ਅਧਾਰ ਕਾਰਡ ਨੂੰ ਵੋਟਰ ਕਾਰਡ ਡੈਟਾ ਨਾਲ ਲਿੰਕ ਕਰਨ ਨਾਲ ਦੋਹਰੀਆਂ ਵੋਟਾਂ ਕੱਟਣ ਤੇ ਗਲਤੀਆਂ ਸੁਧਾਰਨ ‘ਚ ਮਿਲੇਗੀ ਮਦਦ

ਫਾਜ਼ਿਲਕਾ, 5 ਮਾਰਚ (ਵਨੀਤ ਅਰੋੜਾ) – ਵਧੀਕ ਡਿਪਟੀ ਕਮਿਸ਼ਨਰ-ਕਮ- ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ. ਚਰਨਦੇਵ ਸਿੰਘ ਮਾਨ ਨੇ ਜ਼ਿਲ੍ਹੇ ਦੇ ਵੋਟਰਾਂ ਨੂੰ ਆਪਣੇ ਅਧਾਰ ਕਾਰਡ ਆਪਣੇ ਵੋਟਰ ਪਹਿਚਾਣ ਪੱਤਰ ਅਤੇ ਵੋਟਰ ਸੂਚੀ ਦੇ ਡੈਟਾ ਵਿੱਚ ਸ਼ਾਮਿਲ ਕਰਵਾਉਣ ਲਈ ਅਪੀਲ ਕੀਤੀ ਹੈ।ਉਨ੍ਹਾਂ ਦੱਸਿਆ ਕਿ ਭਾਰਤ ਦੇ ਮੁੱਖ ਚੋਣ ਕਮਿਸ਼ਨ ਵੱਲੋਂ ਦੇਸ਼ ਭਰ ਵਿੱਚ ਲਾਗੂ ਕੀਤੇ ਗਏ ‘ਨੈਸ਼ਨਲ ਇਲੈਕਟੋਰਲ ਰੋਲ ਪਿਓਰੀਫ਼ਿਕੇਸ਼ਨ ਐਂਡ ਅਥੈਂਟੀਫ਼ਿਕੇਸ਼ਨ ਪ੍ਰੋਗਰਾਮ’ ਅਨੁਸਾਰ ਵੋਟਰਾਂ ਦੇ ਮਤਦਾਤਾ ਪਹਿਚਾਣ ਪੱਤਰ (ਏਪਿਕ ਡੈਟਾ) ਨਾਲ ਅਧਾਰ ਕਾਰਡ ਨੰਬਰ ਲਿੰਕ ਕਰਨ ਦੀ ਯੋਜਨਾ ਲਾਗੂ ਕੀਤੀ ਗਈ ਹੈ, ਜਿਸ ਤਹਿਤ ਹਰੇਕ ਵੋਟਰ ਲਈ ਆਪਣਾ ਅਧਾਰ ਕਾਰਡ ਆਪਣੇ ਪਹਿਚਾਣ ਪੱਤਰ ਨਾਲ ਲਿੰਕ ਕਰਨਾ ਜ਼ਰੂਰੀ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ ਵੋਟਰ ਮੁੱਖ ਚੋਣ ਅਫ਼ਸਰ ਪੰਜਾਬ ਦੀ ਵੈਬਸਾਈਟ ਾਾਾ.ੲਚ.ਿਨਚਿ.ਨਿ ‘ਤੇ ਜਾ ਕੇ ਆਪਣਾ ਅਧਾਰ ਕਾਰਡ ਦਰਜ ਕਰਵਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੋਟਰ ਟੋਲ ਫ਼੍ਰੀ ਨੰਬਰ 1950 ‘ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਫ਼ੋਨ ਕਰਕੇ ਆਪਣਾ ਅਧਾਰ ਨੰਬਰ ਦਰਜ ਕਰਵਾ ਸਕਦੇ ਹਨ। ਸ.ਮਾਨ ਨੇ ਦੱਸਿਆ ਕਿ ਇਸ ਸਬੰਧੀ ਬੀ.ਐਲ.ਓ. ਘਰ-ਘਰ ਜਾ ਕੇ ਵੋਟਰ ਦਾ ਆਧਾਰ ਨੰਬਰ ਪ੍ਰਾਪਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਲੋਂ ਵੋਟਰ ਸਹੂਲਤ ਕੇਂਦਰ, ਈ-ਸੇਵਾ ਕੇਂਦਰ ਅਤੇ ਨਾਗਰਿਕ ਸਹੂਲਤ ਕੇਂਦਰ ਦੀ ਸਹਾਇਤਾ ਨਾਲ ਆਧਾਰ ਕਾਰਡ ਨੰਬਰ ਇਕੱਠਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਪਰੋਕਤ ਅਨੁਸਾਰ ਇਕੱਠੇ ਕੀਤੇ ਗਏ ਆਧਾਰ ਕਾਰਡ ਨੰਬਰ ਐਨ.ਵੀ.ਐਸ.ਪੀ. (ਨੈਸ਼ਨਲ ਵੋਟਰ ਸਰਵਿਸ ਪੋਰਟਲ) ‘ਤੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਲੋਂ ਦਰਜ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਘਰ-ਘਰ ਜਾ ਕੇ ਸਰਵੇ ਕਰਨ ਸਮੇਂ ਬੂਥ ਲੈਵਲ ਅਫ਼ਸਰਾਂ ਨੂੰ ਨਵੀਂ ਵੋਟ ਦਰਜ ਕਰਵਾਉਣ ਲਈ ਫਾਰਮ ਨੰਬਰ 6 ਅਤੇ ਪਹਿਲਾਂ ਦਰਜ ਵੋਟ ਵਿਚ ਕਿਸੇ ਕਿਸਮ ਦੀ ਦਰੁੱਸਤੀ ਲਈ ਫਾਰਮ ਨੰਬਰ 8 ਵੀ ਭਰਕੇ ਦਿੱਤਾ ਜਾ ਸਕਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਅਧਾਰ ਨੰਬਰ ਉਕਤ ਵਿਧੀਆਂ ਰਾਹੀਂ ਚੋਣ ਕਮਿਸ਼ਨ ਕੋਲ ਰਜਿਸਟਰ ਕਰਵਾ ਕੇ ਜ਼ਿੰਮੇਂਵਾਰ ਨਾਗਰਿਕ ਅਤੇ ਵੋਟਰ ਹੋਣ ਦਾ ਪ੍ਰਮਾਣ ਦੇਣ। ਉਨ੍ਹਾਂ ਦੱਸਿਆ ਕਿ ਅਧਾਰ ਕਾਰਡ ਨੂੰ ਫ਼ੋਟੋ ਵੋਟਰ ਕਾਰਡ ਡੈਟਾ ਨਾਲ ਲਿੰਕ ਕਰਨ ਨਾਲ ਜਿੱਥੇ ਦੋਹਰੀਆਂ ਵੋਟਾਂ ਨੂੰ ਕੱਟਣ ਵਿੱਚ ਮੱਦਦ ਮਿਲੇਗੀ ਉੱਥੇ ਵੋਟਰ ਸੂਚੀਆਂ ਵਿੱਚ ਗਲਤੀਆਂ ਨੂੰ ਵੀ ਸੁਧਾਰਨ ਵਿੱਚ ਮੱਦਦ ਮਿਲੇਗੀ।
Punjab Post Daily Online Newspaper & Print Media