ਠੰਡੀਆਂ ਹਵਾਵਾਂ ਚੱਲਣ ਦੀ ਸੰਭਾਵਨਾ- ਬਰਸਾਤ ਕਾਰਨ ਕਿਸਾਨਾਂ ਦੇ ਚਿਹਰੇ ਖਿੜੇ
ਫਾਜ਼ਿਲਕਾ, 22 ਜਨਵਰੀ (ਵਿਨੀਤ ਅਰੋੜਾ) – ਪੱਛਮੀ ਹਵਾਵਾਂ ਦੇ ਚੱਲਣ ਕਾਰਨ ਮੌਸਮ ਵਿਚ ਕਾਫ਼ੀ ਵੱਡਾ ਬਦਲਾਅ ਆਇਆ।ਜਿਸ ਕਾਰਨ ਬੀਤੀ ਰਾਤ ਹੋਈ ਕਿਣਮਿਣ ਤੋਂ ਬਾਅਦ ਤਾਪਮਾਨ ਵਿਚ ਕਾਫ਼ੀ ਵੱਡੇ ਪੱਧਰ ਤੇ ਗਿਰਾਵਟ ਆ ਗਈ। ਅੱਜ ਕਈ ਦਿਨਾਂ ਤੋਂ ਕੋਸੀ ਕੋਸੀ ਧੁੱਪ ਦਾ ਆਨੰਦ ਮਾਨਣ ਵਾਲੇ ਲੋਕ ਠੰਡ ਵਿਚ ਕੰਬਦੇ ਰਹੇ। ਭਾਂਵੇ ਦਿਨ ਵੇਲੇ ਸੂਰਜ ਦੇਵਤਾ ਦੇ ਦਰਸ਼ਨ ਹੋਏ ਪਰ ਦੇਰ ਸ਼ਾਮ ਤੱਕ ਅਸਮਾਨ ਵਿਚ ਛਾਈਆਂ ਕਾਲੀਆਂ ਘਟਾਵਾਂ ਨੇ ਇਕ ਵਾਰ ਫਿਰ ਮੌਸਮ ਵਿਚ ਤਬਦੀਲੀ ਲੈ ਆਂਦੀ। ਜਿਕਰਯੋਗ ਹੈ ਕਿ ਲੋਹੜੀ ਦੇ ਤਿਉਹਾਰ ਤੋਂ ਬਾਅਦ ਅਸਮਾਨ ਇਕ ਵਾਰ ਸਾਫ਼ ਰਹਿਣ ਲੱਗਿਆ ਸੀ। ਜਿਸ ਕਾਰਨ ਦਿਨ ਭਰ ਧੁੱਪ ਲੱਗਣ ਤੋਂ ਬਾਅਦ ਤਾਪਮਾਨ ਵਿਚ ਵਾਧਾ ਹੋਣ ਲੱਗਿਆ ਸੀ। ਫਾਜ਼ਿਲਕਾ ਅਤੇ ਆਸਪਾਸ ਦੇ ਖੇਤਰ ਵਿਚ ਤਾਪਮਾਨ 20 ਤੋਂ 25 ਡਿਗਰੀ ਸੈਲੀਅਸ ਤੱਕ ਪਹੁੰਚ ਗਿਆ ਸੀ। ਪਰ ਅੱਜ ਮੰਗਲਵਾਰ ਸਵੇਰੇ ਹੀ ਵੱਗਣ ਵਾਲੀ ਠੰਡੀ ਸੀਤ ਹਵਾ ਨੇ ਮੌਸਮ ਵਿਚ ਕਰਵਟ ਲੈ ਆਂਦੀ। ਜਿਕਰਯੋਗ ਹੈ ਕਿ ਇਨ੍ਹਾਂ ਹਵਾਵਾਂ ਨੇ ਪੂਰੇ ਪੰਜਾਬ ਵਿਚ ਹੀ ਆਪਣਾ ਦਬਦਬਾ ਬਣਾਇਆ ਹੋਇਆ ਹੈ। ਉੱਧਰ ਮਲੋਟ, ਸ਼੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਵਿਚ ਵੀ ਇਸ ਤਰ੍ਹਾਂ ਦਾ ਮੌਸਮ ਰਿਹਾ। ਰਿਪੋਰਟਾਂ ਮੁਤਾਬਿਕ ਬਠਿੰਡਾ ਵਿਚ ਸਵੇਰੇ 10 ਵਜ਼ੇ ਤੱਕ ਅਸਮਾਨ ਵਿਚ ਧੁੰਦ ਛਾਈ ਰਹੀ। ਬਠਿੰਡਾ ਵਿਚ ਵੀ ਦਿਨ ਵੇਲੇ ਥੋੜੇ ਸਮੇਂ ਲਈ ਧੁੱਪ ਨਿਕਲੀ ਜਿਹੜੀ ਬੇਅਸਰ ਰਹੀ ਦੱਸੀ ਜਾਂਦੀ ਹੈ।ਪਰ ਮੌਸਮ ਵਿਭਾਗ ਦੇ ਸੂਤਰਾਂ ਮੁਤਾਬਿਕ ਪੱਛਮੀ ਹਵਾਵਾਂ ਚੱਲਣ ਕਾਰਨ ਅਗਲੇ ਤਿੰਨ ਦਿਨ ਤੱਕ ਇਸ ਤਰ੍ਹਾਂ ਬਰਸਾਤ ਹੋਣ ਦੀ ਸੰਭਾਵਨਾ ਹੈ। ਇਸ ਵਿਚ 21 ਤੋਂ 22 ਨੂੰ ਜਿਆਦਾ ਅਤੇ 23 ਨੂੰ ਘੱਟ ਬਰਸਾਤ ਹੋਣ ਦੀ ਸੰਭਾਵਨਾ ਹੈ। ਇਹ ਹੀ ਨਹੀਂ ਇੰਨ੍ਹਾਂ ਦਿਨਾਂ ਦੌਰਾਨ ਤੇਜ ਹਵਾਵਾਂ ਵੀ ਚੱਲ ਸਕਦੀਆਂ ਹਨ। ਜਿਹੜੀਆਂ ਲੋਕਾਾਂ ਨੂੰ ਇਕ ਵਾਰ ਫਿਰ ਤੋਂ ਕਾਬਾਂ ਛੇੜ ਸਕਦੀਆਂ ਹਨ।
Punjab Post Daily Online Newspaper & Print Media