
ਹੁਸ਼ਿਆਰਪੁਰ, 22 ਫਰਵਰੀ (ਸਤਵਿੰਦਰ ਸਿੰਘ) – ਭਾਰਤ ਨੂੰ ਪੋਲੀਓ ਮੁਕਤ ਰੱਖਣ ਲਈ ਜ਼ਿਲ੍ਹੇ ਅੰਦਰ ਪੰਜ ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਅੱਜ ਕੌਮੀ ਪਲਸ ਪੋਲੀਓ ਮੁਹਿੰਮ ਦਾ ਉਦਘਾਟਨ ਡਾਇਰੈਕਟਰ ਹੈਲਥ ਈ.ਐਸ.ਆਈ. ਜੁਆਇੰਟ ਕਮਿਸ਼ਨਰ ਫੂਡ ਐਂਡ ਸੇਫਟੀ ਡਾ. ਭਾਗ ਮੱਲ, ਸੋਨਾਲੀਕਾ ਇੰਟਰਨੈਸ਼ਨਲ ਗਰੁੱਪ ਆਫ ਟਰੈਕਟਰਜ ਤੇ ਸਮਾਜਿਕ-ਧਾਰਮਿਕ ਆਗੂ ਸ਼੍ਰੀਮਤੀ ਸੰਗੀਤਾ ਮਿੱਤਲ, ਸ਼੍ਰੀ ਗੁਰੂ ਰਾਮਦਾਸ ਕਾਲਜ ਆਫ ਨਰਸਿੰਗ ਦੇ ਚੇਅਰਪਰਸਨ ਮੈਡਮ ਦਵਿੰਦਰ ਕੌਰ ਔਲਖ ਨੇ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਵੱਖ-ਵੱਖ ਪੋਲੀਓ ਬੂਥਾਂ ‘ਤੇ ਪੋਲੀਓ ਬੂੰਦਾਂ ਪਿਲਾ ਕੇ ਕੀਤਾ।ਡਾਇਰੈਕਟਰ ਡਾ.ਭਾਗ ਮਲ ਨੇ ਦੱਸਿਆ ਕਿ ਜਿਲ੍ਹੇ ਹੁਸ਼ਿਆਰਪੁਰ ਵਿੱਚ 0-5 ਸਾਲ ਤੱਕ ਦੀ ਉਮਰ ਦੇ 1,67,814 ਬੱਚਿਆਂ ਜਿਨ੍ਹਾਂ ਵਿੱਚ 1,33,643 ਪੇਂਡੂ ਖੇਤਰ ਅਤੇ 34,171 ਸ਼ਹਿਰੀ ਖੇਤਰਾਂ ਨਾਲ ਸਬੰਧਤ ਹਨ, ਨੂੰ ਪੋਲੀਓ ਦੀ ਖੁਰਾਕ ਪਿਲਾਉਣ ਲਈ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ 786 ਬੂਥ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮੁੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਮੁਹਿੰਮ ਦੇ ਨਿਰੀਖਣ ਲਈ 164 ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ ਅਤੇ ਇਸ ਮੁਹਿੰਮ ਦੀ ਮੁਕੰਮਲ ਕਾਮਯਾਬੀ ਲਈ 1528 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਕੁਲ ਟੀਮਾਂ ਵਿੱਚੋਂ 1484 ਸਥਾਈ ਬੂਥਾਂ, 23 ਟਰਾਂਜ਼ਿਟ ਪੁਆਇੰਟਾਂ ਅਤੇ 21 ਮੋਬਾਇਲ ਟੀਮਾਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਜਿਹੜੇ ਬੱਚੇ ਕਿਸੇ ਕਾਰਣ ਅੱਜ ਪੋਲੀਓ ਬੂਥ ਤੇ ਪੋਲੀਓ ਵੈਕਸੀਨ ਨਹੀਂ ਲੈ ਸਕਣਗੇ, ਉਨ੍ਹਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮਿਤੀ 23 ਅਤੇ 24 ਫਰਵਰੀ ਨੂੰ ਘਰ-ਘਰ ਜਾ ਕੇ ਪੋਲੀਓ ਦੀ ਖੁਰਾਕ ਪਿਲਾਈ ਜਾਵੇਗੀ। ਇਸ ਮੁਹਿੰਮ ਤਹਿਤ ਜ਼ਿਲ੍ਹੇ ਅੰਦਰ 3,28,561 ਘਰ ਕਵਰ ਕੀਤੇ ਜਾਣਗੇ।
ਸ਼੍ਰੀਮਤੀ ਸੰਗੀਤਾ ਮਿੱਤਲ ਨੇ ਸਮੂਹ ਧਾਰਮਿਕ, ਸਮਾਜਿਕ ਸਗੰਠਨਾਂ ਅਤੇ ਸਵੈ-ਸੇਵੀ ਜੱਥੇਬੰਦੀਆਂ ਵੱਲੋਂ ਪਲਸ ਪੋਲੀਓ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਦਿੱਤੇ ਗਏ ਯੋਗਦਾਨ ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਨੂੰ ਪੋਲੀਓ ਮੁਕਤ ਬਣਾਏ ਰੱਖਣ ਲਈ ਇਸ ਮੁਹਿੰਮ ਦੌਰਾਨ 0 ਤੋਂ 5 ਸਾਲ ਤੱਕ ਦੀ ਉਮਰ ਦੇ ਹਰ ਬੱਚੇ ਲਈ 2 ਬੂੰਦ ਜਿੰਦਗੀ ਦੀਆਂ ਪੀਣਾ ਬਹੂਤ ਜਰੂਰੀ ਹੈ। ਇਸ ਅਵਸਰ ਤੇ ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ 23 ਅਤੇ 24 ਫਰਵਰੀ ਨੂੰ ਵੈਕਸੀਨੇਟਰ ਜਦੋਂ ਘਰੋ-ਘਰੀ ਪੋਲੀਓ ਵੈਕਸੀਨ ਪਿਲਾਉਣ ਵਾਸਤੇ ਆਉਣ ਤੇ ਉਨ੍ਹਾਂ ਨੂੰ ਪੂਰਣ ਸਹਿਯੋਗ ਦਿੱਤਾ ਜਾਵੇ ਤਾਂ ਕਿ ਕੋਈ ਵੀ ਬੱਚਾ ਪੋਲੀਓ ਖੁਰਾਕ ਤੋਂ ਵਾਂਝਾ ਨਾਂ ਰਹੇ। ਸ਼੍ਰੀਮਤੀ ਮਿੱਤਲ ਨੇ ਕਿਹਾ ਕਿ ਜੇਕਰ ਇੱਕ ਵੀ ਬੱਚਾ ਛੁੱਟ ਗਿਆ ਤਾਂ ਸਮਝੋ ਕਿ ਸੁਰੱਖਿਆ ਚੱਕਰ ਟੁੱਟ ਗਿਆ।ਝੁੱਗੀ ਝੋਪੜੀਂ ਇਲਾਕੇ ਮੁਹੱਲਾ ਰਾਮਗੜ ਨੇੜੇ ਈ.ਐਸ.ਆਈ. ਹਸਪਤਾਲ ਵਿਖੇ ਪੋਲੀਓ ਬੂਥ ਦੀ ਰਸਮੀ ਸ਼ੁਰੂਆਤ ਮੌਕੇ ਮੈਡਮ ਦਵਿੰਦਰ ਕੌਰ ਔਲਖ ਨੇ ਸਿਹਤ ਵਿਭਾਗ ਦੀ ਪਸ਼ੰਸਾ ਕਰਦਿਆਂ ਕਿਹਾ ਕਿ ਨਿਯਮਿਤ ਟੀਕਾਕਰਣ ਦੌਰਾਨ ਕਿਸੇ ਕਾਰਣ ਪੋਲੀਓ ਖੁਰਾਕ ਤੋਂ ਵਾਂਝੇ ਰਹਿ ਗਏ ਇਸ ਸਲੱਮ ਖੇਤਰ ਦੇ ਪ੍ਰਵਾਸੀ ਅਬਾਦੀ ਵਾਲੇ ਪਰਿਵਾਰਾਂ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਲਈ ਵਿਸ਼ੇਸ਼ ਪੋਲੀਓ ਬੂਥ ਸਥਾਪਿਤ ਕਰਨਾ ਸਿਹਤ ਵਿਭਾਗ ਹੁਸ਼ਿਆਰੁਪਰ ਦਾ ਇੱਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਪ੍ਰਵਾਸੀ ਪਰਿਵਾਰਾਂ ਨੂੰ ਬੇਨਤੀ ਕੀਤੀ ਕਿ ਪਲਸ ਪੋਲੀਓ ਮੁਹਿੰਮ ਦੀ ਪੂਰਣ ਕਾਮਯਾਬੀ ਲਈ 0 ਤੋਂ 5 ਸਾਲ ਤੱਕ ਦੇ ਸਮੂਹ ਬੱਚਿਆਂ ਨੂੰ ਪੋਲੀਓ ਖੁਰਾਕ ਦਿਵਾਉਣ ਲਈ ਸਿਹਤ ਵਿਭਾਗ ਦਾ ਸਹਿਯੋਗ ਜਰੂਰ ਦੇਣ ਤਾਂ ਜੋ ਭਾਰਤ ਨੂੰ ਨਾਮੁਰਾਦ ਬੀਮਾਰੀ ਪੋਲੀਓ ਦੇ ਪ੍ਰਭਾਵ ਤੋਂ ਮੁਕਤ ਰੱਖਿਆ ਜਾ ਸਕੇ।
ਇਸ ਮੌਕੇ ਮੈਡਮ ਔਲਖ ਵੱਲੋਂ ਪ੍ਰਵਾਸੀ ਆਬਾਦੀ ਦੇ ਬੱਚਿਆਂ ਨੂੰ ਫਲ ਵੀ ਵਿਤਰਤ ਕੀਤੇ ਗਏ। ਪਲਸ ਪੋਲੀਓ ਦੇ ਵੱਖ-ਵੱਖ ਉਦਘਾਟਨੀ ਸਮਾਰੋਹਾਂ ਦੌਰਾਨ ਸਹਾਇਕ ਸਿਵਲ ਸਰਜਨ ਡਾ.ਰਜਨੀਸ਼ ਸੈਣੀ, ਜਿਲ੍ਹਾ ਟੀਕਾਕਰਣ ਅਧਿਕਾਰੀ ਡਾ.ਅਜੇ ਬੱਗਾ, ਐਸ.ਐਮ.ਓ.ਸਿਵਲ ਹਸਪਤਾਲ ਡਾ.ਵਿਨੋਦ ਸਰੀਨ, ਡਾ.ਸਤਪਾਲ ਗੋਜਰਾ, ਡਾ.ਗੁਰਮੀਤ ਸਿੰਘ, ਡਾ.ਜਸਵਿੰਦਰ ਸਿੰਘ, ਡਾ. ਗੁਨਦੀਪ ਕੌਰ, ਡਾ. ਸ਼ਾਲਿਨੀ, ਡਾ. ਸੈਲੇਸ਼, ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋਂ, ਸ਼੍ਰੀਮਤੀ ਸੁਰਜਨ ਨੈਨ ਕੌਰ, ਪ੍ਰਦੀਪ ਕੁਮਾਰ, ਸੁਨੀਲ ਪ੍ਰਇਏ, ਭੁਪਿੰਦਰ ਸਿੰਘ, ਰੀਨਾ ਸੰਧੂ, ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ, ਕਰਮਚਾਰੀ, ਲਾਇਨਜ਼ ਕਲੱਬ ਦੇ ਚੇਅਰਮੈਨ ਵਿਜੇ ਅਰੋੜਾ, ਪ੍ਰਧਾਨ ਬਲਵੰਤ ਸਿੰਘ ਮਾਂਗਟ, ਵਿਨੋਦ ਕੁਮਾਰ, ਸ਼ਾਮ ਲਾਲ ਰਾਣਾ, ਰੋਹਿਤ ਅਗਰਵਾਲ, ਰੋਹਿਤ ਕੁਮਾਰ ਅਤੇ ਸੰਦੀਪ ਕਪੂਰ ਹਾਜਰ ਸਨ। ਪਲਸ ਪੋਲੀਓ ਦੇ ਬੂਥਾਂ ਨੂੰ ਸਥਾਪਿਤ ਕਰਨ ਵਿੱਚ ਸਿਹਤ ਵਿਭਾਗ ਹੁਸ਼ਿਆਰਪੁਰ ਨੂੰ ਲਾਇੰਨਜ਼ ਕਲੱਬ ਅਤੇ ਡੋਗਰਾ ਪੈਰਾਮੈਡੀਕਲ ਕਾਲਜ ਵੱਲੋਂ ਉਚੇਚਾ ਸਹਿਯੋਗ ਦਿੱਤਾ ਗਿਆ। ਹੁਸ਼ਿਆਰਪੁਰ ਸ਼ਹਿਰ ਵਿੱਚ ਬੱਚਿਆਂ ਨੂੰ ਪੋਲੀਓ ਵੈਕਸੀਨ ਪਿਲਾਉਣ ਲਈ ਲਾਇੰਨਜ ਕੱਲਬ, ਰੋਟਰੀ ਕਲੱਬ, ਸਿਵਲ ਡਿਫੈਂਸ, ਸੇਵਾ ਭਾਰਤੀ, ਯੂਵਾ ਜਾਗ੍ਰਤੀ ਮੰਚ ਆਦਿ ਸਵੈ-ਸੇਵੀ ਸੰਸਥਾਵਾਂ ਸਹਿਤ ਸ਼੍ਰੀ ਗੁਰੂ ਰਾਮ ਦਾਸ ਕਾਲਜ ਆਫ ਨਰਸਿੰਗ, ਡੋਗਰਾ ਪੈਰਾ ਮੈਡੀਕਲ ਕਾਲਜ, ਨਰਸਿੰਗ ਕਾਲਜ ਕੰਧਾਲਾ ਸ਼ੇਖਾਂ ਅਤੇ ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ ਸਕੂਲ ਹੁਸ਼ਿਆਰਪੁਰ ਵੱਲੋਂ ਭਰਵਾਂ ਸਹਿਯੋਗ ਦਿੱਤਾ ਗਿਆ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media