
ਅੰਮ੍ਰਿਤਸਰ, 23 ਜਨਵਰੀ (ਗੁਰਪ੍ਰੀਤ ਸਿੰਘ)- ਸਿੱਖਾਂ ਦੀ ਨੁਮਾਇੰਦਾ ਸੰਸਥਾ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੁੁਸਾਹਿਬਾਨ ਨਾਲ ਸਬੰਧਤ ਇਤਿਹਾਸਕ ਸ਼ਸਤਰਾਂ ਦੀ ਪ੍ਰਦਰਸ਼ਨੀ ਲਈ ਇਕ ਵਿਸ਼ੇਸ਼ ਬੱਸ ਤਿਆਰ ਕਰਵਾਈ ਗਈ ਹੈ।
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ: ਦਿਲਜੀਤ ਸਿੰਘ ਬੇਦੀ ਨੇ ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਰਾਹੀਂ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਸ ਬੱਸ ਵਿੱਚ ਗੁਰੂੁ ਸਾਹਿਬਾਨ ਦੇ ਸ਼ਸਤਰ ਵੱਖ ਵੱਖ ਨਗਰਾਂ, ਸ਼ਹਿਰਾਂ ਵਿੱਚ ਸੰਗਤਾਂ ਨੂੰ ਦਰਸ਼ਨ ਕਰਾਉਣ ਲਈ ਸਮੇਂ ਸਮੇਂ ਲਿਜਾਇਆ ਜਾਇਆ ਕਰਨਗੇ। ਉਨ੍ਹਾਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਸ ਬ’ਸ ਦੇ ਨਿਰੀਖਣ ਲਈ ਸ: ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸ: ਮਨਪ੍ਰੀਤ ਸਿੰਘ ਐਕਸੀਅਨ, ਸ: ਸੁਖਵਿੰਦਰ ਸਿੰਘ ਗਰੇਵਾਲ, ਸ. ਸਤਿੰਦਰ ਸਿੰਘ ਕੋਹਲੀ ਚਾਰਟਰਡ ਅਕਾਊਂਟੈਂਟ ਅਤੇ ਸ: ਤੇਜਵੀਰ ਸਿੰਘ ਆਰਕੀਟੈਕਚਰ ਤੇ ਅਧਾਰਿਤ ਇਕ 6 ਮੈਂਬਰੀ ਟੀਮ ਮੁੰਬਈ ਵਿਖੇ ਭੇਜੀ ਗਈ ਸੀ।ਜਿਸ ਨੇ ਬਹੁੁਪੱਖੀ ਨਿਰੀਖਣ ਕਰਨ ਉਪਰੰਤ ਦੱਸਿਆ ਹੈ ਕਿ ਇਹ ਬਸ ਲਗਭਗ ਤਿਆਰ ਹੋ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਇਹ ਬਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਤਿਆਰ ਕਰਵਾਈ ਗਈ ਹੈ।
ਸ: ਬੇਦੀ ਨੇ ਦੱਸਿਆ ਕਿ ਇਸ ਬਸ ਨੂੰ ਸ: ਤੇਜਵੀਰ ਸਿੰਘ ਆਰਕੀਟੈਕਚਰ ਨੇ ਡਿਜ਼ਾਇਨ ਕੀਤਾ ਹੈ ਅਤੇ ਇਹ ਮੁੰਬਈ ਦੀ ਡੀ. ਸੀ. ਛਾਬੜੀਆ ਕੰਪਨੀ ਵੱਲੋਂ ਤਿਆਰ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਆਧੁਨਿਕ ਤਕਨੀਕ ਰਾਹੀਂ ਤਿਆਰ ਕੀਤੀ ਇਸ ਬੱਸ ਵਿੱਚ ਵਿਸ਼ੇਸ਼ ਤੌਰ ਤੇ ਕੈਮਰਿਆਂ ਤੇ ਡਿਜ਼ੀਟਲ ਸਕਰੀਨ ਰਾਹੀਂ ਇਕ ਮੀਡੀਆ ਸੈਂਟਰ ਸਥਾਪਿਤ ਕੀਤਾ ਗਿਆ ਹੈ ਜਿਸ ਨਾਲ ਦੂਰ ਬੈਠੀਆਂ ਸੰਗਤਾਂ ਸਕਰੀਨ ਰਾਹੀਂ ਪਵਿੱਤਰ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰ ਸਕਣਗੀਆਂ। ਉਨ੍ਹਾਂ ਕਿਹਾ ਕਿ ਇਸ ਬੱਸ ਰਾਹੀਂ ਵੱਖ-ਵੱਖ ਸ਼ਹਿਰਾਂ ਵਿੱਚ ਬੈਠੀਆਂ ਸੰਗਤਾਂ ਜੋ ਗੁਰਦੁਆਰਾ ਸਾਹਿਬ ਵਿੱਚ ਸ਼ਸਤਰਾਂ ਦੇ ਦਰਸ਼ਨ ਕਰਨ ਨਹੀਂ ਆ ਸਕਦੀਆਂ ਉਹ ਵੀ ਦਰਸ਼ਨ ਕਰ ਸਕਣਗੀਆਂ।ਉਨ੍ਹਾਂ ਕਿਹਾ ਕਿ ਜਲਦੀ ਇਹ ਬਸ ਸੰਗਤਾਂ ਦੀ ਸੇਵਾ ਵਿੱਚ ਜੁੜ ਜਾਵੇਗੀ।
Punjab Post Daily Online Newspaper & Print Media