ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸਿੱਖ ਧਰਮ ਅਤੇ ਬੁੱਧ ਧਰਮ ਦੋਵੇਂ ਮਨੁੱਖਤਾ ਨੂੰ ਉੱਚਾ ਚੁੱਕਣ, ਸੱਚ ਦੇ ਮਾਰਗ ’ਤੇ ਚੱਲਣ ਅਤੇ ਸਮਾਜ ’ਚ ਸ਼ਾਂਤੀ ਕਾਇਮ ਕਰਨ ਦਾ
ਸੁਨੇਹਾ ਦਿੰਦੇ ਹਨ।ਭਗਵਾਨ ਬੁੱਧ ਨੇ ਦਇਆ, ਕਣਾ, ਅਹਿੰਸਾ ਅਤੇ ਸਹਿਣਸ਼ੀਲਤਾ ਨੂੰ ਜੀਵਨ ਦਾ ਅਹਿਮ ਅੰਗ ਬਣਾਉਣ ਦੀ ਪ੍ਰੇਰਣਾ ਦਿੱਤੀ, ਜਦਕਿ ਸਮੂਹ ਜਗਤ ਦੇ ਪਾਲਣਹਾਰ ਧੰਨ ਨਿਰੰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਮਨੁੱਖੀ ਬਰਾਬਰੀ, ਸੇਵਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਖਾਲਸਾ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਵੱਲੋਂ ਸਿੱਖ ਇਤਿਹਾਸ ਖੋਜ਼ ਕੇਂਦਰ ਵਿਖੇ ‘ਬੁੱਧ ਅਤੇ ਸਿੱਖ ਧਰਮ’ ਵਿਸ਼ੇ ’ਤੇ ਕਰਵਾਏ ਗਏ ਵਿਸ਼ੇਸ਼ ਸੈਮੀਨਾਰ ’ਚ ਬੁੱਧਾ ਐਜੂਕੇਸ਼ਨ ਸੋਸਾਇਟੀ, ਕੁਸ਼ੀਨਗਰ ਤੋਂ ਪੁੱਜੇ ਉਪ ਪ੍ਰਧਾਨ ਭੰਤੇ ਮਹਿੰਦਰਾ ਨੇ ਕੀਤਾ।
ਸੈਮੀਨਾਰ ਦੀ ਸ਼ੁਰੂਆਤ ਮੌਕੇ ਆਪਣੇ ਕੁੰਜੀਵਤ ਭਾਸ਼ਣ ’ਚ ਹਿਮਾਚਲ ਦੀ ਸੈਂਟਰਲ ਯੂਨੀਵਰਸਿਟੀ (ਕੇਂਦਰੀ ਯੂਨੀਵਰਸਿਟੀ) ਤੋਂ ਸਾਬਕਾ ਉਪ ਕੁਲਪਤੀ ਡਾ. ਐਚ.ਐਸ ਬੇਦੀ ਨੇ ਇਤਿਹਾਸਕ ਹਵਾਲਿਆਂ ਰਾਹੀਂ ਦੋਵਾਂ ਧਰਮਾਂ ਵਿਚਕਾਰ ਸਮਾਨਤਾਵਾਂ ਅਤੇ ਸਾਂਝੇ ਪੱਖਾਂ ਨੂੰ ਉਜਾਗਰ ਕੀਤਾ।ਉਨ੍ਹਾਂ ਨੇ ਸਿੱਖ ਧਰਮ ਅਤੇ ਬੁੱਧ ਧਰਮ ਦੀਆਂ ਸਿੱਖਿਆਵਾਂ ਦੇ ਆਪਸੀ ਸਬੰਧਾਂ, ਸਮਾਨਤਾਵਾਂ ਅਤੇ ਵਿਲੱਖਣ ਵਿਸ਼ੇਸ਼ਤਾਵਾਂ ’ਤੇ ਵਿਸਥਾਰ ਨਾਲ ਵਿਚਾਰ ਕੀਤਾ।
ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ, ਰਿਲੀਜ਼ੀਅਸ ਸਟੱਡੀਜ਼ ਡੀਨ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਡਾ. ਬੇਦੀ, ਮਹਿੰਦਰਾ, ’ਵਰਸਿਟੀ ਦੇ ਚਾਂਸਲਰ ਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ, ਪ੍ਰੋ-ਚਾਂਸਲਰ ਤੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਬੁੱਧਾ ਐਜੂਕੇਸ਼ਨ ਸੋਸਾਇਟੀ, ਕੁਸ਼ੀਨਗਰ ਤੋਂ ਆਨਰੇਰੀ ਸਕੱਤਰ ਵੀਰੇਂਦਰ ਸਿੰਘ ਆਹਲੂਵਾਲੀਆ, ਬੁੱਧਾ ਪੋਸਟ ਗ੍ਰੈਜੂਏਟ ਕਾਲਜ, ਕੁਸ਼ੀਨਗਰ ਪ੍ਰਿੰਸੀਪਲ ਵਿਨੋਦ ਮੋਹਨ ਮਿਸ਼ਰਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਸੇਵਾਮੁਕਤ ਪ੍ਰੋਫੈਸਰ ਇੰਦਰਜੀਤ ਸਿੰਘ ਅਤੇ ਐਡਵੋਕੇਟ ਵਿਜੇ ਕੁਮਾਰ ਰਾਵਤ ਦਾ ਸਵਾਗਤ ਕੀਤਾ।
ਆਹਲੂਵਾਲੀਆ ਨੇ ਸੈਮੀਨਾਰ ’ਚ ਆਏ ਸਮੂਹ ਮਹਿਮਾਨਾਂ ਦੀ ਸਰੋਤਿਆਂ ਨਾਲ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਸਿੱਖ ਅਤੇ ਬੁੱਧ ਧਰਮ ਦਾ ਅਧਿਐਨ ਸਾਨੂੰ ਭਾਰਤੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦੀ ਵਿਭਿੰਨਤਾ ਨੂੰ ਸਮਝਣ ਦਾ ਮੌਕਾ ਦਿੰਦਾ ਹੈ।ਉਨ੍ਹਾਂ ਕਿਹਾ ਕਿ ਦੋਵੇਂ ਧਰਮਾਂ ਨੇ ਜਾਤ-ਪਾਤ, ਭੇਦਭਾਵ ਅਤੇ ਮਨੁੱਖ ਨੂੰ ਮਨੁੱਖ ਤੋਂ ਵੱਖ ਕਰਨ ਵਾਲੀਆਂ ਸੋਚਾਂ ਤੋਂ ਉੱਪਰ ਉਠਣ ਦਾ ਹੋਕਾ ਦਿੱਤਾ ਹੈ।ਇਸ ਦੌਰਾਨ ਮਜੀਠੀਆ ਨੇ ਕਿਹਾ ਕਿ ਸਿੱਖ ਅਤੇ ਬੁੱਧ ਧਰਮ ਦੋਵੇਂ ਹੀ ਮਨੁੱਖਤਾ, ਸੱਚ, ਦਇਆ, ਸੇਵਾ ਅਤੇ ਨੈਤਿਕ ਜੀਵਨ ਜਿਊਣ ਦੀ ਪ੍ਰੇਰਣਾ ਦਿੰਦੇ ਹਨ।ਛੀਨਾ ਨੇ ਕਿਹਾ ਕਿ ਉਕਤ ਧਰਮਾਂ ਦਾ ਅਧਿਐਨ ਭਾਰਤੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸਮਝਣ ਲਈ ਬਹੁਤ ਮਹੱਤਵਪੂਰਨ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਡਾ. ਸੁਖਦੇਵ ਸਿੰਘ ਸੋਹਲ ਨੇ ਸਿੱਖ ਧਰਮ ਅਤੇ ਬੁੱਧ ਧਰਮ ਨੂੰ ਉਨ੍ਹਾਂ ਦੇ ਇਤਿਹਾਸਕ ਅਤੇ ਦਾਰਸ਼ਨਿਕ ਸੰਦਰਭਾਂ ’ਚ ਸਮਝਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਡਾ. ਮਹਿਲ ਸਿੰਘ ਅਤੇ ਡਾ. ਗੋਗੋਆਣੀ ਨੇ ਸਾਂਝੇ ਤੌਰ ’ਤੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖ ਅਤੇ ਬੁੱਧ ਧਰਮ ਨਾਲ ਸਬੰਧਿਤ ਵਿਚਾਰਧਾਰਾਵਾਂ ਦਾ ਅਕਾਦਮਿਕ ਅਧਿਐਨ ਵਿਦਿਆਰਥੀਆਂ ਨੂੰ ਧਾਰਮਿਕ ਇਤਿਹਾਸ, ਦਰਸ਼ਨ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਡੂੰਘਾਈ ਨਾਲ ਸਮਝਣ ’ਚ ਸਹਾਇਤਾ ਕਰਦਾ ਹੈ।ਉਨ੍ਹਾਂ ਕਿਹਾ ਕਿ ਸੈਮੀਨਾਰ ਵਰਗੇ ਮੰਚ ਵਿਦਵਾਨਾਂ ਅਤੇ ਵਿਦਿਆਰਥੀਆਂ ਵਿਚਕਾਰ ਸੰਵਾਦ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਨਵੀਆਂ ਖੋਜ ਸੰਭਾਵਨਾਵਾਂ ਪੈਦਾ ਕਰਦੇ ਹਨ।
