਬੱਤਰਾ ਅਤੇ ਪਿੰਗਲਵਾੜਾ ਸੰਸਥਾ ਦਾ ਵੱਡਾ ਯੋਗਦਾਨ ਹੈ।ਕੋਚ ਨਵਦੀਪ ਸਿੰਘ ਪਿੱਛਲੇ ਤਿੰਨ ਸਾਲਾਂ ਤੋਂ ਰਮੇਸ਼ ਨੂੰ ਲਗਾਤਾਰ ਮਿਹਨਤ, ਲਗਨ ਅਤੇ ਸਮਰਪਣ ਨਾਲ ਬੌਲਿੰਗ ਦੀ ਟ੍ਰੇਨਿੰਗ ਦੇ ਰਹੇ ਹਨ।ਉਨ੍ਹਾਂ ਦੀ ਮਿਹਨਤ ਸਦਕਾ ਰਮੇਸ਼ ਦੇ ਖੇਡ ਕੌਸ਼ਲ ਅਤੇ ਆਤਮ-ਵਿਸ਼ਵਾਸ ਵਿੱਚ ਵੱਡਾ ਵਾਧਾ ਹੋਇਆ।
ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਅਤੇ ਸੋਸਾਇਟੀ ਮੈਂਬਰਾਂ ਵੱਲੋਂ ਰਮੇਸ਼ ਦਾ ਸਵਾਗਤ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚਣ ‘ਤੇ ਫੁੱਲਾਂ ਦੇ ਹਾਰਾਂ ਨਾਲ ਅਤੇ ਢੋਲ ਵਜਾ ਕੇ ਕੀਤਾ ਗਿਆ।ਡਾ. ਅੰਮ੍ਰਿਤਪਾਲ ਸਿੰਘ ਚਾਵਲਾ (ਡਾਇਰੈਕਟਰ ਚੀਫ਼ ਖਾਲਸਾ ਦੀਵਾਨ ਆਫ਼ ਐਜੂਕੇਸ਼ਨ, ਭੁਪਿੰਦਰ ਸਿੰਘ, ਬੀਬੀ ਦਲਜੀਤ ਕੌਰ, ਰਣਕੀਰਤ ਸਿੰਘ (ਸਪੋਰਟਸ ਵਿਭਾਗ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਜੀ.ਟੀ ਰੋਡ ਅੰਮ੍ਰਿਤਸਰ, ਸੈਕਟਰੀ ਰੈਡ ਕਰਾਸ ਸੋਸਾਇਟੀ, ਅਮਰਬੀਰ ਸਿੰਘ ਢੋਟ ਹਲਕਾ ਇੰਚਾਰਜ਼ (ਆਪ) ਐਂਡ ਗਰੁੱਪ ਵੱਲੋਂ ਭੰਡਾਰੀ ਪੁੱਲ ਤੇ ਨਿੱਘਾ ਸਵਾਗਤ ਕੀਤਾ ਗਿਆ।ਇਸ ਵਿੱਚ ਪ੍ਰਧਾਨ ਸਰਬਜੀਤ ਸਿੰਘ ਵੀ ਸ਼ਾਮਲ ਹੋਏ।
ਪਿੰਗਲਵਾੜਾ ਅੰਮ੍ਰਿਤਸਰ ਦੇ ਮੁੱਖ ਦਫ਼ਤਰ ਵਿੱਚ ਵਿਸ਼ੇਸ਼ ਸਨਮਾਨ ਸਮਾਗਮ ਕੀਤਾ ਗਿਆ ਜਿਸ ਵਿੱਚ ਅੰਮ੍ਰਿਤਸਰ ਦੇ ਗੁਰਮਿੰਦਰ ਸਿੰਘ ਐਸ.ਡੀ.ਐਮ ਅੰਮ੍ਰਿਤਸਰ-2 ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ।ਇਸ ਸਮੇਂ ਡਾ. ਇੰਦਰਜੀਤ ਕੌਰ, ਮੁੱਖ ਸੇਵਾਦਾਰ ਨੇ ਆਪਣੇ ਵਿਚਾਰ ਦਿੰਦਿਆਂ ਸਮੂਹ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ’ ਆਖਿਆ ਅਤੇ ਵਾਤਾਵਰਨ ਸੰਬੰਧੀ ਵੱਡਮੁੱਲੇ ਵਿਚਾਰ ਪੇਸ਼ ਕੀਤੇ।
ਇਸ ਸਮੇਂ ਡਾ. ਜਗਦੀਪਕ ਸਿੰਘ ਮੀਤ-ਪ੍ਰਧਾਨ, ਆਨ. ਮੁਖਤਾਰ ਸਿੰਘ ਗੁਰਾਇਆ ਆਨਰੇਰੀ ਸਕੱਤਰ, ਰਾਜਬੀਰ ਸਿੰਘ ਮੈਂਬਰ, ਡਾ. ਨਿਰਮਲ ਸਿੰਘ ਮੈਂਬਰ, ਯੋਗੇਸ਼ ਸੂਰੀ ਮੁਖ ਪ੍ਰਸ਼ਾਸਕ, ਰਜਿੰਦਰ ਸਿੰਘ ਪ੍ਰਸ਼ਾਸਕ ਮਾਨਾਂਵਾਲਾ, ਤਿਲਕ ਰਾਜ ਜਨਰਲ ਮੈਨੇਜਰ, ਹਰਪਾਲ ਸਿੰਘ ਸੰਧੂ, ਗੁਲਸ਼ਨ ਰੰਜਨ, ਨਰਿੰਦਰਪਾਲ ਸਿੰਘ ਸੋਹਲ, ਕੁਲਦੀਪ ਸਿੰਘ ਇੰਚਾਰਜ਼ ਭਗਤ ਪੂਰਨ ਸਿੰਘ ਇੰਸਟੀਚਿਊਟ ਆਫ਼ ਸਪੈਸ਼ਲ ਨੀਡਜ਼, ਪਵਨ ਸ਼ਰਮਾ, ਪ੍ਰਿੰਸੀਪਲ ਨਰੇਸ਼ ਕਾਲੀਆ, ਸਮੂਹ ਸਟਾਫ਼ ਅਤੇ ਵਾਰਡਾਂ ਦੇ ਸੇਵਦਾਰ ਅਤੇ ਇੰਚਾਰਜ਼ ਆਦਿ ਹਾਜ਼ਰ ਸਨ।
Punjab Post Daily Online Newspaper & Print Media