Saturday, October 17, 2026

‘ਐਨ.ਆਰ.ਆਈ ਮਿਲਣੀ-2026’ ਦੌਰਾਨ ਮਾਝੇ ਦੇ ਚਾਰ ਜ਼ਿਲ੍ਹਿਆਂ ਨਾਲ ਸਬੰਧਤ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਸੂਬੇ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀਆਂ ਨਾਲ ਸਬੰਧਤ ਹਰ ਮਸਲੇ ਦਾ ਹੱਲ ਪੂਰੀ ਪਾਰਦਰਸ਼ਤਾ, ਮੈਰਿਟ ਅਤੇ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਪ੍ਰਭਾਵਸ਼ਾਲੀ ਅਤੇ ਤੁਰੰਤ ਨਿਪਟਾਰੇ ਲਈ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਅੰਮ੍ਰਿਤਸਰ ਦੇ ਲੀ-ਮੈਰੀਡੀਅਨ ਹੋਟਲ ਵਿਖੇ ਕਰਵਾਈ ਗਈ ‘ਐਨ.ਆਰ.ਆਈ. ਮਿਲਣੀ-2026’ ਦੌਰਾਨ ਪ੍ਰਵਾਸੀ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਡਾ. ਰਵਜੋਤ ਸਿੰਘ ਨੇ ਕਿਹਾ ਕਿ ਇਸ ਵਿਸ਼ੇਸ਼ ਮਿਲਣੀ ਦਾ ਮੁੱਖ ਉਦੇਸ਼ ਐਨ.ਆਰ.ਆਈਜ਼ ਦੀਆਂ ਸਮੱਸਿਆਵਾਂ ਨੂੰ ਮੌਕੇ ’ਤੇ ਸੁਣਨਾ ਅਤੇ ਉਨ੍ਹਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦੇਣਾ ਹੈ।
ਐਨ.ਆਰ.ਆਈ ਮਿਲਣੀ ਵਿੱਚ ਮਾਝੇ ਦੇ ਚਾਰ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨ ਤਾਰਨ, ਪਠਾਨਕੋਟ ਅਤੇ ਗੁਰਦਾਸਪੁਰ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਪ੍ਰਵਾਸੀ ਪੰਜਾਬੀਆਂ ਨੇ ਹਿੱਸਾ ਲਿਆ ਇਨ੍ਹਾਂ ਜ਼ਿਲ੍ਹਿਆਂ ਦੇ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਵੀ ਮੌਜ਼ੂਦ ਸਨ।ਮਿਲਣੀ ਦੌਰਾਨ ਪ੍ਰਵਾਸੀ ਪੰਜਾਬੀਆਂ ਦੀਆਂ 75 ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਕੈਬਨਿਟ ਮੰਤਰੀ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਦੇ ਨਿਪਟਾਰੇ ਲਈ ਮੌਕੇ ’ਤੇ ਹੀ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਗਏ।
ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਰਵਜੋਤ ਸਿੰਘ ਨੇ ਕਿਹਾ ਕਿ ਵਿਦਸ਼ਾਂ ਵਿੱਚ ਵੱਸਦੇ ਪੰਜਾਬੀ ਆਪਣੀ ਮਿੱਟੀ, ਸੱਭਿਆਚਾਰ ਅਤੇ ਵਿਰਸੇ ਨਾਲ ਡੂੰਘਾ ਨਾਤਾ ਰੱਖਦੇ ਹਨ ਅਤੇ ਉਨ੍ਹਾਂ ਨੇ ਆਪਣੀ ਮਿਹਨਤ ਨਾਲ ਦੁਨੀਆ ਭਰ ਵਿੱਚ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਨ.ਆਰ.ਆਈਜ਼ ਨਾਲ ਸਬੰਧਤ ਹਰ ਮਾਮਲੇ ਦੀ ਨਿਰਪੱਖ, ਪਾਰਦਰਸ਼ੀ ਅਤੇ ਸਮਾਂਬੱਧ ਢੰਗ ਨਾਲ ਸੁਣਵਾਈ ਅਤੇ ਨਿਪਟਾਰਾ ਯਕੀਨੀ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 12 ਐੱਨ.ਆਰ.ਆਈ ਮਿਲਣੀ ਕੀਤੀਆਂ ਜਾ ਚੁੱਕੀਆਂ ਹਨ, ਜਦਕਿ 8 ਆਨ ਲਾਈਨ ਮਿਲਣੀਆਂ ਵੱਖਰੇ ਤੌਰ `ਤੇ ਕੀਤੀਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਪ੍ਰਵਾਸੀ ਪੰਜਾਬੀਆਂ ਵੱਲੋਂ ਮੁੱਖ ਤੌਰ ’ਤੇ ਪ੍ਰਾਪਰਟੀ ਵਿਵਾਦਾਂ,ਜ਼਼ਮੀਨਾਂ ’ਤੇ ਗੈਰ-ਕਾਨੂੰਨੀ ਕਬਜ਼ਿਆਂ, ਦਸਤਾਵੇਜ਼ੀ ਤਰੁੱਟੀਆਂ ਅਤੇ ਵਿਆਹੁਤਾ ਮਾਮਲਿਆਂ ਸਬੰਧੀ ਸ਼ਿਕਾਇਤਾਂ ਦਰਜ਼ ਕਰਵਾਈਆਂ ਜਾਂਦੀਆਂ ਹਨ।ਡਾ. ਰਵਜੋਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਮਾਮਲਿਆਂ ਦਾ ਨਿਪਟਾਰਾ ਲੰਬੇ ਸਮੇਂ ਤੋਂ ਲੰਬਿਤ ਹੈ ਜਾਂ ਜਿਨ੍ਹਾਂ ਵਿੱਚ ਸੁਣਵਾਈ ਦੀ ਪ੍ਰਕਿਰਿਆ ਧੀਮੀ ਹੈ, ਉਨ੍ਹਾਂ ਦੀ ਉਹ ਖੁੱਦ ਨਿਗਰਾਨੀ ਕਰ ਰਹੇ ਹਨ।
ਇਸ ਮੌਕੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਐਨ.ਆਰ.ਆਈ ਮਾਮਲਿਆਂ ਦੇ ਸਕੱਤਰ ਞਮੁਹੰਮਦ ਤਾਇਅਬ, ਐਨ.ਆਰ.ਆਈ.ਕਮਿਸ਼ਨ ਦੇ ਮੈਂਬਰ ਕਮਲ ਗਰਗ ਅਤੇ ਸੁਖਜਿੰਦਰ ਸਿੰਘ ਸੰਧੂ, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਪੁਲਿਸ ਕਮਿਸ਼ਨਰ ਸ੍ਰੀ ਹਰਮਨਦੀਪ ਸਿੰਘ ਗਿੱਲ, ਐਸ.ਡੀ.ਐਮ ਗੁਰਮੰਦਰ ਸਿੰਘ, ਸਹਾਇਕ ਕਮਿਸ਼ਨਰ ਸ੍ਰੀਮਤੀ ਪ੍ਰਗਤੀ ਸੇਠੀ, ਡੀ.ਸੀ.ਪੀ ਜਗਜੀਤ ਸਿੰਘ ਵਾਲੀਆ ਸਮੇਤ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …