Friday, March 27, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪ੍ਰਸਿੱਧ ਪਰਵਾਸੀ ਸ਼ਾਇਰਾ ਸੁਰਜੀਤ ਕਲਸੀ ਨਾਲ ਰੂਬਰੂ

PPN0602201521

ਅੰਮ੍ਰਿਤਸਰ, 06 ਫਰਵਰੀ (ਰੋਮਿਤ ਸ਼ਰਮਾ) – ਪਰਵਾਸੀ ਪੰਜਾਬੀ ਸਾਹਿਤ ਦੀ ਨਾਮਵਰ ਕਵਿੱਤਰੀ ਸ੍ਰੀਮਤੀ ਸੁਰਜੀਤ ਕਲਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਅਧਿਆਪਕਾਂ ਅਤੇ ਖੋਜ ਵਿਦਿਆਰਥੀਆਂ ਦੇ ਰੂਬਰੂ ਹੋਏ। ਵਿਭਾਗ ਦੇ ਪ੍ਰੋਫ਼ੈਸਰ ਅਤੇ ਮੁਖੀ ਡਾ. ਹਰਿਭਜਨ ਸਿੰਘ ਭਾਟੀਆ ਨੇ ਉਹਨਾਂ ਦਾ ਰਸਮੀ ਸੁਆਗਤ ਕੀਤਾ ਅਤੇ ਇਕ ਲੇਖਕ ਵਜੋਂ ਉਹਨਾਂ ਦੀ ਜਾਣ-ਪਹਿਚਾਣ ਕਰਵਾਉਂਦਿਆਂ ਦੱਸਿਆ ਕਿ ਉਹ ਪੰਜਾਬੀ ਵਿਚ ਕਵਿਤਾ, ਕਹਾਣੀਆਂ ਅਤੇ ਨਾਟਕਾਂ ਦੀ ਸਿਰਜਣਾ ਤੋਂ ਇਲਾਵਾ ਸੰਪਾਦਨ ਅਤੇ ਅਨੁਵਾਦ ਦਾ ਵੀ ਬੜਾ ਅਹਿਮ ਕਾਰਜ ਕਰ ਚੁੱਕੇ ਹਨ।

ਸੁਰਜੀਤ ਕਲਸੀ ਨੇ ਆਪਣੇ ਜੀਵਨ ਤੇ ਰਚਨਾ ਸੰਬੰਧੀ ਆਪਣਾ ਅਨੁਭਵ ਅਤੇ ਗਿਆਨ ਸਾਂਝਾ ਕਰਦਿਆਂ ਦੱਸਿਆ ਕਿ ਉਹਨਾਂ ਦੀ ਸਿਰਜਣ ਪ੍ਰਕਿਰਿਆ ਦਾ ਮੁੱਖ ਵਿਸ਼ਾ ਨਾਰੀ ਸਰੋਕਾਰ ਰਹੇ ਹਨ। ਪੰਜਾਬ ਵਿਚ ਜੰਮੀ ਪਲੀ ਅਤੇ ਕੈਨੇਡਾ ਵਿਚ ਜਾ ਵੱਸੀ ਚੇਤੰਨ ਲੇਖਿਕਾ ਸੁਰਜੀਤ ਕਲਸੀ ਨੇ ਦੇਸ ਅਤੇ ਪ੍ਰਦੇਸ ਦੋਹਾਂ ਸੰਦਰਭਾਂ ਵਿਚ ਔਰਤ ਦੇ ਮਸਲਿਆਂ ਅਤੇ ਪੀੜਾ ਤੋਂ ਜਾਣੂ ਕਰਵਾਇਆ। ਇਸ ਪੀੜਾ ਦੇ ਵਿਭਿੰਨ ਪਾਸਾਰਾਂ ਨੂੰ ਹੀ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿਚ ਸਿਰਜਣਾਤਮਕ ਅਭਿਵਿਅਕਤੀ ਪ੍ਰਦਾਨ ਕੀਤੀ ਹੈ।ਅਖੌਤੀ ਨਾਰੀਵਾਦੀ ਲਹਿਰਾਂ ਦੇ ਏਜੰਡੇ ਨੂੰ ਰੱਦ ਕਰਦਿਆਂ ਉਨ੍ਹਾਂ ਔਰਤ-ਮਰਦ ਦੇ ਸਾਂਵੇਂ ਮਾਨਵੀ ਸੰਬੰਧਾਂ ਉੱਪਰ ਬਲ ਦਿੱਤਾ।ਉਨ੍ਹਾਂ ਨੇ ਔਰਤ-ਮਰਦ ਦੇ ਸੰਬੰਧਾਂ ਦੇ ਪ੍ਰਸੰਗ ਵਿਚ ਸਤਿਕਾਰ, ਬਰਾਬਰੀ ਅਤੇ ਸ੍ਵੈ-ਮਾਨ ਦੇ ਮਹੱਤਵ ਨੂੰ ਉਭਾਰਿਆ।ਸ੍ਰੀਮਤੀ ਕਲਸੀ ਨੇ ਇਸ ਮੌਕੇ ਆਪਣੀਆਂ ਮਹੱਤਵਪੂਰਨ ਕਵਿਤਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।ਖੋਜ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਉਹਨਾਂ ਦੇ ਵਿਚਾਰਾਂ ਅਤੇ ਸਿਰਜਣ ਪ੍ਰਕਿਰਿਆ ਸੰਬੰਧੀ ਕੀਤੇ ਗਏ ਸੁਆਲਾਂ ਨੇ ਇਕ ਬੜੀ ਸਾਰਥਕ ਵਿਚਾਰ ਚਰਚਾ ਦਾ ਵਾਤਾਵਰਨ ਸਿਰਜਿਆ। ਅੰਤ ਵਿਚ ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਡਾ. ਗੁਰਮੀਤ ਸਿੰਘ ਨੇ ਸ਼ਾਇਰਾ ਸੁਰਜੀਤ ਕਲਸੀ ਦਾ ਰਸਮੀ ਧੰਨਵਾਦ ਕੀਤਾ। ਇਸ ਮੌਕੇ ਵਿਭਾਗ ਦੇ ਅਧਿਆਪਕ ਡਾ. ਸੁਹਿੰਦਰਬੀਰ, ਡਾ. ਹਰਜੀਤ ਕੌਰ, ਡਾ. ਰਮਿੰਦਰ ਕੌਰ, ਡਾ. ਮਨਜਿੰਦਰ ਸਿੰਘ ਵੀ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply