Friday, March 20, 2026

ਸਵਾਈਨ ਫਲੂ ਸਬੰਧੀ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਪੁਖਤਾ ਪ੍ਰਬੰਧ ਮੁਕੰਮਲ- ਸਿਵਲ

PPN1002201517

ਹੁਸ਼ਿਆਰਪੁਰ, 10 ਫਰਵਰੀ (ਸਤਵਿੰਦਰ ਸਿੰਘ) – ਜਿਲ੍ਹੇ ਅੰਦਰ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਕੀਤੇ ਗਏ ਸਵਾਈਨ ਫਲੂ ਦੇ ਪ੍ਰਬੰਧਾਂ ਸਬੰਧੀ ਜਾਇਜ਼ਾ ਲੈਣ ਦੇ ਉਦੇਸ਼ ਹਿੱਤ ਸਿਵਲ ਸਰਜਨ ਹੁਸ਼ਿਆਰਪੁਰ ਡਾ.ਸੁਰਜੀਤ ਸਿੰਘ ਦੀ ਅਗਵਾਈ ਵਿੱਚ ਜਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਡਾ.ਸੁਰਜੀਤ ਸਿੰਘ ਨੇ ਇਸ ਗੱਲ ਤੇ ਜੋਰ ਦਿੰਦੇ ਹੋਏ ਕਿਹਾ ਕਿ ਜਿਲ੍ਹੇ ਦੇ ਲੋਕਾਂ ਅਤੇ ਆਮ ਜਨਤਾ ਨੂੰ ਸਵਾਈਨ ਫਲੂ ਸਬੰਧੀ ਕਿਸੇ ਤਰ੍ਹਾਂ ਦਾ ਡਰ ਜਾਂ ਇਸ ਤੋਂ ਭੈਭੀਤ ਹੋਣ ਦੀ ਬਿਲਕੂਲ ਜਰੂਰਤ ਨਹੀਂ ਹੈ। ਜਿਲ੍ਹਾ ਹਸਪਤਾਲ ਵਿਖੇ ਸਵਾਈਨ ਫਲੂ ਕੇਸਾਂ ਨੂੰ ਨਜਿੱਠਣ ਲਈ ਵਿਭਾਗ ਵੱਲੋਂ ਪ੍ਰਬੰਧ ਪੁਖਤਾ ਕਰ ਲਏ ਗਏ ਹਨ। ਜ਼ਿਕਰਯੋਗ ਹੈ ਕਿ ਜਿਲ੍ਹਾ ਹਸਪਤਾਲ ਵਿੱਚ ਸਵਾਈਨ ਫਲੂ ਤੋਂ ਪੀੜਤ ਮਰੀਜਾਂ ਲਈ ਵੱਖਰੇ ਵਾਰਡ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਵਾਈਨ ਫਲੂ ਤੋਂ ਪੀੜਤ ਮਰੀਜ਼ਾਂ ਦੀ ਜਾਂਚ ਅਤੇ ਦਵਾਈਆਂ ਵੀ ਜਿਲ੍ਹਾ ਹਸਪਤਾਲ ਵਿੱਚ ਪੂਰੀ ਤਰ੍ਹਾਂ ਮੁਫਤ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ ਹੁਣ ਤੱਕ ਸਵਾਈਨ ਫਲੂ ਦੇ 5 ਸ਼ੱਕੀ ਮਰੀਜਾਂ ਦੀ ਜਾਂਚ ਕਰਾਉਣ ਉਪਰੰਤ ਰਿਪੋਰਟ ਨੈਗੇਟਿਵ ਪਾਈ ਗਈ ਹੈ। ਜਿਲ੍ਹੇ ਅੰਦਰ ਸਵਾਈਨ ਫਲੂ ਨਾਲ ਹੋਈਆਂ 2 ਮੌਤਾਂ ਦਾ ਇਲਾਜ ਪਾਰਿਵਾਰਿਕ ਮੈਂਬਰਾਂ ਵੱਲੋਂ ਸਿੱਧੋ ਤੋਰ ਤੇ ਪੀ.ਜੀ.ਆਈ.