ਗੋਰਵ ਸੀਮਾਰ ਦੀ ਪ੍ਰਾਪਤੀ ਜਿਲ੍ਹੇ ਲਈ ਮਾਨ ਵਾਲੀ ਗੱਲ – ਡਿਪਟੀ ਕਮਿਸ਼ਨਰ

ਫਾਜਿਲਕਾ, 6 ਫਰਵਰੀ (ਵਿਨੀਤ ਅਰੋੜਾ) – ਫਾਜਿਲਕਾ ਜਿਲ੍ਹੇ ਦੀ ਅਬੋਹਰ ਸਬ ਡਵੀਜਨ ਦੇ ਪਿੰਡ ਧਰਮਪੁਰਾ ਦੇ ਵਸਨੀਕ ਸ਼੍ਰੀ ਵਿਜੈ ਸਿੰਘ ਸੀਮਾਰ ਦੇ ਬੇਟੇ ਗੋਰਵ ਸੀਮਾਰ ਦੇ ਭਾਰਤੀ ਕਰੰਸੀ ਨੋਟਾਂ ਦੇ ਫੈਂਸੀ ਨੰਬਰ ਇਕੱਤਰ ਕਰਨ ਦੇ ਸ਼ੋਂਕ ਨੇ ਉਨ੍ਹਾਂ ਦਾ ਨਾਮ ਲਿਮਕਾ ਬੁਕ ਆਫ ਰਿਕਾਰਡ ਵਿਚ ਦਰਜ ਕਰਵਾਇਆ ਹੈ ਜੋ ਕਿ ਪੂਰੇ ਜਿਲ੍ਹੇ ਲਈ ਮਾਨ ਵਾਲੀ ਗੱਲ ਹੈ।ਇਸ ਪਰਿਵਾਰ ਨੂੰ ਕਰੰਸੀ ਨੋਟਾਂ ਦੇ ਚੋਣਵੇ ਨੰਬਰ ਇੱਕਠੇ ਕਰਨ ਦਾ ਸ਼ੋਂਕ ਹੈ ਜੋ ਉਨ੍ਹਾਂ ਨੂੰ ਵਿਰਾਸਤ ਵਿਚ ਮਿਲਿਆ ਹੈ।ਇਸ ਪਰਿਵਾਰ ਕੋਲ ਅਜਾਦੀ ਤੋਂ ਪਹਿਲਾਂ ਦੇ ਸ਼ੁਰੂਆਤੀ ਕਰੰਸੀ ਨੋਟ ਵੀ ਹਨ ।
ਅੱਜ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਨਾਲ ਆਪਣੇ ਬੇਟੇ ਗੋਰਵ ਸੀਮਾਰ ਜੋਕਿ ਹਿੰਦੂ ਕਾਲਜ ਦਿੱਲੀ ਦਾ ਵਿਦਿਆਰਥੀ ਹੈ ਦੇ ਕਰੰਸੀ ਨੋਟਾਂ ਦੀ ਕੁਲੈਕਸ਼ਨ ਲੈ ਕੇ ਪੁੱਜੇ।ਪਿੰਡ ਧਰਮਪੁਰਾ ਦੇ ਨੰਬਰਦਾਰ ਅਤੇ ਅਗਾਂਹਵਧੂ ਕਿਸਾਨ ਸ਼੍ਰੀ ਵਿਜੈ ਸਿੰਘ ਸੀਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ 1 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦੇ ਭਾਰਤੀ ਕਰੰਸੀ ਨੋਟਾਂ ਦੇ 111111, 222222, 333333, 444444, 555555, 666666, 777777, 888888, 999999, 100000 ਦੇ ਨੋਟ ਹਨ । ਉਨ੍ਹਾਂ ਕਿਹਾ ਕਿ ਕਰੰਸੀ ਨੋਟਾਂ ਦੀ ਇਸ ਤਰ੍ਹਾਂ ਦੀ ਕੁਲੈਕਸ਼ਨ ਦਾ ਸ਼ੋਂਕ ਉਨ੍ਹਾਂ ਦੇ ਪਿਤਾ ਅਤੇ ਦਾਦੇ ਨੂੰ ਵੀ ਸੀ ਅਤੇ ਅੱਗੇ ਇਹ ਸ਼ੋਂਕ ਉਨ੍ਹਾਂ ਦੇ ਬੇਟੇ ਗੋਰਵ ਸੀਮਾਰ ਜੋਕਿ ਹਿੰਦੂ ਕਾਲਜ ਦਿੱਲੀ ਦਾ ਵਿਦਿਆਰਥੀ ਹੈ ਨੂੰ ਵੀ ਹੈ ਅਤੇ ਉਸ ਦੇ ਇਸ ਜਨੂੰਨੀ ਸ਼ੋਂਕ ਸਦਕਾ ਹੀ ਗੋਰਵ ਦਾ ਨਾਮ 2007 ਵਿਚ ਲਿਮਕਾ ਬੁੱਕ ਆਫ ਰਿਕਾਰਡ ਵਿਚ ਦਰਜ ਹੋਇਆ।ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਉਨ੍ਹਾਂ ਦੇ ਪਿਤਾ ਅਤੇ ਦਾਦੇ ਵੱਲੋਂ ਇੱਕਠੇ ਕੀਤੇ ਗਏ ਅਜਾਦੀ ਤੋਂ ਪਹਿਲਾਂ ਦੇ ਕਰੰਸੀ ਨੋਟ ਵੀ ਹਨ।ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਪੂਰੇ ਜਿਲ੍ਹੇ ਲਈ ਮਾਨ ਵਾਲੀ ਗੱਲ ਹੈ ਕਿ ਜਿਲ੍ਹੇ ਦੇ ਪਿੰਡ ਧਰਮਪੁਰਾ ਦੇ ਅਗਾਂਹਵਾਧੂ ਕਿਸਾਨ ਸ਼੍ਰੀ ਵਿਜੈ ਸਿੰਘ ਸੀਮਾਰ ਦੇ ਬੇਟੇ ਗੋਰਵ ਸੀਮਾਰ ਵੱਲੋਂ ਕਰੰਸੀ ਨੋਟਾਂ ਦੀ ਵਿਲੱਖਣ ਕੁਲੈਕਸ਼ਨ ਕਾਰਨ ਉਨ੍ਹਾਂ ਦਾ ਨਾਮ ਲਿਮਕਾ ਬੁੱਕ ਆਫ ਰਿਕਾਰਡ ਵਿਚ ਦਰਜ ਹੋਇਆ ਹੈ ।
Punjab Post Daily Online Newspaper & Print Media