ਅਮਰੀਕਨ ਤੇ ਮਾਝੇ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਦੀ ਪਾਈ ਸਾਂਝ

ਅੰਮ੍ਰਿਤਸਰ, 16 ਫਰਵਰੀ (ਪ੍ਰੀਤਮ ਸਿੰਘ) – ਅਮਰੀਕਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਅੱਜ ਖਾਲਸਾ ਕਾਲਜ ਵਿਖੇ ਅੰਤਰ ਸੱਭਿਆਚਾਰਕ ਸਾਂਝ ਪ੍ਰੋਗਰਾਮ ਅਧੀਨ ਫੇਰੀ ਪਾਈ। ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਅਹਿਮ ਵਿਚਾਰਾਂ ਸਾਂਝੀਆਂ ਕਰਨ ਤੋਂ ਇਲਾਵਾ ਪੰਜਾਬ ਅਤੇ ਸਿੱਖ ਇਤਿਹਾਸ ਬਾਰੇ ਭਰਪੂਰ ਜਾਣਕਾਰੀਆਂ ਹਾਸਲ ਕੀਤੀਆਂ।ਉਨ੍ਹਾਂ ਨੇ ਇਤਿਹਾਸਿਕ ਖਾਲਸਾ ਕਾਲਜ ਦੀ 122 ਸਾਲਾ ਪੁਰਾਣੀ ਦਿਲਕਸ਼ ਪੁਰਾਤਨ ਇਮਾਰਤ ਨੂੰ ਇਸਦੀ ਅਸਲ ਹਾਲਤ ਵਿੱਚ ਕਾਇਮ ਰੱਖਣ ਵਾਸਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਹਾਰਨਾ ਕੀਤੀ। ਮੈਰੀ ਨੈਂਸੀ ਸਟੋਮ ਦੀ ਅਗਵਾਈ ਵਿੱਚ ਆਏ ਇਸ ਵਫਦ ਵਿੱਚ ਕੋਲੰਬੀਆ ਯੂਨੀਵਰਸਿਟੀ ਤੋਂ ਮਿਸ਼ੈਲ ਚੈਰੀਪਕਾ, ਨਿਊਯਾਰਕ ਯੂਨੀਵਰਸਿਟੀ ਸਾਰਾਹ ਡੋਡੀ, ਸਪੈਲਮੈਨ ਕਾਲਜ ਤੋਂ ਐਨੀਸਾ ਐਗੂਨਿਊ, ਹੈਮੀਲਟਨ ਕਾਲਜ ਤੋਂ ਜਿਨ ਜਾਨ ਤਿਆਨ, ਗੋਸ਼ੜ ਕਾਲਜ ਤੋਂ ਜੈਨੀਵਫੂਲਰ, ਇਥਾਕਾ ਕਾਲਜ ਤੋਂ ਲੈਰੀਡੋਕੂ ਅਤੇ ਵੂਸਟਰ ਕਾਲਜ ਤੋਂ ਬਰੈਨਟਨ ਕੈਲੀਲੋਸਕੀ ਸ਼ਾਮਿਲ ਸਨ।ਉਨ੍ਹਾਂ ਦਾ ਸਵਾਗਤ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿੱਤ ਸਕੱਤਰ ਸ: ਗੁਨਬੀਰ ਸਿੰਘ ਨੇ ਕੀਤਾ। ਇਹ ਵਫਦ ਭਾਰਤ ਵਿੱਚ ਵੱਖ-ਵੱਖ ਸ਼ਹਿਰਾਂ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਜਾ ਕੇ ਭਾਰਤੀ ਵਿਰਾਸਤ ਬਾਰੇ ਜਾਣਕਾਰੀ ਹਾਸਲ ਕਰਨ ਲਈ ਇੱਥੇ ਪਹੁੰਚਿਆ ਸੀ। ਵਫਦ ਦੇ ਮੈਂਬਰਾਂ ਨੇ ਕਾਲਜ ਵਿਖੇ ਸਿੱਖ ਹਿਸਟਰੀ ਲਾਇਬ੍ਰੇਰੀ ਵਿੱਚ ਪਹੁੰਚ ਕੇ ਪੰਜਾਬ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਕਿਤਾਬਾਂ, ਪੇਟਿੰਗ, ਖਰੜਿਆਂ ਨੂੰ ਬੜੀ ਗਹਿਰਾਈ ਨਾਲ ਵਾਚਿਆ। ਇਸ ਤੋਂ ਇਲਾਵਾ ਕਾਲਜ ਦੇ ਅਕਾਦਮਿਕ ਮਾਮਲਿਆਂ ਦੀ ਡੀਨ ਡਾ. ਨਵਨੀਨ ਬਾਵਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਡੀਨ ਪ੍ਰੋ: ਦਵਿੰਦਰ ਸਿੰਘ ਨੇ ਉਨ੍ਹਾਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਵੀ ਕਰਵਾਇਆ।
ਅਮਰੀਕਾ ਤੋਂ ਆਏ ਵਿਦਿਆਰਥੀਆਂ ਨੇ ਆਪਣੀ ਉਤਸੁਕਤਾ ਦੀ ਪੂਰਤੀ ਲਈ ਸਿੱਖ ਗੁਰੂਆਂ, ਜ਼ਲ੍ਹਿਆ ਵਾਲਾ ਬਾਗ ਅਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਬਹੁਤ ਸਾਰੇ ਸਵਾਲ ਪੁੱਛੇ ਅਤੇ ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਗੌਰਵਮਈ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਹਨ।ਮੈਰੀ ਨੈਸੀ ਨੇ ਕਿਹਾ ਕਿ ਉਹ ਭਾਰਤ ਵਿੱਚ ਸੱਭਿਆਚਾਰਕ ਸਾਂਝ ਪ੍ਰੋਗਰਾਮ ਅਧੀਨ ਹੋਰ ਵੀ ਸ਼ਹਿਰਾਂ ਵਿੱਚ ਜਾਣਗੇ ਅਤੇ ਦਿੱਲੀ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਫੇਰੀ ਸੀ। ਵਿਦਿਆਰਥੀਆਂ ਨੇ ਕਾਲਜ ਦੀ ਭੰਗੜਾ ਟੀਮ ਨਾਲ ਢੋਲ ਦੀ ਥਾਪ ‘ਤੇ ਅੱਡੀ ਚੁੱਕ ਕੇ ਡਾਂਸ ਵੀ ਕੀਤਾ।ਡਾ. ਮਹਿਲ ਸਿੰਘ ਨੇ ਵੀ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਆਪਸੀ ਸਾਂਝ ਜਗਾਉਂਦੇ ਹਨ।
Punjab Post Daily Online Newspaper & Print Media