Tuesday, November 24, 2026

ਸਤਿਗੁਰ ਨਾਨਕ ਪ੍ਰਗਟਿਆ……

              ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਜਿਹੇ ਸਮੇਂ ’ਚ ਹੋਇਆ ਜਦੋਂ ਚਾਰੇ ਪਾਸੇ ਅਗਿਆਨਤਾ ਦਾ ਘੁੁਪ ਹਨੇਰਾ ਪਸਰਿਆ ਹੋਇਆ ਸੀ।ਮਨੁੱਖਤਾਂ ਵਹਿਮਾਂ ਭਰਮਾਂ ’ਚ ਫਸੀ ਅਤੇ ਉਲਝੀ ਹੋਈ ਸੀ।ਇਹ ਸੁਲਤਾਨਾਂ ਦਾ ਸਮਾਂ ਸੀ।ਸੁਲਤਾਨਾਂ ਦੇ ਸਮੇਂ ਤੱਕ ਭਾਰਤ ਵਿੱਚ ਮੁਸਲਮਾਨਾਂ ਨੂੰ ਰਹਿੰਦੇ ਕਾਫੀ ਸਮਾਂ ਹੋ ਚੁੱਕਾ ਸੀ।ਉਨ੍ਹਾਂ ਹਿੰਦੂ ਧਰਮ ਨੂੰ ਕਾਫੀ ਪ੍ਰਭਾਵਿਤ ਕੀਤਾ ਅਤੇ ਇਸ ਤੇ ਆਪਣਾ ਪ੍ਰਭਾਓ ਛੱਡਣ ’ਚ ਕੋਈ ਕਸਰ ਬਾਕੀ ਨਾ ਛੱਡੀ।ਇਸ ਕਾਰਨ ਦੇਸ਼ ਵਿੱਚ ਇੱਕ ਨਵੀਂ ਧਾਰਮਿਕ ਲਹਿਰ ਚੱਲੀ।ਉਤਰੀ ਭਾਰਤ ਵਿੱਚ ਇਸ ਲਹਿਰ ਦੇ ਮੁੱਖ ਸੰਚਾਲਕ ਭਗਤ ਕਬੀਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਸਨ।ਇਨ੍ਹਾਂ ਨੇ ਇੱਕ ਰੱਬ ਦੀ ਭਗਤੀ ਕਰਨ ’ਤੇ ਜ਼ੋਰ ਦਿੱਤਾ ਅਤੇ ਜਾਤ- ਪਾਤ ਦਾ ਖੰਡਨ ਕੀਤਾ।ਇਸ ਲਹਿਰ ਦੇ ਬਾਨੀਆਂ ਵਿੱਚ ਗੁਰੂ ਰਵਿਦਾਸ, ਭਗਤ  ਸ੍ਰੀ ਰਾਮਾ ਨੰਦ, ਭਗਤ ਨਾਮਦੇਵ ਜੀ, ਸੈਣ ਭਗਤ ਵੀ ਸ਼ਾਮਿਲ ਸਨ।ਇਨ੍ਹਾਂ ਮਹਾਂਪੁਰਸ਼ਾਂ ਦੇ ਉਪਦੇਸ਼ਾਂ ਸਦਕਾ ਹੀ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਆਪਸੀ ਪਿਆਰ ਵਧਿਆ ਅਤੇ ਇਕ ਦੂਸਰੇ ਦੇ ਕਰੀਬ ਆਉਣੇ ਸ਼ੁਰੂ ਹੋ ਗਏ।
ਸੁਣੀ ਪੁਕਾਰਿ ਦਾਤਾਰ ਪ੍ਰਭੁ
ਗੁਰੁ ਨਾਨਕ ਜਗ ਮਾਹਿ ਪਠਾਇਆ।   
