
ਹੁਸ਼ਿਆਰਪੁਰ, 16 ਫਰਵਰੀ (ਸਤਵਿੰਦਰ ਸਿੰਘ) – ਪੋਲੀਓ ਦੀ ਰੋਕਥਾਮ ਲਈ ਨੈਸ਼ਨਲ ਇਮੂਨਾਈਜੇਸ਼ਨ ਪ੍ਰੋਗਰਾਮ ਅਧੀਨ ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਪੰਜ ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਵਿਸ਼ੇਸ਼ ਮੁਹਿੰਮ ਤਹਿਤ 22 ਫਰਵਰੀ ਨੂੰ 786 ਪੋਲੀਓ ਬੂਥ ਸਥਾਪਤ ਕੀਤੇ ਜਾਣਗੇ। ਇਹ ਜਾਣਕਾਰੀ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਟਾਸਕ ਫੋਰਸ ਪਲਸ ਪੋਲੀਓ ਦੀ ਮੀਟਿੰਗ ਨੂੰ ਸੰਬੋਧਨ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਪੋਲੀਓ ਦੀ ਬਿਮਾਰੀ ਨੂੰ ਜ਼ਿਲ੍ਹੇ ਅੰਦਰ ਮੁਕੰਮਲ ਰੂਪ ਵਿੱਚ ਰੋਕੀ ਰੱਖਣ ਲਈ 0-5 ਸਾਲ ਵਰਗ ਦੇ ਸਾਰੇ ਬੱਚਿਆਂ ਨੂੰ ਇਨ੍ਹਾਂ ਬੂਥਾਂ ਉੱਪਰ ਲਿਜਾ ਕੇ ਪੋਲੀਓ ਬੂੰਦਾਂ ਪਿਲਾਉਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 0-5 ਸਾਲ ਦੀ ਉਮਰ ਦੇ 1,67,814 ਬੱਚਿਆਂ, ਜਿਨ੍ਹਾਂ ਵਿੱਚ 1,33,643 ਪੇਂਡੂ ਖੇਤਰ ਅਤੇ 34,171 ਸ਼ਹਿਰੀ ਖੇਤਰਾਂ ਨਾਲ ਸਬੰਧ ਹਨ, ਨੂੰ ਇਸ ਪ੍ਰੋਗਰਾਮ ਤਹਿਤ ਕਵਰ ਕੀਤੇ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਇਸ ਮੁਹਿੰਮ ਦੀ ਮੁਕੰਮਲ ਕਾਮਯਾਬੀ ਲਈ 1528 ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੁੱਲ ਟੀਮਾਂ ਵਿੱਚੋੋਂ 1484 ਸਥਾਈ ਬੂਥਾਂ, 23 ਟ੍ਰਾਂਜਿਟ ਪੁਆਇੰਟਾਂ ਅਤੇ 21 ਮੋਬਾਇਲ ਟੀਮਾਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਅੰਦਰ 3,28,561 ਘਰ ਕਵਰ ਕੀਤੇ ਜਾਣਗੇ। ਇਸ ਕੌਮੀ ਪ੍ਰੋਗਰਾਮ ਦੀ ਕਾਮਯਾਬੀ ਲਈ ਸਾਰੇ ਵਿਭਾਗਾਂ ਨੂੰ ਸੁਹਿਰਦਤਾ ਨਾਲ ਕੰਮ ਕਰਨ ਲਈ ਆਖਦਿਆਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲੇਮੈਂਟਰੀ) ਨੂੰ ਵਿਸ਼ੇਸ਼ ਹਦਾਇਤ ਕੀਤੀ ਕਿ ਇਸ ਪ੍ਰੋਗਰਾਮ ਸਬੰਧੀ ਲੋਕ ਜਾਗਰੂਕਤਾ ਲਈ ਸਕੂਲਾਂ ਦੇ ਬਲੈਕ ਬੋਰਡਾਂ ਉੱਪਰ ਪਲਸ ਪੋਲੀਓ ਸਬੰਧੀ ਵਿਸ਼ੇਸ਼ ਸੰਦੇਸ਼ ਲਿਖਵਾਏ ਜਾਣ ਜਿਨ੍ਹਾਂ ਨੂੰ ਬੱਚੇ ਆਪਣੀਆਂ ਕਾਪੀਆਂ ਉੱਪਰ ਨੋਟ ਕਰਨ ਅਤੇ ਅੱਗੋੋਂ ਆਪਣੇ ਪਰਿਵਾਰ ਨੂੰ ਇਸ ਸਬੰਧੀ ਸੂਚਿਤ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਜ਼ੀਰੋੋ ਤੋੋਂ ਪੰਜ ਸਾਲ ਦੇ ਉਮਰ ਗਰੁਪ ਦਾ ਕੋਈ ਵੀ ਬੱਚਾ ਪੋਲੀਓ ਦੀਆਂ ਬੂੰਦਾ ਪਿਲਾਏ ਜਾਣ ਤੋੋਂ ਵਾਂਝਾ ਨਾ ਰਹੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਵੇੇਂ ਭਾਰਤ ਨੂੰ ਵਿਸ਼ਵ ਸਿਹਤ ਸੰਗਠਨ ਵੱਲੋੋੋਂ ਪੋਲੀਓ ਮੁਕਤ ਐਲਾਨਿਆ ਜਾ ਚੁੱਕਾ ਹੈ ਪਰ ਲੰਘੇ ਸਾਲ ਵਿਸ਼ਵ ਦੇ ਵੱਖ-ਵੱਖ ਮੁਲਕਾਂ ਅੰਦਰ 358 ਅਤੇ ਇਕੱਲੇ ਪਾਕਿਸਤਾਨ ਵਿੱਚ 2014 ਦੌਰਾਨ 305 ਅਤੇ ਸਾਲ 2015 ਦੌਰਾਨ ਨਵੇੇਂ 6 ਕੇਸ ਪੋਲੀਓ ਦੇ ਨਵੇੇਂ ਕੇਸ ਸਾਹਮਣੇ ਆਉਣ ਕਾਰਨ ਸਾਨੂੰ ਇਸ ਬਿਮਾਰੀ ਨੂੰ ਰੋਕੀ ਰੱਖਣ ਲਈ ਪੂਰੀ ਸਤਰਕਤਾ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਸ਼ਾ ਵਰਕਰਜ਼ ਅਤੇ ਸਿਹਤ ਕਰਮਚਾਰੀਆਂ ਪਾਸ ਖੇਤਰਾਂ ਅਨੁਸਾਰ ਇਸ ਉਮਰ ਵਰਗ ਦੇ ਬੱਚਿਆਂ ਦੀਆਂ ਸੂਚੀਆਂ ਹੋਣ ਤਾਂ ਜੋ ਇਸ ਮੁਹਿੰਮ ਤਹਿਤ ਸਾਰੇ ਅਜਿਹੇ ਬੱਚੇ ਕਵਰ ਹੋ ਸਕਣ।
ਉਨ੍ਹਾਂ ਕਿਹਾ ਕਿ ਐਸ.ਐਮ.ਓਜ਼ ਇਸ ਦਿਨ ਬੂਥਾਂ ਦੀ ਚੈਕਿੰਗ ਕਰਕੇ ਮੁਲਾਜ਼ਮਾਂ ਦੇ ਹਾਜ਼ਰ ਰਹਿਣ ਅਤੇ ਦਵਾਈ ਦੇ ਸਟਾਕ ਦਾ ਜਾਇਜ਼ਾ ਲੈਣਗੇ। ਉਨ੍ਹਾਂ ਕਿਹਾ ਕਿ ਐਸ.ਐਮ.