ਸਿੱਖਾਂ ‘ਚ ਪਾੜੋ ਅਤੇ ਰਾਜ ਕਰੋ ਦੀ ਨੀਤੀ ਕਰਕੇ ਸਰਨਾ ਭਰਾਵਾਂ ਨੂੰ ਸੰਗਤਾਂ ਨੇ ਨਕਾਰਿਆ- ਜੀ.ਕੇ

ਨਵੀਂ ਦਿੱਲੀ, 20 ਫਰਵਰੀ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਰਸੋਂ ਚੰਡੀਗੜ੍ਹ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੀ ਲਈ ਗਈ ਮੀਟਿੰਗ ਦਾ ਅਸਰ ਅੱਜ ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੀਆਂ ਚੋਣਾਂ ਦੌਰਾਨ ਸਾਫ ਨਜ਼ਰ ਆਇਆ।ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਵਧੀਆ ਫਲੋਰ ਮੇਨੈਜਮੈਂਟ ਸਦਕਾ ਸ਼੍ਰੋਮਣੀ ਅਕਾਲੀ ਦਲ ਸਰਨਾ ਧੜਾ ਪਟਨਾ ਸਾਹਿਬ ਕਮੇਟੀ ਦੇ ਪ੍ਰਬੰਧ ਦੀ ਸੇਵਾ ਤੋਂ ਬਾਹਰ ਹੋ ਗਿਆ।ਇਨ੍ਹਾਂ ਚੋਣਾਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ, ਸਲਵਿੰਦਰ ਸਿੰਘ ਟਾਟਾ ਨਗਰ ਸੀਨੀਅਰ ਮੀਤ ਪ੍ਰਧਾਨ, ਬੀਬੀ ਕਮਲਜੀਤ ਕੌਰ ਜੁਨੀਅਰ ਮੀਤ ਪ੍ਰਧਾਨ, ਸਰਜਿੰਦਰ ਸਿੰਘ ਪਟਨਾ ਸਾਹਿਬ ਜਰਨਲ ਸਕੱਤਰ ਅਤੇ ਮਹਿੰਦਰ ਸਿੰਘ ਛਾਬੜਾ ਸਕੱਤਰ ਵਜੋਂ ਬਿਨਾ ਕਿਸੇ ਵਿਰੋਧ ਦੇ ਚੁਣੇ ਗਏ।
ਦਿੱਲੀ ਕਮੇਟੀ ਤੋਂ ਬਾਅਦ ਅੱਜ ਪਟਨਾ ਸਾਹਿਬ ਕਮੇਟੀ ਤੋਂ ਸਰਨਾ ਧੜੇ ਦੀ ਛੁੱਟੀ ‘ਤੇ ਆਪਣਾ ਪ੍ਰਤੀਕ੍ਰਮ ਦਿੰਦੇ ਹੋਏ ਜੀ.ਕੇ ਨੇ ਕਿਹਾ ਕਿ ਅੱਜ ਸਮੁੱਚਾ ਪੰਥ ਵਧਾਈ ਦਾ ਪਾਤਰ ਹੈ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਤੇ ਲੋਕਾਂ ਨੂੰ ਭੁਲੇਖੇ ਪੈਦਾ ਕਰਕੇ ਸਿੱਖਾਂ ‘ਚ ਪਾੜੋ ਅਤੇ ਰਾਜ ਕਰੋ ਦੀ ਨੀਤੀ ‘ਤੇ ਚਲਣ ਵਾਲੇ ਸਰਨਾ ਭਰਾਵਾਂ ਨੂੰ ਸੰਗਤਾਂ ਨੇ ਨਕਾਰ ਦਿੱਤਾ ਹੈ।ਇਸੇ ਮਸਲੇ ‘ਤੇ ਸਿਰਸਾ ਨੇ ਆਪਣਾ ਪ੍ਰਤੀਕ੍ਰਮ ਦਿੰਦੇ ਹੋਏ ਕਿਹਾ ਕਿ ਅੱਜ ਦੀਆ ਚੋਣਾਂ ਨੇ ਇਸ ਸਾਬਿਤ ਕਰ ਦਿੱਤਾ ਹੈ ਕਿ ਸਿੱਖ ਕੌਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਅਤੇ ਕੌਮ ‘ਚ ਵਖਰੇਵੇਂ ਪੈਦਾ ਕਰਨ ਵਾਲੇ ਅਖੌਤੀ ਆਗੂਆਂ ਨੂੰ ਆਪਣੇ ਗੁਰੂਧਾਮਾਂ ਦੀ ਸੇਵਾ ਨਹੀਂ ਸੌਂਪਣਾ ਚਾਹੁੰਦੀ ਹੈ। ਦਿੱਲੀ ਕਮੇਟੀ ਚੋਣਾਂ ਤੋਂ ਬਾਅਦ ਸਰਨਾ ਧੜੇ ਦੇ ਲੜੀਵਾਰ ਸ਼ੁਰੂ ਹੋਏ ਹਾਰਾਂ ਦੇ ਕਾਫਿਲੇ ‘ਚ ਦਿੱਲੀ ਦੀ ਵੱਡੀ ਸਿੰਘ ਸਭਾ ਰਾਜੌਰੀ ਗਾਰਡਨ ਸਣੇ ਅੱਜ ਦੀ ਹਾਰ ਦਾ ਵੀ ਸਿਰਸਾ ਨੇ ਹਵਾਲਾ ਦਿੱਤਾ। ਇਥੇ ਇਹ ਜ਼ਿਕਰਯੋਗ ਹੈ ਕਿ ਅੱਜ ਦੀ ਆਪਣੀ ਹਾਰ ਨੂੰ ਸਾਹਮਣੇ ਦੇਖ ਕੇ ਸਰਨਾ ਦਲ ਦੇ ਸਕੱਤਰ ਜਰਨਲ ਅਤੇ ਪਟਨਾ ਸਾਹਿਬ ਕਮੇਟੀ ਦੇ ਮੈਂਬਰ ਹਰਵਿੰਦਰ ਸਿੰਘ ਸਰਨਾ ਆਪਣੇ ਸਾਥੀ ਭਜਨ ਸਿੰਘ ਵਾਲੀਆ ਨਾਲ ਫੋਨ ਤੇ ਗੱਲ ਕਰਨ ਉਪਰੰਤ ਬਿਨਾ ਇਜਲਾਸ ‘ਚ ਆਏ ਪਟਨਾ ਹਵਾਈ ਅੱਡੇ ਤੋਂ ਹੀ ਵਾਪਿਸ ਮੁੜ ਗਏ ਸਨ।ਸੁਖਬੀਰ ਬਾਦਲ ਵੱਲੋਂ ਉਚੇਚੇ ਤੋੌਰ ਤੇ ਇਨ੍ਹਾਂ ਚੋਣਾਂ ‘ਚ ਜਿੱਤ ਦਾ ਝੰਡਾ ਫਹਿਰਾਉਣ ਵਾਸਤੇ ਦਿੱਲੀ ਤੋਂ ਜੀ.ਕੇ, ਸਿਰਸਾ ਅਤੇ ਅਕਾਲੀ ਆਗੂ ਸੁਰਿੰਦਰਪਾਲ ਸਿੰਘ ਓਬਰਾਏ ਨੂੰ ਭੇਜਿਆ ਗਿਆ ਸੀ।
Punjab Post Daily Online Newspaper & Print Media