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਸੰਮਤ 1526, ਸੰਨ 1469 ਈ: ਨੂੰ ਰਾਏ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਪਿਤਾ ਸ੍ਰੀ ਮਹਿਤਾ ਕਾਲੂ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਹੋਇਆ।ਇਹ ਸਥਾਨ ਅਜਕਲ ਪਾਕਿਸਤਾਨ ਵਿੱਚ ਹੈ,
ਗੁਰੂ ਨਾਨਕ ਦੇਵ ਜੀ ਦੇ ਆਗਮਨ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ :
ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਧ ਜਗ ਚਾਨਣ ਹੋਆ॥    
ਜਿਉਂ ਕਰ ਸੂਰਜ ਨਿਕਲਿਆ
ਤਾਰੇ ਛਪੇ ਅੰਧੇਰ ਪਲੋਆ॥    
’ਤੇ ਫਿਰ
ਉਰਦੂ ਦੇ ਪ੍ਰਸਿੱਧ ਸ਼ਾਇਰ ਡਾ. ਇਕਬਾਲ ਨੇ ਗੁਰੂ ਨਾਨਕ ਦੇਵ ਜੀ ਬਾਰੇ ਲਿਖਿਆ ਹੈ ਕਿ :
ਫਿਰ ਉਠੀ ਸਦਾ ਤੌਹੀਦ ਕੀ ਪੰਜਾਬ ਸੇ,
ਹਿੰਦ ਕੇ ਇਕ ਮਰਦਿ ਕਾਮਲ ਨੇ ਜਗਾਇਆ ਖਾਬ ਸੇ।
ਬਾਲ ਅਵੱਸਥਾ ਵਿੱਚ ਹੀ ਆਪ ਨੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਸੱਚਾ ਸੌਦਾ ਕਰਕੇ ਇਕ ਨਵੀਂ ਪਰੰਪਰਾ ਦੀ ਨੀਂਹ ਰੱਖ ਦਿੱਤੀ।ਅਸਲ ’ਚ ਗੁਰੂ ਨਾਨਕ ਇਕ ਇਨਸਾਨ ਦਾ ਨਾਮ ਨਹੀਂ ਹੈ, ਇਹ ਇਕ ਫਲਸਫੇ ਦਾ, ਮਰਿਆਦਾ ਦਾ, ਜੀਵਨ ਜਾਂਚ ਦਾ ਅਤੇ ਕਰਮ ਦਾ ਨਾਮ ਹੈ।ਉਹ ਹਰੇਕ ਬੰਦੇ ਨੂੰ ਜ਼ਿੰਦਗੀ ਵਿੱਚ ਕਰਮ ਕਰਕੇ ਆਪਣੇ ਕਾਰਜ਼ ਨੇਪਰੇ ਚਾੜਨ ਦਾ ਸੁਨੇਹਾ ਦਿੰਦੇ ਹਨ।ਉਹ ਸਾਨੂੰ ਪਾਖੰਡਵਾਦ ਤੋਂ ਦੂਰ ਕਰਦੇ ਹਨ ਭਾਵ ਪਖੰਡਾਂ ਤੋਂ ਦੂਰ ਕਰਨ ਦਾ ਨਾਂ ਨਾਨਕ ਹੈ। ਸੱਚੇ ਮਾਰਗ ਚੱਲਣ ਦਾ ਅਤੇ ਸੱਚ ਦਾ ਸੁਨੇਹਾ ਹਰ ਕਿਸੇ ਨੂੰ ਦੇਣ ਦਾ ਨਾਮ ਨਾਨਕ ਹੈ।ਉਹਨਾਂ ਦੀਆਂ ਉਦਾਸੀਆਂ ਸੱਚ ਦਾ ਸੁਨੇਹਾ ਹੀ ਤਾਂ ਦਿੰਦੀਆਂ ਹਨ।ਜਿਹੜੀਆਂ ਕਿ ਸੱਚੀ ਜ਼ਿੰਦਗੀ ਜਿਉਣ ਦੀ ਕਲਾ ਸਿਖਾਉਂਦੀਆਂ ਹਨ।
