ਕੱਲ ਲੰਬੀ ਪਿੰਡ ਵਿਖੇ ਰਾਜ ਪੱਧਰੀ ਰੋਸ ਮੁਜ਼ਾਹਰਾ

ਹੁਸ਼ਿਆਰਪੁਰ, 24 ਮਾਰਚ (ਸਤਵਿੰਦਰ ਸਿੰਘ) – ਐਨ.ਐਚ.ਐਮ. ਯੂਨਿਅਨ ਹੁਸ਼ਿਆਰਪੁਰ ਵੱਲੋਂ ਰੈਗੂਲਰ ਪੇ ਸਕੇਲ ਅਤੇ ਹੋਰ ਸਿਹਤ ਸਹੂਲਤਾਂ ਸਬੰਧੀ ਕੀਤੀਆਂ ਮੰਗਾਂ ਸਬੰਧੀ ਕੀਤੀ ਹੜਤਾਲ ਅੱਜ 12ਵੇਂ ਦਿਨ ਵਿੱਚ ਦਾਖਿਲ ਹੋ ਗਈ। ਸਮੂਹ ਕਰਮਚਾਰੀਆਂ ਵੱਲੋਂ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਧਰਨਾ ਦੇਣ ਉਪੰਰਤ ਰੋਸ ਰੈਲੀ ਕੱਢੀ ਗਈ। ਇਸ ਦੌਰਾਨ ਸਮੂਹ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਰ੍ਹੇਬਾਜ਼ੀ ਕੀਤੀ ਗਈ। ਸੂਬੇ ਭਰ ਦੇ ਐਨ.ਐਚ.ਐਮ. ਮੁਲਾਜਮਾਂ ਵੱਲੋਂ ਰੈਗੂਲਰ ਕਰਮਚਾਰੀਆਂ ਨੂੰ ਮਿਲ ਰਹੀਆਂ ਸੁਵਿਧਾਵਾਂ ਦੀ ਤਰਜ਼ ਤੇ ਹੀ ਸਹੂਲਤਾਂ ਹਾਸਿਲ ਕਰਨ ਅਤੇ ਪੂਰਾ ਪੇ ਸਕੇਲ ਲੈਣ ਦੀ ਮੰਗ ਸਬੰਧੀ ਨਿੰਰਤਰ ਹੜਤਾਲ ਕੀਤੀ ਜਾ ਰਹੀ ਹੈ। ਇਸ ਮੌਕੇ ਐਨ.ਐਚ.ਐਮ. ਯੂਨਿਅਨ ਹੁਸ਼ਿਆਰਪੁਰ ਦੇ ਜਨਰਲ ਸਕੱਤਰ ਮੁਹੰਮਦ ਆਸਿਫ ਨੇ ਦੱਸਿਆ ਕਿ ਵਿਭਾਗ ਵੱਲੋਂ ਰਾਜ ਪੱਧਰੀ ਐਨ.ਐਚ.ਐਮ.ਮੁਲਾਜ਼ਮ ਯੂਨਿਅਨ ਨਾਲ ਮੰਗਾਂ ਨੂੰ ਵਿਚਾਰੇ ਜਾਣ ਸਬੰਧੀ ਜਾਂ ਮੰਨੇ ਜਾਣ ਸਬੰਧੀ ਕੋਈ ਗੱਲਬਾਤ ਨਹੀਂ ਕੀਤੀ ਗਈ ਹੈ, ਇਸ ਲਈ ਜਿਲ੍ਹੇ ਦੇ ਸਮੂਹ ਕਰਮਚਾਰੀਆਂ ਵੱਲੋਂ ਹੜਤਾਲ ਅਤੇ ਰੋਸ ਮੁਜ਼ਾਹਰੇ ਜਾਰੀ ਰਹਿਣਗੇ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਮਿਤੀ 25 ਮਾਰਚ 2015 ਨੂੰ ਲੰਬੀ ਪਿੰਡ ਵਿਖੇ ਐਨ.ਐਚ.ਐਮ. ਯੂਨਿਅਨ ਦੇ ਕਰਮਚਾਰੀਆਂ ਵੱਲੋਂ ਸੂਬਾ ਪੱਧਰੀ ਰੋਸ ਮਾਰਚ ਕੱਢਿਆ ਜਾਵੇਗਾ ਜਿਸ ਵਿੱਚ ਰਾਜ ਭਰ ਦੇ ਸਮੂਹ ਐਨ.ਐਚ.ਐਮ. ਕਰਮਚਾਰੀ ਸ਼ਾਮਿਲ ਹੋਣਗੇ। ਅੱਜ ਦੇ ਰੋਸ ਧਰਨੇ ਦੌਰਾਨ ਯੂਨਿਅਨ ਦੇ ਜਿਲ੍ਹਾ ਪ੍ਰਧਾਨ ਤਜਿੰਦਰ ਸਿੰਘ, ਡਾ. ਮਨਪ੍ਰੀਤ ਕੌਰ, ਗੁਰਵਿੰਦਰ ਕੌਰ, ਅਨੁਰਾਧਾ ਠਾਕੁਰ, ਰੀਨਾ ਸੰਧੂ, ਰਾਣੀ, ਰਾਹੁਲ, ਸੁਮੀਤ ਕੁਮਾਰ ਸਹਿਤ ਐਨ.ਐਚ.ਐਮ. ਯੂਨਿਅਨ ਦੇ ਸਮੂਹ ਕਰਮਚਾਰੀ ਹਾਜ਼ਿਰ ਸਨ।
Punjab Post Daily Online Newspaper & Print Media