
ਅੰਮ੍ਰਿਤਸਰ, 9 ਮਾਰਚ (ਸੁਖਬੀਰ ਸਿੰਘ) – ਕੇਂਦਰ ਸਰਕਾਰ ਵਲੋਂ ਬੀਤੇ ਦਿਨੀ ਪਵਿਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਲਈ ਜਾਰੀ ਹੋਈ 69 ਕਰੋੜ ਦੀ ਗ੍ਰਾਂਟ ਨੂੰ ਤਰਤੀਬ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਤੇ ਆਸ-ਪਾਸ ਦੇ ਇਲਾਕੇ ਦੀ ਸੁੰਦਰਤਾ ਵਧਾਉਂਣ ਲਈ ਖ਼ਰਚਿਆ ਜਾਵੇ ਤਾਂ ਜੋ ਇਹ ਹੈਰੀਟੇਸ ਸਿਟੀ ਨੂੰ ਮਿਲੀ ਇਸ ਰਕਮ ਦੀ ਸਹੀ ਵਰਤੋਂ ਹੋ ਸਕੇ, ਇਹ ਵਿਚਾਰ ਹੋਲੀ ਸਿਟੀ ਟਰੱਸਟ ਦੇ ਪ੍ਰਧਾਨ ਕੌਂਸਲਰ ਮਨਮੋਹਨ ਸਿੰਘ ਟੀਟੂ ਵਲੋਂ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਹੇ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਜਿਥੇ ਕਿ ਰੋਜ਼ਾਨਾ ਦੇਸ਼ਾਂ ਵਿਦੇਸ਼ਾਂ ਤੋਂ ਹਰ ਧਰਮ ਦੇ ਲੋਕ ਨਤਮਸਤਿਕ ਹੁੰਦੇ ਹਨ, ਪਰ ਇਸ ਸੱਚਖੰਡ ਨੂੰ ਜਾਂਦੇ ਟੁੱਟੇ ਰਸਤੇ, ਖਰਾਬ ਸੀਵਰੇਜ, ਬੰਦ ਪਈਆਂ ਸਟ੍ਰੀਟ ਲਾਈਟਾਂ, ਥਾਂ-ਥਾਂ ਖਿੱਲਰਿਆ ਕੂੜਾ ਕਰਕਟ ਜੋ ਕਿ ਸ਼ਰਮਸਾਰ ਕਰਦੇ ਹਨ। ਸ:ਟੀਟੂ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਸੁੰਦਰਤਾ ਲਈ ਪਹਿਲਾਂ ਵੀ ਕਈ ਗ੍ਰਾਂਟਾਂ ਆ ਚੁੱਕੀਆਂ ਹਨ ਪਰ ਅਫਸਰਾਂ ਦੀ ਅਣਗਹਿਲੀ ਤੇ ਖਾਨਾ ਪੂਰਤੀ ਕਰਕੇ ਸੱਚਖੰਡ ਨੂੰ ਜਾਂਦੇ ਰਸਤਿਆਂ ਅਤੇ ਆਸ ਪਾਸ ਹੁਣ ਤੱਕ ਨਾ ਮਾਤਰ ਵਿਕਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਾਰੀ ਇਸ ਗ੍ਰਾਂਟ ਨੂੰ ਹੋਰਨਾ ਕੰਮਾਂ ਤੇ ਖ਼ਰਚਣ ਦੀ ਬਜਾਏ ਸ੍ਰੀ ਹਰਿਮੰਦਰ ਸਾਹਿਬ ਦੀ ਸੁੰਦਰਤਾ ਲਈ ਖ਼ਰਚਿਆ ਜਾਵੇ ਕਿਉਂ ਕਿ ਸ੍ਰੀ ਹਰਿਮੰਦਰ ਸਾਹਿਬ ਕਰਕੇ ਹੀ ਇਸ ਸ਼ਹਿਰ ਦਾ ਵਜੂਦ ਹੈ। ਇਸ ਰਕਮ ਨਾਲ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਸਾਰੇ ਰਸਤਿਆਂ ਦੀ ਮੁਰੰਮਤ, ਆਧੁਨਿਕ ਸਟ੍ਰੀਟ ਲਾਈਟਾਂ, ਹਰਿਆਲੀ ਲਈ ਸਜਾਵਟੀ ਬੂਟੇ, ਖਰਾਬ ਹੋਈ ਸੀਵਰੇਜ ਪ੍ਰਣਾਲੀ ਦੀ ਮੁਰੰਮਤ, ਗਲਿਆਰਾ ਸਮੇਤ ਰਸਤਿਆਂ ਤੇ ਨਜਾਇਜ ਕਬਜ਼ੇ ਤੇ ਨਜਾਇਜ ਪਾਰਕਿੰਗ ਨੂੰ ਹਟਾਉਣ, ਫ਼ੁੱਟ-ਪਾਥ, ਜਨਤਕ ਪਖਾਨੇ, ਕੂੜੇਦਾਨ ਆਦਿ ਮੁੱਖ ਲੋੜਾਂ ਨੂੰ ਪੂਰਾ ਕੀਤਾ ਜਾਵੇ ਇਸ ਦੇ ਨਾਲ ਹੀ ਇਨ੍ਹਾਂ ਰਸਤਿਆਂ ਤੇ ਸਫਾਈ ਦਾ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤੇ ਸਫਾਈ ਸੇਵਕਾਂ ਪਾਸੋਂ ਬਣਦੀ ਪੁਰੀ ਡਿਉਟੀ ਲਈ ਜਾਵੇ।ਸ:ਮਨਮੋਹਨ ਸਿੰਘ ਟੀਟੂ ਨੇ ਸ:ਪ੍ਰਕਾਸ਼ ਸਿੰਘ ਬਾਦਲ ਤੇ ਸ:ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਨੂੰ ਅਸਲ ਵਿਚ ਪਵਿਤਰ ਸ਼ਹਿਰ ਬਣਾਉਣ ਲਈ ਇਨ੍ਹਾਂ ਉਕਤ ਮੰਗਾਂ ਵੱਲ ਜਰੂਰ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਮੰਗਾਂ ਸਬੰਧੀ ਇਕ ਵਫ਼ਦ ਦੇ ਰੂਪ ਵਿਚ ਸ;ਸੁਖਬੀਰ ਸਿੰਘ ਬਾਦਲ ਤੱਕ ਜਦਲ ਹੀ ਪਹੂੰਚ ਕਰਕੇ ਉਨ੍ਹਾਂ ਨੂੰ ਇਸ ਤੋਂ ਜਾਣੂ ਕਰਵਾਉਣਗੇ।
Punjab Post Daily Online Newspaper & Print Media