ਮੋਹਨ ਮਿਸ਼ਰਾ ਨੇ ਕਿਹਾ ਕਿ ਵਿਦਿਅਕ ਸੰਸਥਾਵਾਂ ’ਚ ਅਜਿਹੇ ਵਿਸ਼ਿਆਂ ’ਤੇ ਚਰਚਾਵਾਂ ਵਿਦਿਆਰਥੀਆਂ ਦੀ ਸੋਚ ਨੂੰ ਵਿਸ਼ਾਲ ਬਣਾਉਂਦੀ ਹੈ।ਉਨ੍ਹਾਂ ਕਿਹਾ ਕਿ ਸਿੱਖ ਅਤੇ ਬੁੱਧ ਧਰਮ ਨੇ ਭਾਰਤੀ ਸਮਾਜ ਦੇ ਨਿਰਮਾਣ ’ਚ ਮਹੱਤਵਪੂਰਨ ਯੋਗਦਾਨ ਪਾਇਆ ਹੈ।ਸੈਮੀਨਾਰ ਦੌਰਾਨ ਪ੍ਰੋ: ਇੰਦਰਜੀਤ ਸਿੰਘ ਅਤੇ ਰਾਵਤ ਨੇ ਕਿਹਾ ਕਿ ਸਿੱਖ ਅਤੇ ਬੁੱਧ ਧਰਮ ਦਾ ਅਧਿਐਨ ਕਰਦਿਆਂ ਇਨ੍ਹਾਂ ਦੀਆਂ ਇਤਿਹਾਸਕ ਅਤੇ ਵਿਚਾਰਧਾਰਕ ਵਿਸ਼ੇਸ਼ਤਾਵਾਂ ਦੇ ਨਾਲ ਮਨੁੱਖੀ ਪੱਖ ਨੂੰ ਸਮਝਣਾ ਵੀ ਲਾਜ਼ਮੀ ਹੈ।ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀ ਬਾਣੀ ’ਚ ਮਨੁੱਖੀ ਬਰਾਬਰੀ, ਸੱਚ, ਸੇਵਾ ਅਤੇ ਭਾਈਚਾਰੇ ਦੀ ਭਾਵਨਾ ਪ੍ਰਮੁੱਖ ਹੈ।ਇਸੇ ਤਰ੍ਹਾਂ ਬੁੱਧ ਧਰਮ ਇਨਸਾਨ ਨੂੰ ਦੁੱਖ ਦੇ ਕਾਰਨਾਂ ਨੂੰ ਸਮਝਣ, ਮਨ ’ਤੇ ਕਾਬੂੂ ਪਾਉਣ ਅਤੇ ਕਣਾ ਨਾਲ ਜੀਵਨ ਬਤੀਤ ਕਰਨ ਦੀ ਸਿੱਖਿਆ ਦਿੰਦਾ ਹੈ।ਮਜੀਠੀਆ ਨੇ ਛੀਨਾ ਨਾਲ ਮਿਲ ਕੇ ਸਮੂਹ ਵਿਦਵਾਨਾਂ ਨੂੰ ਕਾਲਜ ਦੀ ਯਾਦਗਾਰੀ ਤਸਵੀਰ, ਪੁਸਤਕ, ਸ਼ਾਲ ਆਦਿ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ’ਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਡੀਨ ਅਕਾਦਮਿਕ ਡਾ. ਸੁਰਿੰਦਰ ਕੌਰ, ਡੀਨ (ਲਾਅ) ਡਾ. ਜਸਪਾਲ ਸਿੰਘ, ਕੌਂਸਲ ਦੇ ਵਧੀਕ ਆਨਰੇਰੀ ਸਕੱਤਰ ਦਲਬੀਰ ਸਿੰਘ ਘੁੰਮਣ, ਜੁਆਇੰਟ ਸਕੱਤਰ ਗੁਨਬੀਰ ਸਿੰਘ, ਹੋਰ ਸਖਸ਼ੀਅਤਾਂ ਹਾਜ਼ਰ ਸਨ।
Check Also
ਅੰਮ੍ਰਿਤਸਰ ‘ਚ ਜਨਗਣਨਾ-2027 ਦੇ ਫੇਜ਼- ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਜਨਗਣਨਾ-2027 ਦੇ ਫੇਜ਼- (ਆਬਾਦੀ ਦੀ ਗਿਣਤੀ) ਸਬੰਧੀ ਦੋ ਰੋਜ਼ਾ …
Punjab Post Daily Online Newspaper & Print Media