ਓਜ਼ ਝੁੱਗੀਆਂ, ਇੱਟਾਂ ਦੇ ਭੱਠਿਆਂ ਦੀ ਲੇਬਰ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਇਹ ਬੂੰਦਾ ਪਿਲਾਏ ਜਾਣ ਸਬੰਧੀ ਵਿਸ਼ੇਸ਼ ਧਿਆਨ ਦੇਣਗੇ। ਇਸੇ ਤਰ੍ਹਾਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਆਪਣੇ ਖੇਤਰਾਂ ਵਿੱਚ ਗੁਰੂਦੁਆਰਾ ਸਾਹਿਬ ਤੋੋੋਂ ਇਸ ਸਬੰਧੀ ਅਗੇਤੀ ਅਨਾਊਸਮੈਂਟ ਕਰਵਾਉਣਗੇ। ਇਸ ਮੌਕੇ ਸਿਵਲ ਸਰਜਣ ਡਾ. ਸੁਰਜੀਤ ਸਿੰਘ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਅਜੇ ਬੱਗਾ ਨੇ ਦੱਸਿਆ ਕਿ ਰੇਲਵੇ ਸਟੇਸ਼ਨ, ਬੱਸਾਂ ਦੇ ਟ੍ਰਾਂਜਿਟ ਪੁਆਇੰਟਾਂ ਨੂੰ ਵੀ ਕਵਰ ਕਰਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦੀ ਕਾਮਯਾਬੀ ਲਈ ਜਿਥੇ ਵੱਖ-ਵੱਖ ਵਿਭਾਗਾਂ ਤੋੋਂ ਸਹਿਯੋਗ ਲਿਆ ਜਾ ਰਿਹਾ ਹੈ ਉਥੇ ਗੈਰ-ਸਰਕਾਰੀ ਸੰਸਥਾਵਾਂ ਅਤੇ ਸਮਾਜ ਭਲਾਈ ‘ਚ ਸਰਗਰਮ ਸੰਸਥਾਵਾਂ ਜਿਨ੍ਹਾਂ ਵਿੱਚ ਲਾਇਨਜ਼ ਕਲੱਬ, ਰੋਟਰੀ ਕਲੱਬ, ਇੰਡੀਅਨ ਮੈਡੀਕਲ ਐਸੋਸੀਏਸ਼ਨ, ਹੁਸ਼ਿਆਰਪੁਰ, ਡੋਗਰਾ ਪੈਰਾ ਮੈਡੀਕਲ ਕਾਲਜ ਦੇ ਨੁਮਾਇੰਦੇ, ਵੈਦ ਮੰਡਲ, ਸੇਵਾ ਭਾਰਤੀ, ਰੈੱਡ ਕਰਾਸ, ਹਸਪਤਾਲ ਭਲਾਈ ਸ਼ਾਖਾ, ਸਿਵਲ ਡਿਫੈਂਸ, ਨਹਿਰੂ ਯੁਵਾ ਕੇਂਦਰ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਮਨੋਹਰ ਸੇਵਾ ਸਮਿਤੀ ਨੂੰ ਵੀ ਪਲਸ ਪੋਲੀਓ ਮੁਹਿੰਮ ਨਾਲ ਜੋੜਿਆ ਗਿਆ ਹੈ।ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਨਵਨੀਤ ਬੱਲ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ੍ਰੀ ਮੋਹਣ ਸਿੰਘ ਲੇਹਲ, ਮਾਸ ਮੀਡੀਆ ਅਫ਼ਸਰ ਸੁਖਵਿੰਦਰ ਕੌਰ ਢਿਲੋਂ, ਡਾ. ਚੁੰਨੀ ਲਾਲ ਕਾਜਲ, ਪ੍ਰੋ: ਬਹਾਦਰ ਸਿੰਘ ਸੁਨੇਤ, ਸ੍ਰੀ ਕਨਵ ਕਪੂਰ, ਸ੍ਰੀ ਰਾਜੀਵ ਵਸ਼ਿਸ਼ਟ, ਸ੍ਰੀ ਸ਼ਾਮ ਨਰੂਲਾ ਤੋੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media