ਅਤੇ ਅਪੋਲੋ ਵੱਲੋਂ ਕਰਵਾਇਆ ਜਾ ਰਿਹਾ ਸੀ। ਇਸ ਮੌਕੇ ਸਿਵਲ ਸਰਜਨ ਨੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਵਾਈਨ ਕਿ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਜੇਕਰ ਸਵਾਈਨ ਫਲੂ ਨਾਲ ਸਬੰਧਤ ਕੋਈ ਸ਼ੱਕੀ ਕੇਸ ਸਾਹਮਣੇ ਆਉਾਂਦਾ ਤਾਂ ਤੁਰੰਤ ਉਸਨੂੰ ਜਿਲ੍ਹਾ ਹਸਪਤਾਲ ਵਿਖੇ ਭੇਜਿਆ ਜਾਵੇ ਤਾਂ ਜੋ ਸਮੇਂ ਸਿਰ ਮਰੀਜ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ। ਇਸ ਤੋਂ ਇਲਾਵਾ ਜਮੀਨੀ ਪੱਧਰ ਤੇ ਆਮ ਲੋਕਾਂ ਨੂੰ ਸਵਾਈਨ ਫਲੂ ਤੋਂ ਬਚਾਅ ਦੀ ਵਿਸਤਾਰਪੂਰਵਕ ਜਾਣਕਾਰੀ ਦੇਣ ਲਈ ਸਿਹਤ ਕਾਮਿਆਂ ਅਤੇ ਆਸ਼ਾ ਵਰਕਰਾਂ ਦੀ ਡਿਊਟੀ ਨਿਰਧਾਰਤ ਕੀਤੀ ਜਾਵੇ। ਸਵਾਈਨ ਫ੍ਰਲੂ ਪ੍ਰਤੀ ਆਮ ਜਨਤਾ ਦੀ ਜਾਗਰੂਕਤਾ ਲਈ ਜਿਲ੍ਹੇ ਦੇ ਸਮੂਹ ਪਿੰਡਾਂ ਵਿੱਚ ਸਬੰਧਤ ਸਟਾਫ ਵੱਲੋਂ ਮੀਟਿੰਗਾਂ ਕੀਤੀਆਂ ਜਾਣ ਅਤੇ ਸਕੂਲੀ ਵਿਦਿਆਰਥੀਆਂ ਨੂੰ ਵੀ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ। ਇਸ ਦੇ ਨਾਲ ਹੀ ਸਮੂਹ ਸਬ ਸੈਂਟਰਾਂ ਤੇ ਮਮਤਾ ਦਿਵਸ ਦੌਰਾਨ ਸਵਾਈਨ ਫਲੂ ਦੇ ਮੁੱਢਲੇ ਲੱਛਣਾਂ ਅਤੇ ਇਸ ਤੋਂ ਬਚਾਅ ਦੀ ਭਰਪੂਰ ਜਾਣਕਾਰੀ ਦੇਣੀ ਯਕੀਨੀ ਬਣਾਈ ਜਾਵੇ। ਸਿਵਲ ਸਰਜਨ ਨੇ ਦੱਸਿਆ ਕਿ ਤੇਜ਼ ਬੁਖਾਰ. ਖੰਘ, ਖਾਂਸੀ, ਨੱਕ ਵੱਗਣਾ, ਗਲੇ ਦੀ ਖਰਾਸ਼, ਸ਼ਰੀਰ ਵਿੱਚ ਜਕੜਨ, ਤੇਜ ਸਿਰ ਦਰਦ, ਠੰਡ ਲੱਗਣਾ, ਸਾਹ ਲੈਣ ਵਿੱਚ ਮੁਸ਼ਕਲ ਅਤੇ ਉਲਟੀ ਆਦਿ ਸਵਾਈਨ ਫਲੂ ਦੇ ਸ਼ੁਰੂਆਤੀ ਸੰਕੇਤ ਹੋ ਸਕਦੇ ਹਨ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਲੱਛਣਾਂ ਦਾ ਅੰਦੇਸ਼ਾਂ ਹੋਵੇ ਤਾਂ ਉਸਨੂੰ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਨਾਲ ਸਪੰਰਕ ਕਰਨਾ ਚਾਹੀਦਾ ਹੈ। ਸਵਾਈਨ ਫਲੂ ਦੀ ਰੋਕਥਾਮ ਲਈ ਕੁੱਝ ਇੱਕ ਸਾਵਧਾਨੀਆਂ ਜਿਵੇਂ ਕਿ ਕਿਸੇ ਨਾਲ ਗਲੇ ਮਿਲਣ ਅਤੇ ਹੱਥ ਮਿਲਾਉਣ ਤੋਂ ਪਰਹੇਜ, ਭੀੜ ਵਾਲੀਆਂ ਥਾਵਾਂ ਤੇ ਜਾਣ ਅਤੇ ਜਨਤਕ ਥਾਵਾਂ ਤੇ ਥੁੱਕਣ ਤੋਂ ਪਰਹੇਜ਼, ਡਾਕਟਰੀ ਸਲਾਹ ਤੋਂ ਬਿਨਾਂ ਕਿਸੇ ਦਵਾਈ ਦਾ ਸੇਵਨ ਨਾਂ ਕਰਨਾ ਅਤੇ ਸਵਾਈਨ ਫਲੂ ਦੇ ਸ਼ੱਕੀ ਕੇਸ ਜਾਂ ਫਲੂ ਤੋਂ ਪੀੜਤ ਵਿਅਕਤੀ ਤੋਂ ਦੂਰ ਰਹਿਣਾ ਆਦਿ ਅਜਿਹੇ ਸਾਧਨ ਹਨ ਜਿਨ੍ਹਾਂ ਨੂੰ ਵਰਤ ਕੇ ਆਮ ਇਨਸਾਨ ਸਵਾਈਨ ਫਲੂ ਤੋਂ ਆਪਣਾ ਬਚਾਅ ਕਰ ਸਕਦਾ ਹੈ। ਇਸ ਮੌਕੇ ਡਾ.ਸੁਰਜੀਤ ਸਿੰਘ ਨੇ ਉਚੇਚੇ ਤੌਰ ਤੇ ਕਿਹਾ ਕਿ ਕਿਸੇ ਵੀ ਵਿਅਕਤੀ ਨਾਲ ਹੱਥ ਮਿਲਾਉਣ ਤੋਂ ਬਾਅਦ ਹੱਥਾਂ ਨੂੰ ਆਪਣੇ ਮੂੰਹ ਨਾਲ ਨਾ ਲਗਾਇਆ ਜਾਵੇ ਅਤੇ ਖੰਘਣ ਜਾਂ ਛਿੱਕਣ ਵੇਲੇ ਆਪਣੇ ਨੱਕ ਨੂੰ ਢੱਕ ਕੇ ਰੱਖਣ, ਹੱਥਾਂ ਨੂੰ ਹਰ ਵੇਲੇ ਸਾਫ ਸੁਥਰਾ ਰੱਖਣ ਆਦਿ ਰੱਖਿਆਤਮਕ ਉਪਾਅ ਕਰਨ ਨਾਲ ਸਵਾਈਨ ਫਲੂ ਤੋਂ ਆਪਣੇ ਆਪ ਨੂੰ ਮੁਕਤ ਰੱਖਿਆ ਜਾ ਸਕਦਾ ਹੈ। ਪੂਰੀ ਨੀਂਦ ਲੈਣਾ ਅਤੇ ਪੀਣ ਵਾਲੇ ਪਾਣੀ ਦਾ ਵੱਧ ਸੇਵਨ ਕਰਨਾ ਵੀ ਸਰੀਰ ਲਈ ਲਾਭਦਾਇਕ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਸਾਰੀਆਂ ਗੱਲਾਂ ਨੂੰ ਜਿਲ੍ਹੇ ਅਤੇ ਬਲਾਕ ਪੱਧਰ ਤੇ ਵੱਖ-ਵੱਖ ਆਈ.ਈ.ਸੀ. ਗਤੀਵਿਧੀਆਂ ਰਾਂਹੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਜੋ ਆਮ ਜਨਤਾ ਵਿੱਚ ਸਵਾਈਨ ਫਲੂ ਪ੍ਰਤੀ ਦਹਿਸ਼ਤ ਅਤੇ ਸਵਾਈਨ ਫਲੂ ਦੇ ਕੇਸਾਂ ਨੂੰ ਘਟਾਇਆ ਜਾ ਸਕੇ। ਮੀਟਿੰਗ ਦੇ ਸਮਾਪਨ ਦੌਰਾਨ ਸਿਵਲ ਸਰਜਨ ਨੇ ਉਚੇਚੇ ਤੌਰ ਤੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਕਿਹਾ ਕਿ ਆਪੋ ਆਪਣੇ ਖੇਤਰਾਂ ਅਧੀਨ ਪਾਏ ਜਾਣ ਵਾਲੇ ਸਵਾਈਨ ਫਲੂ ਦੇ ਸ਼ੱਕੀ ਮਰੀਜਾਂ ਦੀ ਰੋਜ਼ਾਨਾ ਰਿਪੋਰਟ ਜਿਲ੍ਹਾ ਹੈਡਕੁਆਟਰ ਤੇ ਭੇਜੀ ਜਾਵੇ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply