Monday, February 23, 2026

ਦਿੱਲੀ ਵਿੱਚ ਨੌਜਵਾਨਾਂ ਨੂੰ ਵਿਰਾਸਤ ਨਾਲ ਜੋੜਨ ਲਈ ਗੱਤਕੇ ਨੂੰ ਪ੍ਰਫੁੱਲਤ ਕੀਤਾ ਜਾਵੇਗਾ-ਰਾਣਾ

PPN1503201504

ਨਵੀਂ ਦਿੱਲੀ, 15 ਮਾਰਚ (ਅੰਮ੍ਰਿਤ ਲਾਲ ਮੰਨਣ) – ਗੱਤਕਾ ਫ਼ੈਡਰੇਸ਼ਨ ਆਫ ਇੰਡੀਆ ਵੱਲੋਂ ਪੁਰਾਤਨ ਸਿੱਖ ਸ਼ਸ਼ਤਰ ਵਿੱਦਿਆ ਗੱਤਕੇ ਨੂੰ ਵਿਰਾਸਤ ਅਤੇ ਮਾਨਤਾ ਪ੍ਰਾਪਤ ਖੇਡ ਵਜੋਂ ਪ੍ਰਫੁੱਲਤ ਕਰਨ ਲਈ ਆਰੰਭੇ ਯਤਨਾਂ ਤਹਿਤ ਦਿੱਲੀ ਗੱਤਕਾ ਐਸੋਸੀਏਸ਼ਨ ਵੱਲੋਂ ਰਾਜਧਾਨੀ ਵਿੱਚ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਕਰਵਾਏ ਜਾਣਗੇ ਅਤੇ ਨੌਜਵਾਨਾਂ ਨੂੰ ਗੱਤਕਾ ਖੇਡ ਦੀ ਮੁਫ਼ਤ ਸਿਖਲਾਈ ਵੀ ਦਿੱਤੀ ਜਾਵੇਗੀ ਤਾਂ ਜੋ ਗੱਤਕੇ ਨੂੰ ਅਮੀਰ ਵਿਰਸੇ ਪੱਖੋਂ ਅਤੇ ਖੇਡ ਦੇ ਤੌਰ ‘ਤੇ ਵਿਕਸਤ ਕਰਦਿਆਂ ਇਸ ਦੀ ਮਕਬੂਲੀਅਤ ਵਿੱਚ ਹੋਰ ਵਾਧਾ ਕੀਤਾ ਜਾ ਸਕੇ। ਅੱਜ ਇੱਥੇ ਇਹ ਜਾਣਕਾਰੀ ਗੱਤਕਾ ਫ਼ੈਡਰੇਸ਼ਨ ਦੇ ਜਨਰਲ ਸਕੱਤਰ ਸ੍ਰੀ ਹਰਜੀਤ ਸਿੰਘ ਗਰੇਵਾਲ ਅਤੇ ਦਿੱਲੀ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ: ਪਰਮਜੀਤ ਸਿੰਘ ਰਾਣਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨਾਲ ਮੁਲਾਕਾਤ ਬਾਅਦ ਦਿਤੀ।
ਜੀ.ਕੇ ਨੇ ਦਾਅਵਾ ਕੀਤਾ ਕਿ ਦੇਸ਼ ਵਿੱਚ ਅੱਜ ਜਿਸ ਮੁਕਾਮ ‘ਤੇ ਗੱਤਕਾ ਖੇਡ ਪਹੁੰਚ ਚੁੱਕੀ ਹੈ ਉਸ ਤੋਂ ਇਹ ਯਕੀਨ ਹੋਰ ਪੱਕਾ ਹੋ ਗਿਆ ਹੈ ਕਿ ਇਹ ਮਾਣਮੱਤੀ ਖੇਡ ਕੌਮਾਂਤਰੀ ਪੱਧਰ ‘ਤੇ ਜ਼ਰੂਰ ਵੱਡੀ ਮਕਬੂਲੀਅਤ ਹਾਸਲ ਕਰੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਮਾਣਮੱਤੀ ਵਿਰਸਾਤੀ ਖੇਡ ਗੱਤਕਾ ਨੂੰ ਮਾਨਤਾਪ੍ਰਾਪਤ ਖੇਡਾਂ ਦੀ ਸੂਚੀ ਵਿੱਚ ਸ਼ਾਮਲ ਕਰਕੇ ਖਿਡਾਰੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਹੈ ਇਹ ਰੁਤਬਾ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਸਮੇਤ ਸੰਸਦ ਮੈਂਬਰ ਅਤੇ ਵਿਸ਼ਵ ਗੱਤਕਾ ਫ਼ੈਡਰੇਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵਧਾਈ ਦੇ ਹੱਕਦਾਰ ਹਨ।
ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਪੁਰਜ਼ੋਰ ਸਵਾਗਤ ਕਰਦਿਆਂ ਗਰੇਵਾਲ ਅਤੇ ਰਾਣਾ ਨੇ ਕਿਹਾ ਕਿ ਗੱਤਕੇ ਨੂੰ ਗ੍ਰੇਡੇਸ਼ਨ ਸੂਚੀ ਵਿੱਚ ਸ਼ਾਮਲ ਕਰਨ ਨਾਲ ਹੁਣ ਗੱਤਕਾ ਖਿਡਾਰੀ ਵੀ ਹੋਰਨਾਂ ਖਿਡਾਰੀਆਂ ਵਾਂਗ ਸਹੂਲਤਾਂ ਪ੍ਰਾਪਤ ਕਰ ਸਕਣਗੇ ਅਤੇ ਵੱਖ-ਵੱਖ ਕੋਰਸਾਂ/ ਦਾਖਲਿਆਂ ਅਤੇ ਨੌਕਰੀਆਂ ਵਿੱਚ ਮਿਲਦੇ 3 ਫੀਸਦ ਰਾਖਵਾਂਕਰਨ ਦਾ ਲਾਹਾ ਵੀ ਲੈ ਸਕਣਗੇ। ਉਨਾਂ ਦੱਸਿਆ ਕਿ ਗੱਤਕਾ ਫ਼ੈਡਰੇਸ਼ਨ ਦੀ ਪ੍ਰਵਾਨਿਤ ਨਿਯਮਾਂਵਲੀ ਤਹਿਤ ਇਹ ਗੱਤਕਾ ਸਿਖਲਾਈ ਦੇ ਪ੍ਰਬੰਧਾਂ ਅਤੇ ਵਿਰਸਾ ਸੰਭਾਲ ਮੁਕਾਬਲੇ ਕਰਵਾਉਣ ਲਈ ਰੂਪ-ਰੇਖਾ ਉਲੀਕਣ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਜਲਦ ਹੀ ਇਤਿਹਾਸਕ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਖੇ ਸੱਦੀ ਜਾ ਰਹੀ ਹੈ ਜਿਸ ਵਿੱਚ ਗੱਤਕਾ ਫ਼ੈਡਰੇਸ਼ਨ ਸਮੇਤ ਦਿੱਲੀ ਗੱਤਕਾ ਐਸੋਸੀਏਸ਼ਨ ਦੇ ਸਮੂਹ ਆਹੁਦੇਦਾਰ ਅਤੇ ਦਿੱਲੀ ਦੇ ਗੱਤਕਾ ਅਖਾੜਿਆਂ ਦੇ ਮੁਖੀ ਭਾਗ ਲੈਣਗੇ । ਰਾਣਾ ਨੇ ਸਮੂਹ ਗੱਤਕਾ ਅਖਾੜਿਆਂ ਦੇ ਮੁਖੀਆਂ ਨੂੰ ਆਖਿਆ ਕਿ ਉਹ ਇਨਾਂ ਵਿਰਸਾ ਸੰਭਾਲ ਗੱਤਕਾ ਮੁਕਾਬਲਿਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਅਤੇ ਗੱਤਕਾ ਐਸੋਸੀਏਸ਼ਨ ਨੂੰ ਅਰਜ਼ੀਆਂ ਦੇ ਕੇ ਆਪਣੇ ਅਖਾੜੇ ਦੀ ਐਫੀਲੀਏਸ਼ਨ ਲੈਣ ਤਾਂ ਜੋ ਅਖਾੜਿਆਂ ਨੂੰ ਮਾਨਤਾ ਦਿੱਤੀ ਜਾ ਸਕੇ।
ਉਨਾਂ ਕਿਹਾ ਕਿ ਗੱਤਕਾ ਐਸੋਸੀਏਸ਼ਨ ਵੱਲੋਂ ਸਿੱਖ ਮਾਰਸ਼ਲ ਆਰਟ ਦੀ ਬਿਹਤਰੀ ਲਈ ਕੀਤੇ ਜਾ ਰਹੇ ਇਤਿਹਾਸਕ ਕਾਰਜਾਂ ਵਿੱਚ ਸੁਚੱਜੇ ਅਤੇ ਵਿਉਂਤਬੱਧ ਪ੍ਰਚਾਰ-ਪਸਾਰ ਲਈ ਇੱਕ ਵੱਡੇ ਹੰਭਲੇ ਦੀ ਲੋੜ ਹੈ ਜਿਸ ਲਈ ਦੇਸ਼-ਵਿਦੇਸ਼ ਵਿੱਚ ਵਸਦੇ ਹਰ ਪੰਜਾਬੀ ਤੋਂ ਸਹਿਯੋਗ ਦੀ ਮੰਗ ਕੀਤੀ ਜਾਵੇਗੀ। ਗਰੇਵਾਲ ਨੇ ਕਿਹਾ ਕਿ ਗੱਤਕਾ ਸਿਰਫ ਧਾਰਮਿਕ ਸਮਾਗਮਾਂ ਅਤੇ ਨਗਰ ਕੀਰਤਨਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਸੀ ਪਰ ਗੱਤਕਾ ਫ਼ੈਡਰੇਸ਼ਨ ਆਫ ਇੰਡੀਆ ਦੇ ਯਤਨਾਂ ਤਹਿਤ ਇਸ ਜੰਗਜੂ ਕਲਾ ਨੂੰ ਮੁੜ੍ਹ ਸੁਰਜੀਤ ਕਰਦਿਆਂ ਇਸ ਨੂੰ ਅੱਜ ਰਾਸ਼ਟਰੀ ਪੱਧਰ ‘ਤੇ ਸਕੂਲਾਂ-ਕਾਲਜਾਂ ਵਿੱਚ ਮਾਨਤਾਪ੍ਰਾਪਤ ਖੇਡ ਵਜੋਂ ਪ੍ਰਵਾਨ ਕਰਵਾ ਕੇ ਦੇਸ਼ ਦੀਆਂ ਸਥਾਪਤ ਖੇਡਾਂ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਵਾਇਆ ਹੈ ਜਿਸ ਕਰਕੇ ਗੱਤਕਾ ਖਿਡਾਰੀਆਂ ਦਾ ਭਵਿੱਖ ਹੁਣ ਸੁਰੱਖਿਅਤ ਹੋ ਗਿਆ ਹੈ। ਇਸ ਮੋਕੇ ਦਿੱਲੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਮੋਂਟੀ ਮੋਜੂਦ ਸੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply