Tuesday, February 24, 2026

ਨਗਰ ਕੌਂਸਲ ਬਟਾਲਾ ਦੀ ਪ੍ਰਧਾਨਗੀ ਨੂੰ ਲੈ ਕੇ ਅਕਾਲੀ-ਭਾਜਪਾ ‘ਚ ਪਿਆ ਰੇੜਕਾ

ਪ੍ਰਸ਼ਾਸਨ ਲੋਕਾਂ ਦੇ ਫਤਵੇ ਵਿਰੁੱਧ ਭਾਜਪਾ ਨੂੰ ਪ੍ਰਧਾਨਗੀ ਦੇ ਅਹੁਦੇ ‘ਤੇ ਨਾ ਬੈਠਣ ਤੋਂ ਰੋਕੇ – ਓਹਰੀ

PPN1503201503
ਬਟਾਲਾ, 15 ਮਾਰਚ (ਨਰਿੰਦਰ ਬਰਨਾਲ) –  ਨਗਰ ਕੌਂਸਲ ਬਟਾਲਾ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ 18 ਕੌਂਸਲਰਾਂ ਨੇ ਆਪਸੀ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਬਟਾਲਾ ਨਗਰ ਕੌਂਸਲ ਦੀ ਪ੍ਰਧਾਨਗੀ ‘ਤੇ ਆਪਣਾ ਹੱਕ ਜਿਤਾਉਂਦਿਆਂ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਉਹ ਭਾਜਪਾ ਦੇ ਕੌਂਸਲਰ ਨੂੰ ਪ੍ਰਧਾਨਗੀ ਅਹੁਦੇ ‘ਤੇ ਬਿਠਾ ਕੇ ਲੋਕਤੰਤਰੀ ਪ੍ਰਣਾਲੀ ਦਾ ਹੋਰ ਘਾਣ ਨਾ ਕਰੇ। ਅੱਜ ਪਾਰਟੀ ਦਫਤਰ ਵਿਖੇ ਅਕਾਲੀ ਦਲ ਨਾਲ ਸਬੰਧਤ 18 ਕੌਂਸਲਰਾਂ ਨਾਲ ਮੀਟਿੰਗ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਭਾਸ਼ ਓਹਰੀ ਨੇ ਕਿਹਾ ਬਟਾਲਾ ‘ਚ ਅਕਾਲੀ ਦਲ ਕੋਲ ਬਹੁਮਤ ਹੈ ਅਤੇ 18 ਕੌਂਸਲਰਾਂ ਦੇ ਮੁਕਾਬਲੇ 17 ਕੌਂਸਲਰ ਵਾਲੇ ਪ੍ਰਧਾਨਗੀ ਸੰਭਾਲਣ ਇਹ ਲੋਕਤੰਤਰ ਦੇ ਬਿਲਕੁੱਲ ਉਲਟ ਹੈ। ਸ੍ਰੀ ਓਹਰੀ ਨੇ ਕਿਹਾ ਕਿ 9 ਮਾਰਚ ਨੂੰ ਬਟਾਲਾ ਨਗਰ ਕੌਂਸਲ ਦਾ ਸਿਰਫ ਸੌਂਹ ਚੁੱਕ ਸਮਾਗਮ ਸੀ ਅਤੇ ਅਕਾਲੀ ਦਲ ਦਾ ਇੱਕ ਕੌਂਸਲਰ ਰਾਜਵੰਤ ਸਿੰਘ ਸਿਹਤ ਵਿਗੜਨ ਕਾਰਨ ਸੌਂਹ ਚੁੱਕ ਸਮਾਗਮ ‘ਚ ਨਹੀਂ ਆ ਸਕਿਆ, ਜਿਸ ਕਾਰਨ ਇਹ ਸੌਂਹ ਚੁੱਕ ਸਮਾਗਮ ਵੀ ਅਧੂਰਾ ਰਿਹ ਗਿਆ ਸੀ।ਉਨ੍ਹਾਂ ਕਿਹਾ ਕਿ ਪਾਰਟੀ ਨੇ ਆਪਣੇ ਕੌਂਸਲਰ ਦੀ ਵਿਗੜੀ ਸਿਹਤ ਸਬੰਧੀ ਐੱਸ.ਡੀ.ਐੱਮ ਤੇ ਹਾਊਸ ਨੂੰ ਜਾਣਕਾਰੀ ਦਿੱਤੀ ਗਈ ਸੀ, ਪਰ ਉਨ੍ਹਾਂ ਦੀ ਪਾਰਟੀ ਦੀ ਜਾਣਬੁੱਝ ਕੇ ਨਹੀਂ ਸੁਣੀ ਗਈ। ਉਨ੍ਹਾਂ ਕਿਹਾ ਕਿ ਪ੍ਰਧਾਨਗੀ ਚੋਣ ‘ਚ ਵਿਧਾਇਕ ਦੀ ਵੋਟ ਵੀ ਨਿਯਮਾਂ ਦੇ ਉੱਲਟ ਹੈ ਅਤੇ ਪਾਰਟੀ ਨੇ ਵਿਧਾਇਕ ਦੀ ਵੋਟ ਨੂੰ ਮਾਨਯੋਗ ਹਾਈ ਕੋਰਟ ਵਿੱਚ ਵੀ ਚਣੌਤੀ ਦਿੱਤੀ ਹੋਈ ਹੈ, ਜਿਸ ਤੇ 17 ਮਾਰਚ ਨੂੰ ਤਰੀਕ ਪਈ ਹੈ।
ਪ੍ਰਧਾਨ ਓਹਰੀ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਲੋਕਤੰਤਰੀ ਪ੍ਰਣਾਲੀ ਤੇ ਬਟਾਲਾ ਸ਼ਹਿਰ ਵਾਸੀਆਂ ਦੇ ਫਤਵੇ ਦੀ ਕਦਰ ਕਰਨੀ ਚਾਹੀਦੀ ਹੈ।ਭਾਜਪਾ ਜਿਸ ਕੋਲ ਲੋੜੀਂਦੇ ਕੌਂਸਲਰ ਨਹੀਂ ਹਨ, ਨੂੰ ਪ੍ਰਧਾਨਗੀ ਦੀ ਕੁਰਸੀ ‘ਤੇ ਨਹੀਂ ਬੈਠਣ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਵੀ ਲੋਕਾਂ ਦੇ ਫਤਵੇ ਨੂੰ ਮਨਣਾ ਚਾਹੀਦਾ ਹੈ ਅਤੇ ਪ੍ਰਧਾਨਗੀ ਤੋਂ ਆਪਣਾ ਦਾਅਵਾ ਛੱਡਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਕਾਲੀ ਦਲ ਕੋਲ ਬਹੁਮਤ ਹੈ ਅਤੇ ਪਾਰਟੀ ਆਪਣੇ ਹੱਕ ਨੂੰ ਹਾਸਲ ਕਰਕੇ ਹੀ ਰਹੇਗੀ।
ਇਸ ਮੌਕੇ ਪ੍ਰਧਾਨ ਸੁਭਾਸ਼ ਓਹਰੀ ਤੇ ਕੰਵਰਸੰਦੀਪ ਸਿੰਘ ਲੋਧੀਨੰਗਲ ਤੋਂ ਇਲਾਵਾ 18 ਕੌਂਸਲਰ ਜਿਨ੍ਹਾਂ ‘ਚ ਦਵਿੰਦਰ ਕੌਰ, ਟਹਿਲਪ੍ਰੀਤ ਸਿੰਘ, ਰੇਨੂੰ, ਬਲਬੀਰ ਸਿੰਘ, ਹੀਰਾ ਲਾਲ, ਕਮਲਾ ਦੇਵੀ, ਰਜਵੰਤ ਸਿੰਘ, ਰਮਿੰਦਰਜੀਤ ਸਿੰਘ, ਚਰਨਜੀਤ ਕੌਰ, ਗੁਰਿੰਦਰ ਸਿੰਘ, ਧਰਮਵੀਰ ਸੇਠ, ਪੰਕਜ ਭੱਟੀ, ਬਲਵਿੰਦਰ ਸਿੰਘ, ਕੁਲਵੰਤ ਸਿੰਘ, ਸਤਪਾਲ, ਰਾਾਜ ਕੁਮਾਰ, ਮਨਜੀਤ ਕੌਰ ਅਤੇ ਭੁਪਿੰਦਰ ਸਿੰਘ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply