
ਨਵੀਂ ਦਿੱਲੀ, 2 ਫਰਵਰੀ (ਅੰਮ੍ਰਿਤ ਲਾਲ ਮੰਨਣ) – ਸੀਮਾਪੁਰੀ ਗੋਲ ਚੱਕਰ ਨੇੜੇ ਸ਼ਾਹਦਰਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉੁਮੀਦਵਾਰ ਜਤਿੰਦਰ ਸਿੰਘ ਸ਼ੰਟੀ ਦੇ ਹੱਕ ਵਿੱਚ ਚੋਣ ਰੈਲੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਗਠਬੰਧਨ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਦਿੱਲੀ ਪੁੱਜੇ ਬਾਦਲ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਿਧਾਂਤਾਂ ਅਤੇ ਸਮਝ ਤੋਂ ਭਗੋੜਾ ਵੀ ਕਰਾਰ ਦਿੱਤਾ। ਕੇਜਰੀਵਾਲ ਦੀ ਤੁਲਨਾ ਸਕੂਲ ਜਾਂਦੇ ਪੜ੍ਹਾਈ ਤੋਂ ਕਤਰਾਉਂਦੇ ਬੱਚੇ ਨਾਲ ਕਰਦੇ ਹੋਏ ਬਾਦਲ ਨੇ ਕਿਹਾ ਕਿ ਬਾਲ ਹੱਠ ਜਾਂ ਲੜੀਵਾਰ ਨੋਟੱਕੀਆਂ ਨਾਲ ਸਰਕਾਰਾਂ ਨਹੀਂ ਚਲਦੀਆਂ, ਸਗੋਂ ਸਰਕਾਰ ਚਲਾਉਣ ਲਈ ਵੱਡਾ ਦਿਲ ਅਤੇ ਪ੍ਰਸ਼ਾਸਨਿਕ ਤਜਰਬੇ ਦੀ ਵੀ ਲੋੜ ਹੁੰਦੀ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਕਿਰਨ ਬੇਦੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣ ਨੂੰ ਉਨ੍ਹਾਂ ਨੇ ਦਿੱਲੀ ਦੇ ਭਵਿੱਖ ਅਤੇ ਵਰਤਮਾਨ ਦੋਹਾਂ ਲਈ ਵਧੀਆ ਕਦਮ ਦੱਸਿਆ। ਸਾਬਕਾ ਮੈਂਬਰ ਪਾਰਲੀਮੈਂਟ ਤਰਲੋਚਨ ਸਿੰਘ ਨੇ ਸ਼ੰਟੀ ਵੱਲੋਂ ਬੀਤੇ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਕਰਕੇ ਇਲਾਕੇ ਵਿੱਚ ਉਸਦੀ ਬਣੀ ਸਾਫ ਛਵੀ ਦਾ ਧਿਆਨ ਰੱਖਣ ਦੀ ਵੀ ਲੋਕਾਂ ਨੂੰ ਅਪੀਲ ਕੀਤੀ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ ਅਤੇ ਪੰਜਾਬੀ ਗਾਇਕ ਸ਼ੰਕਰ ਸਾਹਨੀ ਨੇ ਵੀ ਲੋਕਾਂ ਨੂੰ ਸੰਬੋਧਿਤ ਕੀਤਾ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਰਵਿੰਦਰ ਸਿੰਘ ਲਵਲੀ ਤੇ ਮਨਮੋਹਨ ਸਿੰਘ ਵੀ ਮੌਜ਼ੂਦ ਸਨ।
Punjab Post Daily Online Newspaper & Print Media