
ਨਵੀਂ ਦਿੱਲੀ, 2 ਫਰਵਰੀ (ਅੰਮ੍ਰਿਤ ਲਾਲ ਮੰਨਣ) – ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਗਠਬੰਧਨ ਦੀ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ ਨੇ ਕਾਲਕਾ ਜੀ ਹਲਕੇ ਵਿਖੇ ਗਠਬੰਧਨ ਦੇ ਉਮੀਦਵਾਰ ਹਰਮੀਤ ਸਿੰਘ ਕਾਲਕਾ ਦੇ ਹੱਕ ਵਿੱਚ ਵੱਡੀ ਚੋਣ ਰੈਲੀ ਕਰਕੇ ਚੋਣ ਪ੍ਰਚਾਰ ਨੂੰ ਭਖਾ ਦਿੱਤਾ ਹੈ। ਭੋਜਪੁਰੀ ਫਿਲਮਾਂ ਦੇ ਸੁਪਰ ਸਟਾਰ ਅਤੇ ਭਾਜਪਾ ਦੇ ਮੈਂਬਰ ਪਾਰਲੀਮੈਂਟ ਮਨੋਜ ਤਿਵਾੜੀ ਨੇ ਬੇਦੀ ਤੋਂ ਪਹਿਲਾਂ ਇੱਕ ਹੋਰ ਚੋਣ ਸਭਾ ਦੌਰਾਨ ਬਿਹਾਰ ਅਤੇ ਯੂ.ਪੀ. ਨਾਲ ਸਬੰਧਿਤ ਪੁਰਵਾਂਚਲੀ ਲੋਕਾਂ ਨੂੰ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਦੇ ਝੂਠੇ ਵਾਅਦਿਆਂ ਵਿੱਚ ਨਾ ਫਸਕੇ ਭਾਜਪਾ ਦੀ ਸਰਕਾਰ ਬਣਾਉਣਾ ਦਾ ਸੱਦਾ ਦਿੱਤਾ। ਇਸ ਦੌਰਾਨ ਤਿਵਾੜੀ ਨੇ ਆਪਣੇ ਗੀਤਾਂ ਦੀ ਪੈਰੋਡੀ ਰਾਹੀਂ ਕੇਜਰੀਵਾਲ ਦੀ ਕਥਨੀ ਅਤੇ ਕਰਨੀ ਦੇ ਫਰਕ ਨੂੰ ਸਾਹਮਣੇ ਰੱਖਿਆ। ਕਿਰਨ ਬੇਦੀ ਨੇ ਕਾਲਕਾ ਨੂੰ ਕਾਬਲ ਅਤੇ ਤਜੁਰਬੇਕਾਰ ਲੋਕਾਂ ਦਾ ਨੁਮਾਇਦਾਂ ਦੱਸਦੇ ਹੋਏ ਬੀਤੇ 11 ਮਹੀਨੇ ਦੌਰਾਨ ਕਾਲਕਾ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ‘ਤੇ ਉਨ੍ਹਾਂ ਦੀ ਪਿੱਠ ਵੀ ਥਾਪੜੀ। ਬੇਦੀ ਨੇ ਦਿੱਲੀ ਵਿਖੇ ਸਥਿਰ ਸਰਕਾਰ ਬਣਾਉਣ ਲਈ ਭਾਜਪਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਮਹਿਲਾ ਸੁਰੱਖਿਆ, ਬਿਜਲੀ ਤੇ ਪਾਣੀ ਅਤੇ ਪੁਲਿਸ ਵਰਗੇ ਭੱਖਦੇ ਮੁੱਦਿਆਂ ‘ਤੇ ਵੀ ਆਪਣਾ ਏਜੰਡਾ ਬੇਦੀ ਨੇ ਲੋਕਾਂ ਸਾਹਮਣੇ ਰੱਖਿਆ। 2013 ਵਿੱਚ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਚੁੱਕੇ ਭਾਜਪਾ ਆਗੂ ਧਰਮਬੀਰ ਨੇ ਵੀ ਇਸ ਮੌਕੇ ਮੌਜ਼ੂਦ ਹਜ਼ਾਰਾਂ ਲੋਕਾਂ ਦੇ ਸਾਹਮਣੇ ਆਪ ਪਾਰਟੀ ਵਿੱਚ ਕਥਨੀ ਅਤੇ ਕਰਨੀ ਦੇ ਫਰਕ ਨੂੰ ਰੱਖਿਆ।
Punjab Post Daily Online Newspaper & Print Media