
ਜੰਡਿਆਲਾ ਗੁਰੂ, 19 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਦਿਨੀ ਗੁਰਦੁਆਰਾ ਖੂਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰੰਥੀ ਭਾਈ ਮਲੂਕ ਸਿੰਘ ਪੁੱਤਰ ਕੁੰਨਣ ਸਿੰਘ ਦੀ ਇੱਕ ਕਰਿਆਨਾ ਸਟੋਰ ਵਾਲੇ ਵਲੋਂ ਕੁੱਟਮਾਰ ਦਾ ਸਮਾਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਐਸ. ਐਚ. ਓ ਨੂੰ ਦਿੱਤੀ ਦਰਖਾਸਤ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਭਾਈ ਮਲੂਕ ਸਿੰਘ ਗ੍ਰੰਥੀ ਨੇ ਦੱਸਿਆ ਕਿ ਉਹਨਾਂ ਵਲੋਂ ਬੀਤੇ ਲਗਭਗ ਇੱਕ ਸਾਲ ਤੋਂ ਹਰ ਮਹੀਨੇ ਸੰਗਤਾਂ ਕੋਲੋ ਸੰਗਰਾਂਦ ਦੀ ਉਗਰਾਹੀ ਕੀਤੀ ਜਾਦੀ ਹੈ।ਇਸ ਵਾਰ ਵੀ ਜਦ 13 ਮਾਰਚ ਨੂੰ ਉਹ ਉਗਰਾਹੀ ਕਰ ਰਹੇ ਸਨ ਤਾਂ ਗੁਰਦੁਆਰਾ ਸਾਹਿਬ ਦੇ ਕੋਲ ਹੀ ਸਥਿਤ ਪ੍ਰਦੀਪ ਕਰਿਆਨਾ ਸਟੋਰ ਦੇ ਮਾਲਕ ਨੇ ਉਹਨਾਂ ਨਾਲ ਦੁਰਵਿਹਾਰ ਕਰਦੇ ਹੋਏ, ਉਹਨਾ ਦੇ ਕੇਸਾਂ ਅਤੇ ਕਕਾਰਾਂ ਦੀ ਬੇਅਦਬੀ ਕੀਤੀ ਅਤੇ ਫਿਰ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਚ ਰੱਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਊਲ-ਜਲੂਲ ਬੋਲਣਾ ਸ਼ੁਰੂ ਕਰ ਦਿੱਤਾ। ਗ੍ਰੰਥੀ ਭਾਈ ਮਲੂਕ ਸਿੰਘ ਨੇ ਕਿਹਾ ਕਿ ਹੁਣ ਪੁਲਿਸ ਨੂੰ ਦਰਖਾਸਤ ਦੇਣ ਤੋਂ ਬਾਅਦ ਉਸ ਉੱਪਰ ਦਬਾਅ ਪਾਇਆ ਜਾ ਰਿਹਾ ਹੈ ਕਿ ਮਿਲ ਬੈਠ ਕੇ ਰਾਜ਼ੀਨਾਮਾ ਕਰ ਲਉ।
ਉਹਨਾਂ ਕਿਹਾ ਕਿ ਅਗਰ ਸਿਰਫ ਮੈਨੂੰ ਗਾਲੀ ਗਲੋਚ ਕੀਤੀ ਹੁੰਦੀ ਤਾਂ ਮੈਂ ਕੋਈ ਰਾਜ਼ੀਨਾਮਾ ਕਰਦਾ, ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ ਵਰਤੀ ਗਈ ਮੰਦੀ ਸ਼ਬਦਾਵਲੀ ਲਈ ਸੰਗਤ ਹੀ ਫੈਸਲਾ ਕਰੇਗੀ।ਉਹਨਾ ਇਸ ਸਬੰਧੀ ਪੁਲਿਸ ਦੇ ਉਚ-ਅਧਿਕਾਰੀਆਂ ਤੋ ਇਲਾਵਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਗੁਰਬਚਨ ਸਿੰਘ ਖਾਲਸਾ, ਸ੍ਰੋਮਣੀ ਗੁ: ਪ੍ਰ: ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਕੋਲੋ ਮੰਗ ਕੀਤੀ ਕਿ ਅਜਿਹੇ ਅਨਸਰ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਸਬੰਧੀ ਪ੍ਰਦੀਪ ਕਰਿਆਨਾ ਸਟੋਰ ਨਾਲ ਗੱਲ ਕੀਤੀ ਗਈ ਤਾਂ ਉਹਨਾ ਨੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਪਹਿਲਾਂ ਗ੍ਰੰਥੀ ਸਿੰਘ ਵਲੋਂ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ।ਉਧਰ ਥਾਣਾ ਮੁੱਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਦੋਹਾਂ ਧਿਰਾ ਦੇ ਬਿਆਨ ਲੈਣ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Punjab Post Daily Online Newspaper & Print Media