
ਹੁਸ਼ਿਆਰਪੁਰ, 6 ਫਰਵਰੀ (ਸਤਵਿੰਦਰ ਸਿੰਘ) – ਪਿੰਡ ਪਾਰੋਵਾਲ ਤਹਿਸੀਲ ਗੜ੍ਹਸ਼ੰਕਰ ਦੀ ਦਲਿਤ ਆਬਾਦੀ ਨੂੰ ਛੱਪੜ ਦੇ ਗੰਦੇ ਪਾਣੀ ਦੀ ਮਾਰ ਤੋਂ ਬਚਾਉਣ ਲਈ ਐਸ.ਸੀ ਕਮਿਸ਼ਨ ਪੰਜਾਬ ਨੂੰ ਕਾਰਵਾਈ ਕਰਨ ਲਈ ਬੇਨਤੀ ਦਾ ਨੋਟਿਸ ਲੈਂਦੇ ਹੋਏ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੀ ਮੈਂਬਰ ਸ੍ਰੀਮਤੀ ਭਾਰਤੀ ਕੇਨੈਡੀ ਨੇ ਅੱਜ ਪਿੰਡ ਪਾਰੋਵਾਲ ਦਾ ਨਿੱਜੀ ਤੌਰ ਤੇ ਦੌਰਾ ਕੀਤਾ।ਐਸ ਡੀ ਐਮ ਗੜ੍ਹਸ਼ੰਕਰ ਸ੍ਰੀ ਅਮਰਜੀਤ ਸਿੰਘ, ਜ਼ਿਲ੍ਹਾ ਭਲਾਈ ਅਫ਼ਸਰ ਮਨਦੀਪ ਕੁਮਾਰ, ਬੀ ਡੀ ਪੀ ਓ ਰਣਜੀਤ ਸਿੰਘ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।ਸ੍ਰੀਮਤੀ ਭਾਰਤੀ ਕੇਨੈਡੀ ਨੇ ਇਸ ਮੌਕੇ ਤੇ ਗੰਦੇ ਪਾਣੀ ਵਾਲੀ ਜਗ੍ਹਾ ਦੇ ਮਾਲਕਾਂ ਨਾਲ ਗੱਲਬਾਤ ਕਰਕੇ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਜਿਸ ਤੇ ਛੱਪੜ ਵਾਲੀ ਜਮੀਨ ਦੇ ਮਾਲਕ ਸ੍ਰੀ ਸੋਹਨ ਸਿੰਘ ਐਨ ਆਰ ਆਈ ਨੇ ਪਿੰਡ ਦੀ ਪੰਚਾਇਤ ਦੀ ਹਾਜ਼ਰੀ ਵਿੱਚ ਭਰੋਸਾ ਦਿੱਤਾ ਕਿ ਉਹ ਆਪਣੀ ਛੱਪੜ ਵਾਲੀ ਜਗ੍ਹਾ ਨੂੰ ਪਿੰਡ ਪਾਰੋਵਾਲ ਦੀ ਭਲਾਈ ਹਿੱਤ ਕਿਸੇ ਹੋਰ ਪੰਚਾਇਤੀ ਜਗ੍ਹਾ ਵਿੱਚ ਤਬਦੀਲ ਕਰਨ ਲਈ ਸਹਿਮਤ ਹਨ।ਛੱਪੜ ਦੇ ਮਾਲਕ ਦੀ ਸਹਿਮਤੀ ਤੇ ਪਿੰਡ ਦੀ ਭਲਾਈ ਦੇ ਕੰਮਾਂਕਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਮੈਂਬਰ ਐਸ ਸੀ ਕਮਿਸ਼ਨ ਸ੍ਰੀਮਤੀ ਭਾਰਤੀ ਕੇਨੈਡੀ ਨੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਗੜ੍ਹਸ਼ੰਕਰ ਨੂੰ ਮੌਕੇ ਦੇ ਆਦੇਸ਼ ਦਿੱਤੇ ਕਿ ਗੰਦੇ ਪਾਣੀ ਦਾ ਮਾਮਲਾ ਜਲਦੀ ਤੋਂ ਜਲਦੀ ਹੱਲ ਕਰਕੇ ਆਪਣੀ ਰਿਪੋਰਟ 15 ਦਿਨਾਂ ਦੇ ਅੰਦਰ ਦਿੱਤੀ ਜਾਵੇ ਕਿਉਂਕਿ ਇਸ ਸਬੰਧੀ ਕੁਝ ਦਿਨ ਪਹਿਲਾਂ ਪੰਜਾਬੀ ਅਖਬਾਰ ਵਿੱਚ ਖ਼ਬਰ ਪ੍ਰਕਾਸ਼ਿਤ ਹੋਈ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਬੰਧੀ ਨਿਰਧਾਰਤ ਸਮੇਂ ਵਿੱਚ ਕਾਰਵਾਈ ਕੀਤੀ ਜਾਵੇ। ਪਿੰਡ ਦੀ ਪੰਚਾਇਤ ਅਤੇ ਮੈਂਬਰ ਇਸ ਮੌਕੇ ਤੇ ਹਾਜ਼ਰ ਸਨ।
Punjab Post Daily Online Newspaper & Print Media