
ਨਵੀਂ ਦਿੱਲੀ, 17 ਫਰਵਰੀ (ਅੰਮ੍ਰਿਤ ਲਾਲ ਮੰਨਣ) – ਰੋਟਰੀ ਕਲਬ ਇੰਟਰਨੈਸ਼ਨਲ ਦੇ ਇਕ ਵਫਦ ਨੂੰ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕਲਬ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।ਅਮੇਰਿਕਾ ਦੇ ਰੋਟਰੀ ਕਲਬ ਡਿਸਟ੍ਰਿਕ 5220 ਦੇ ਸਾਬਕਾ ਡਿਸਟ੍ਰਿਕ ਗਵਰਨਰ ਗੋਰਡਨ ਕੇਨਰੀ ਦੀ ਅਗੁਵਾਈ ਹੇਠ ਆਏ ਇਸ ਵਫਦ ਨੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਚਰਨਾਂ ‘ਚ ਆਪਣਾ ਆਕਿਦਾ ਵੀ ਭੇਂਟ ਕੀਤਾ। ਰੋਟਰੀ ਕਲਬ ਵੱਲੋਂ ਪੋਲੀਓ ਦੀ ਬਿਮਾਰੀ ਨੂੰ ਜੜੋ ਖਤਮ ਕਰਨ ਅਤੇ ਖੁਨਦਾਨ ਲਈ ਲੋਕਾਂ ਨੂੰ ਹੁੰਗਾਰਾਂ ਦੇਣ ਵਾਸਤੇ ਕੌਮਾਂਤਰੀ ਪੱਧਰ ਤੇ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਵੀ ਵਫਦ ਵੱਲੋਂ ਕਮੇਟੀ ਦੇ ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ ਨਾਲ ਸਾਂਝੀ ਕੀਤੀ ਗਈ।
ਵਫਦ ਦੇ ਮੈਂਬਰਾਂ ਨੂੰ ਇਸ ਮੌਕੇ ਕਾਲਕਾ ਵੱਲੋਂ ਸਿਰਪਾਓ ਦੇਕੇ ਵੀ ਸਨਮਾਨਿਤ ਕੀਤਾ ਗਿਆ।ਸਮਾਜਿਕ ਖੇਤਰ ‘ਚ ਕਲਬ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਲੋੜਿੰਦਾ ਸਹਿਯੋਗ ਦੇਣ ਦੀ ਵੀ ਕਾਲਕਾ ਵੱਲੋਂ ਪੇਸ਼ਕਸ਼ ਕੀਤੀ ਗਈ। ਕਾਲਕਾ ਨੇ ਕਿਹਾ ਕਿ ਭਾਈ ਘਨਇਆ ਜੀ ਨੇ ਸਾਨੂੰ ਬਿਨਾ ਕਿਸੇ ਵਿਤਕਰੇ ਦੇ ਸਮੁੱਚੇ ਸਮਾਜ ਦੀ ਸੇਵਾ ਨਿਸ਼ਕਾਮ ਭਾਵਨਾ ਨਾਲ ਕਰਨ ਦਾ ਜੋ ਸੱਦਾ ਦਿੱਤਾ ਸੀ ਉਸ ਸੱਦੇ ਦੇ ਉਪਰ ਅੱਜ ਰੋਟਰੀ ਕਲਬ ਵਰਗੀਆਂ ਸੰਸਥਾਵਾਂ ਚਲ ਕੇ ਸਿੱਖ ਧਰਮ ਦੇ ਸਾਮਜਿਕ ਅਤੇ ਧਾਰਮਿਕ ਸਿਧਾਂਤਾ ਦੀ ਪ੍ਰੋੜਤਾ ਕਰ ਰਹੀਆਂ ਹਨ। ਇਸ ਮੌਕੇ ਰੋਟਰੀ ਕਲਬ ਦਿੱਲੀ ਦੇ ਡਿਸਟ੍ਰਿਕ 3010 ਦੇ ਮੌਜੂਦਾ ਪ੍ਰਧਾਨ ਕੁਲਵਿੰਦਰ ਸਿੰਘ ਪਸਰਿਚਾ ਅਤੇ ਨਵੇਂ ਚੁਣੇ ਗਏ ਪ੍ਰਧਾਨ ਡਾ. ਪੁਨਪ੍ਰੀਤ ਸਿੰਘ ਸਣੇ ਵਿਦੇਸ਼ੀ ਮੈਂਬਰਾਂ ਦਾ ਵੀ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ।
Punjab Post Daily Online Newspaper & Print Media