
ਬਠਿੰਡਾ, 14 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ) – ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵੱਲੋਂ ਗੁਰਦੁਆਰਾ ਹਾਜੀ ਰਤਨ ਦੇ ਦੀਵਾਨ ਹਾਲ ਵਿਖੇ ਤੀਜਾ ਸਾਲਾਨਾ ਗੁਰਮਤਿ ਸਮਾਗਮ ਦਾ ਆਯੋਜਿਨ ਕੀਤਾ ਗਿਆ ਜੋ ਨਸ਼ਿਆਂ ਖਿਲਾਫ਼ ਇੱਕ ਸਾਰਥਿਕ ਸੁਨੇਹਾ ਦੇਣ ਵਿੱਚ ਕਾਮਯਾਬ ਰਿਹਾ ਤੇ ਇਸ ਮੌਕੇ ਹਾਜ਼ਰ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਨੇ ਦੋਨੋਂ ਹੱਥ ਖੜ੍ਹੇ ਕਰਕੇ ਨਸ਼ਿਆਂ ਖਿਲਾਫ਼ ਡਟਣ ਦਾ ਪ੍ਰਣ ਵੀ ਲਿਆ।ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਨੇ ਇਸ ਮੌਕੇ ਕਿਹਾ ਕਿ ਨਸ਼ਿਆਂ ਦੇ ਮਾਰੂ ਅੰਕੜੇ ਬਹੁਤ ਹੀ ਖਤਰਨਾਕ ਹੱਦ ਤੱਕ ਪਹੁੰਚ ਚੁੱਕੇ ਹਨ, ਜਿਸ ਨਾਲ ਨੋਜਵਾਨ ਪੀੜ੍ਹੀ ਲਈ ਖਤਰਾ ਬਣ ਗਿਆ ਹੈ।
ਇਸ ਮੌਕੇ ਭਾਈ ਆਸਾ ਸਿੰਘ ਗਰਲਜ਼ ਕਾਲਜ ਗੋਨਿਆਣਾ ਮੰਡੀ ਪ੍ਰਿੰਸੀਪਲ ਬੀਬੀ ਰਾਜਵਿੰਦਰ ਕੌਰ ਨੇ ਕਿਹਾ ਕਿ ਇਕ ਮਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦੇ ਕੇ ਉਹ ਆਪਣੇ ਪੁੱਤਰ-ਧੀ ਨੂੰ ਚਾਹੇ ਤਾਂ ਇੱਕ ਮਹਾਨ ਪੁਰਸ਼ ਬਣਾ ਸਕਦੀ ਹੈ ਪਰ ਇਸ ਲਈ ਖੁਦ ਬਾਣੀ ਨਾਲ ਜੁੜਨਾ ਪਵੇਗਾ, ਇਸ ਤੋਂ ਇਲਾਵਾ ਡਾ: ਚਾਰੂਮਿਤਾ ਪੀ.ਸੀ.ਐਸ, ਅਮਰ ਸਿੰਘ ਚਹਿਲ ਡੀ.ਆਈ ਜੀ, ਬਾਬਾ ਕੁਲਦੀਪ ਸਿੰਘ ਸਾਕਤ, ਡੀ.ਟੀ.ਓ ਲਤੀਫ ਅਹਿਮਦ ਨੇ ਵੀ ਨਸ਼ਿਆਂ ਬਾਰੇ ਨੌਜਵਾਨਾਂ ਨੂੰ ਸੇਧ ਦਿੰਦੇ ਹੋਏ ਬਚਣ ਲਈ ਅਗਾਹ ਕੀਤਾ।ਡਾ. ਜਸਬੀਰ ਸਿੰਘ ਸਾਬਰ ਸਾਬਕਾ ਪ੍ਰੋ. ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਨੇ ਆਂਕੜੇ ਪੇਸ਼ ਕਰਦਿਆਂ ਦੱਸਿਆ ਕਿ 70 ਫੀਸਦੀ ਸੜਕੀ ਦੁਰਘਟਨਾਵਾਂ, 75 ਫੀਸਦੀ ਚੋਰੀਆਂ, 80 ਫੀਸਦੀ ਪੁਲਿਸ ਕੇਸ, 89 ਫੀਸਦੀ ਬਲਾਤਕਾਰ ਤੇ ਹੋਰ ਜਾਬਰ ਘਟਨਾਵਾਂ, 95 ਫੀਸਦੀ ਦੰਗਾ ਫਸਾਦ, 100 ਫੀਸਦੀ ਅੱਤਵਾਦੀ ਘਟਨਾਵਾਂ ਤੇ 98 ਫੀਸਦੀ ਹਥਿਆਰਾਂ ਦੀ ਦੁਰਵਰਤੋਂ ਦੇ ਕਾਰਨ ਇਹ ਚੰਦਰੇ ਨਸ਼ੇ ਹੀ ਹਨ।ਇਨ੍ਹਾਂ ਤੋਂ ਇਲਾਵਾ ਟਿਕਾਣਾ ਭਾਈ ਜਗਤਾ ਜੀ ਗੋਨਿਆਣਾ ਮੰਡੀ ਤੋਂ ਮਹੰਤ ਕਾਹਨ ਸਿੰਘ, ਖਾਲਸਾ ਕਾਲਜ ਅੰਮ੍ਰਿਤਸਰ ਤੋਂ ਇਤਿਹਾਸ ਖੋਜ ਵਿਭਾਗ ਦੇ ਮੁਖੀ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਨਸ਼ਿਆਂ ਦੇ ਕਾਰਨ, ਇਨ੍ਹਾਂ ਦੇ ਪ੍ਰਭਾਵ ਅਤੇ ਇਨ੍ਹਾਂ ਤੋਂ ਮੁਕਤੀ ਵਿਸ਼ੇ ਉੇੱਪਰ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਜਸਕਰਨ ਸਿੰਘ ਸਿਵੀਆਂ ਨੇ ਹਾਜ਼ਰ ਸੰਗਤਾਂ ਤੋਂ ਨਸ਼ਿਆਂ ਖਿਲਾਫ਼ ਡਟਣ ਲਈ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦੇਣ ਲਈ ਕਿਹਾ ਤਾਂ ਸੰਗਤਾਂ ਨੇ ਦੋਨੋਂ ਹੱਥ ਖੜ੍ਹੇ ਕਰਕੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ।ਸਮਾਗਮ ‘ਚ ਲਾਗਲੇ ਪਿੰਡਾਂ ਤੋਂ ਟਰੈਕਟਰਾਂ ਟਰਾਲੀਆਂ ਤੇ ਟਰੱਕਾਂ ਰਾਹੀਂ ਲੋਕ ਹੁੰਮ ਹੁੰਮਾ ਕੇ ਪਹੁੰਚੇ ।ਸਮਾਗਮ ਵਿਚ ਢਾਡੀ ਅਤੇ ਕਵੀਸ਼ਰੀ ਨਛੱਤਰ ਸਿੰਘ ਮਹਿਮਾ ਸਰਜਾ ਵਾਲਿਆਂ ਨੇ ਸੰਗਤਾਂ ਨੂੰ ਨਸ਼ਿਆਂ ਨਾਲ ਸਬੰਧਤ ਕਥਾ ਵਾਰਾਂ ਸੁਣਾ ਕੇ ਨਿਹਾਲ ਕੀਤਾ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media