ਕੋਈ ਮੰਨੇ ਚਾਹੇ ਨਾ ਮੰਨੇ ਪੰਜਾਬ ਵਿੱਚ, ਹਰ ਕੋਈ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦਾ, ਉਹਨਾਂ ਦੀ ਮਰਿਆਦਾ ਦਾ ਪਾਲਣ ਕਰਦਾ ਹੈ।ਚਾਹੇ ਉਹ ਹਿੰਦੂੂਹੀ ਕਿਉਂ ਨਾ ਹੋਵੇ।ਹਿੰਦੂ ਧਰਮ ਵਿੱਚ ਬੱਚੇ ਦੇ ਜਨੇਊ ਪਾਉਣ ਦੀ ਰਸਮ ਕੀਤੀ ਜਾਂਦੀ ਹੈ।ਪਰ ਜਦੋਂ ਗੁਰੂ ਨਾਨਕ ਸਾਹਿਬ ਨੇ ਇਸ ਨੂੰ ਧਾਰਨ ਕਰਨ ਤੋਂ ਇਨਕਾਰ ਕੀਤਾ ਹੈ ਤਾਂ ਸਾਰੀ ਪੰਜਾਬੀਅਤ ਉਸ ਸਮੇਂ ਤੋਂ ਉਹਨਾਂ ਦਾ ਅਨੁਸਰਨ ਕਰਦੀ ਆਈ ਹੈ।ਅੱਜ ਵੀ ਪੰਜਾਬ ਦਾ ਕੋਈ ਵੀ ਹਿੰਦੂ ਜਨੇਊ ਧਾਰਨ ਨਹੀਂ ਕਰਦਾ।ਸਿੱਖ ਪਰਿਵਾਰਾਂ ਦੇ ਨਾਲ਼-ਨਾਲ਼ ਹਜ਼ਾਰਾਂ ਹਿੰਦੂ ਪਰਿਵਾਰ ਵੀ ਅਜਿਹੇ ਹਨ ਜਿਹੜੇ ਨਾਨਕ ਸਾਹਿਬ ਦੀ ਬਾਣੀ ਸੁਣਦੇ ਅਤੇ ਮੰਨਦੇ ਆਏ ਹਨ।
ਗੁਰੂ ਨਾਨਕ ਦੀ ਮਰਿਆਦਾ ਕਿਰਤ ਕਰਨ ਦੀ ਹੈ, ਵੰਡ ਕੇ ਛਕਣ ਦੀ ਹੈ, ਸੱਚੇ ਰਸਤੇ ਤੇ ਚੱਲਣ ਦੀ ਹੈ ਅਤੇ ਸਰਬਤ ਦੇ ਭਲੇ ਦੀ ਹੈ।ਸਾਨੂੰ ਸਿਰਫ਼ ਗੁਰੂ ਘਰਾਂ ਵਿੱਚ ਜਾ ਕੇ ਮੱਥਾ ਹੀ ਨਹੀਂ ਟੇਕਣਾ ਚਾਹੀਦਾ, ਸਗੋਂ ਉਹਨਾਂ ਦੇ ਇਸ ਫਲਸਫੇ, ਇਸ ਬਾਣੀ ਨੂੰ ਧਾਰਨ ਵੀ ਕਰਨਾ ਚਾਹੀਦਾ ਹੈ।
ਗੁਰੂ ਨਾਨਕ ਸਾਹਿਬ ਕਣ ਕਣ ਵਿੱਚ ਪ੍ਰਮਾਤਮਾ ਦਾ ਵਾਸਾ ਅਤੇ ਸਭ ਕੁੱਝ ਉਸ ਦਾ ਹੀ ਮੰਨਦੇ ਹਨ।ਤੇਰਾ ਹੀ ਤੇਰਾ।
ਜਦੋਂ ਉਹ ਵੱਡੀ ਭੈਣ ਬੇਬੇ ਨਾਨਕੀ ਜੀ ਪਾਸ ਸੁਲਤਾਨਪੁਰ ਗਏ ਤਾਂ ਮੋਦੀ ਖਾਨੇ ਨੌਕਰੀ ਕੀਤੀ।
ਇਥੇ ਹੀ ਆਪ ਜੀ ਨੇ ਕਾਜੀ ਅਤੇ ਨਵਾਬ ਨਾਲ਼ ਮਸੀਤ ਜਾਣਾ, ਉਨ੍ਹਾਂ ਨੂੰ ਖੁਦਾ ਦੀ ਇਬਾਦਤ ਕਰਨ ਦਾ ਭੇਤ ਸਮਝਾਉਣਾ ਆਦਿ ਕਈ ਕੌਤਕ ਕੀਤੇ।ਕਾਫ਼ੀ ਸਮਾਂ ਸੁਲਤਾਨਪੁਰ ਰਹਿੰਦੇ, ਇੱਕ ਦਿਨ ਉਹਨਾਂ ਤੱਕਿਆ ਕਿ ਲੋਕਾਈ ਈਰਖਾ ਦੀ ਅੱਗ ਵਿੱਚ ਸੜ ਕੇ ਮਰੀ ਜਾ ਰਹੀ ਹੈ।
ਜਿਸ ਮਕਸਦ ਵਾਸਤੇ ਆਪ ਨੇ ਅਵਤਾਰ ਧਾਰਨ ਕੀਤਾ ਸੀ, ਉਸ ਉਦੇਸ਼ ਨੂੰ ਲੈ ਕੇ ਪਹਿਲੀ ਉਦਾਸੀ ਦਾ ਆਰੰਭ ਕਰਨਾ ਅਤੇ ਮਰਦਾਨੇ ਨੂੰ ਕਹਿਣ ਲੱਗੇ ਚੱਲ ਤੈਨੂੰ ਭਗਤੀ ਦਾ ਘਰ ਦਿਖਾਈਏ।ਉਸ ਸਮੇਂ ਕੋਈ ਕਿਸੇ ਦਾ ਸਤਿਕਾਰ ਨਹੀਂ ਕਰਦਾ ਸੀ।ਊਚ ਨੀਚ ਦਾ ਕੋਈ ਵਿਚਾਰ ਨਾ ਰਿਹਾ।ਵੇਲ਼ੇ ਦੇ ਬਾਦਸ਼ਾਹ ਅਧਰਮੀ ਅਤੇ ਬੇਇਨਸਾਫ਼ ਹੋ ਗਏ ਸਨ।ਇਸ ਤਰ੍ਹਾਂ ਕਸਾਈ ਬਣ ਅਤੇ ਜ਼ਾਲਮ ਹੋ ਕੇ ਪਰਜ਼ਜਾ ’ਤੇ ਜ਼ੁਲਮ ਢਾਉਣ ਲਜ਼ਗੇ ਸਨ।ਇਸ ਤਰ੍ਹਾਂ ਸ੍ਰਿਸ਼ਟੀ ਸ਼ੁਭ ਕਰਮਾਂ ਤੋਂ ਹੀਣ ਹੋ ਗਈ।
ਜਿਥੇ ਧਰਮ ਦਾ ਪਤਨ ਹੋ ਚੁੱਕਾ ਸੀ, ਉਥੇ ਲੋਕਾਂ ਨਾਲ਼ ਰਾਜਸੀ ਧੱਕਾ ਵੀ ਸਿਖਰਾਂ ’ਤੇ ਸੀ।ਜੇਕਰ ਹਿੰਦੂ ਜਨਤਾ ਮੁਸਲਮ ਹਾਕਮਾਂ ਦੀ ਕੱਟੜਤਾ ਤੋਂ ਦੁਖੀ ਸੀ ਤਾਂ ਗਰੀਬ ਮੁਸਲਮ ਜਨਤਾ ਵੀ ਘੱਟ ਦੁਖੀ ਨਹੀਂ ਸੀ।ਦੁਖੀ ਦੁਨੀਆਂ ਦੀ ਪੁਕਾਰ ਸੁਣ ਕੇ ਅਜਿਹੀਆਂ ਪ੍ਰਸਥਿਤੀਆਂ ਵਿੱਚ ਗੁਰੂ ਨਾਨਕ ਦੇਵ ਜੀ ਵਰਗੇ ਦੈਵੀ ਮਹਾਂਪੁਰਸ਼ ਨੂੰ ਦਾਤਾਰ ਪ੍ਰਭੂ ਨੇ ਸ਼੍ਰਿਸ਼ਟੀ ਦੇ ਕਲਿਆਣ ਲਈ ਭੇਜਿਆ।ਇਸ ਤਰ੍ਹਾਂ ਗੁਰੂ ਨਾਨਕ ਅਵਤਾਰ ਕਲਯੁਗ ਦੇ ਲੋਕਾਂ ਨੂੰ ਤਾਰਨ ਵਾਸਤੇ ਆਏ।ਅਗਿਆਨਤਾ ਦੂਰ ਹੋ ਗਈ ਅਤੇ ਗਿਆਨ ਦਾ ਚਾਰੇ ਪਾਸੇ ਪਸਾਰਾ ਹੋਇਆ।
ਗੁਰੁ ਨਾਨਕ ਦੇਵ ਜੀ ਅਕਾਲ ਰੂਪ ਸਨ, ਕਿਉਂਕਿ ਉਹ ਅਕਾਲ ਪੁਰਖ ਨਾਲ਼ ਇਕ ਮਿੱਕ ਸਨ।ਉਨ੍ਹਾਂ ਨੂੰ ਦੋਹਾਂ ਕੌਮਾਂ ਹਿੰਦੂ ਅਤੇ ਮੁਸਲਮਾਨ ਨੂੰ ਇਕ ਕਰਕੇ ‘ਧੁਰ ਕੀ ਬਾਣੀ’ ਉਚਾਰ ਕੇ ਬਿਨ੍ਹਾਂ ਮਜ਼ਹਬ ਦੁਨੀਆਂ ਦਾ ਆਧਾਰ ਸਥਾਪਿਤ ਕੀਤਾ। ਆਪ ਜੀ ਨੇ ਭਾਈ ਲਾਲੋ ਦੇ ਘਰ ਪਹੁੰਚ ਕੇ ਉਸ ਦੀ ਰੁੱਖੀ ਮਿੱਸੀ ਰੋਟੀ ਦਾ ਭੋਗ ਲਾਇਆ ਅਤੇ ਮਲਕ ਭਾਗੋ ਦੀ ਰੋਟੀ ਵਿੱਚੋਂ ਹੰਕਾਰ ਰੂਪੀ ਲਹੂ ਦੇ ਤੁਪਕੇ ਕੱਢੇ।ਆਪ ਜੀ ਨੇ ਸੱਜਣ ਠੱਗ, ਕੌਡੇ ਰਾਕਸ਼ ਅਤੇ ਵਲੀ ਕੰਧਾਰੀ ਜਿਹੇ ਆਦਮ ਖੋਰਾਂ ਨੂੰ ਆਪਣੇ ਪ੍ਰਬਵਚਨਾਂ ਸਦਕਾ ਇਕ ਨਵੀਂ ਜੀਵਨ ਜਾਂਚ ਦਿੱਤੀ ਅਤੇ ਗਰੀਬਾਂ ਨੂੰ ਆਪਣੇ ਗਲੇ ਲਾਇਆ।ਬਾਬਰ ਨੂੰ ਜਾਬਰ ਕਿਹਾ, ਗੱਲ ਕੀ ਸੱਚ ਬੋਲਣਾ ਅਤੇ ਸੱਚ ’ਤੇ ਪਹਿਰਾ ਦੇਣਾ ਉਹ ਵੀ ਬਿਨਾਂ ਕਿਸੇ ਡਰ ਤੋਂ। ਵਹਿਮਾਂ ਭਰਮਾਂ ਅਤੇ ਪਾਖੰਡਾਂ ਤੋਂ ਲੋਕਾਂ ਨੂੰ ਲਗਾਤਾਰ ਸੁਚੇਤ ਕਰਦੇ ਰਹੇ।
ਉਨ੍ਹਾਂ ਦੇ ਸਾਥੀ ਮਰਦਾਨਾ ਜੀ ਰਬਾਬ ਦੇ ਤਾਰ ਛੱਡਦੇ ਤਾਂ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਪ੍ਰਤੀ ਬਿਰਾਗ ਪੈਦਾ ਕਰਦੇ ਅਤੇ ਉਸ ਅਕਾਲ ਪੁਰਖ ਦੀ ਸਿਫ਼ਤ ਸਲਾਹ ਆਪਣੇ ਪਵਿੱਤਰ ਮੁਖਾਰਬਿੰਦ ’ਚੋਂ ਉਚਾਰਦੇ ਤਾਂ ਲੋਕਾਂ ਦੇ ਮਨਾਂ ’ਚ ਪਈਆਂ ਗਲਤ ਧਾਰਨਾਵਾਂ ਦੀਆਂ ਗੰਢਾਂ ਖੁੱਲ੍ਹਦੀਆਂ।
ਗੁਰੂ ਨਾਨਕ ਦੇਵ ਜੀ ਦੇ ਸਮੁੱਚੇ ਜੀਵਨ ’ਚੋਂ ਸਾਨੂੰ ਸੱਚੇ ਰਸਤੇ ’ਤੇ ਚੱਲ ਕੇ ਅਤੇ ਪਾਖੰਡ ਤੋਂ ਦੂਰ ਰਹਿ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਦੀ ਜਾਚ ਮਿਲਦੀ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਜਨਮ ਦਿਹਾੜਾ ਕੱਤਕ ਦੀ ਪੂਰਨਮਾਸ਼ੀ ਨੂੰ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ।
ਲੇਖ: 2311202602
ਸੰਜੀਵ ਝਾਂਜੀ ਜਗਰਾਉਂ
ਸੰਪਰਕ 8004910000 

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …