ਅੰਮ੍ਰਿਤਸਰ, 25 ਮਾਰਚ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਦੇਸ਼ ਦੀ ਸਰਵ ਉੱਚ ਜਾਂਚ ਏਜੰਸੀ ਸੀ ਬੀ ਆਈ ਵੱਲੋਂ ਜਗਦੀਸ਼ ਟਾਈਟਲਰ ਨੂੰ ਨਵੰਬਰ 1984 ‘ਚ ਸਿੱਖ ਨਸਲਕੁਸ਼ੀ ਸਬੰਧੀ ਕਲੀਨ ਚਿਟ ਦੇਣਾ ਬੇ-ਹੱਦ ਮੰਦਭਾਗਾ ਤੇ ਸਮੱਚੇ ਸਿੱਖ ਭਾਈਚਾਰੇ ਲਈ ਨਿਰਾਸ਼ਾਜਨਕ ਦੱਸਿਆ ਹੈ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਸੀ ਬੀ ਆਈ ਦਾ ਇਹ ਇਕਤਰਫਾ ਫੈਂਸਲਾ ਹੈ ਇਸ ਫੈਂਸਲੇ ਨਾਲ ਸੰਸਾਰ ਦੇ ਕੋਨੇ-ਕੋਨੇ ‘ਚ ਵੱਸਦੇ ਸਿੱਖ ਮਨਾ ਅੰਦਰ ਭਾਰੀ ਰੋਸ ਤੇ ਰੋਹ ਹੈ।ਉਨ੍ਹਾਂ ਕਿਹਾ ਕਿ ਸਿੱਖ ਵਾਰ-ਵਾਰ ਇਹ ਕਹਿ ਰਹੇ ਹਨ ਕਿ ਨਵੰਬਰ 1984 ‘ਚ ਇੰਦਰਾ ਗਾਂਧੀ ਦੀ ਮੌਤ ਉਪ੍ਰੰਤ ਸਿੱਖ ਨਸਲਕੁਸ਼ੀ ਕਰਨ ਵਾਲਿਆਂ ਦੀ ਅਗਵਾਈ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਨੇ ਕੀਤੀ ਸੀ। ਦੁੱਖ ਵਾਲੀ ਗੱਲ ਹੈ ਕਿ ਉਸ ਸਮੇਂ ਹਕੁਮਤ ਦੀ ਸਹਿ ਨਾਲ ਕਰਵਾਈ ਗਈ ਸਿੱਖ ਨਸਲਕੁਸ਼ੀ ਬਾਰੇ ਨਾ ਤਾਂ ਸਹੀ ਤਰੀਕੇ ਨਾਲ ਪੁਲਿਸ ਥਾਣਿਆਂ ‘ਚ ਐਫ ਆਈ ਆਰ ਦਰਜ ਕੀਤੀਆਂ ਗਈਆਂ ਤੇ ਨਾ ਹੀ ਜਾਂਚ ਏਜੰਸੀਆਂ ਨੇ ਨਿਰਪਖ ਜਾਂਚ ਕੀਤੀ।ਉਨ੍ਹਾਂ ਕਿਹਾ ਕਿ ਸੀ ਬੀ ਆਈ ਦੇਸ਼ ‘ਚ ਸਭ ਤੋਂ ਵੱਧ ਨਿਰਪੱਖ ਜਾਂਚ ਏਜੰਸੀ ਮੰਨੀ ਜਾਂਦੀ ਹੈ ਪਰ ਇਸ ਨੇ ਵੀ ਇਹ ਸਾਬਤ ਕੀਤਾ ਹੈ ਕਿ ਹਕੁਮਤਾਂ ਅਗੇ ਕਿਸੇ ਦਾ ਜੋਰ ਨਹੀਂ।
ਜਥੇਦਾਰ ਅਵਤਾਰ ਸਿੰਘ ਨੇ ਰੋਸ ਭਰੇ ਲਹਿਜੇ ‘ਚ ਟਾਈਟਲਰ ਨੂੰ ਕਲੀਨ ਚਿਟ ਦੇਣ ਵਾਲੀ ਏਜੰਸੀ ਨੂੰ ਪੁਛਿਆ ਹੈ ਜੇਕਰ ਇਹ ਦੋਸ਼ੀ ਨਹੀਂ ਤਾਂ ਇਕੱਲੀ ਦਿੱਲੀ ‘ਚ ਤਕਰੀਬਨ 4 ਹਜ਼ਾਰ ਸਿੱਖ ਮਾਰੇ ਗਏ ਸਨ ਉਨ੍ਹਾਂ ਦਾ ਕਾਤਲ ਕੋਣ ਹੈ ਤੇ ਅੱਜ ਤੀਕ ਕਿਨਿਆਂ ਨੂੰ ਫਾਂਸੀ ਦਿੱਤੀ ਗਈ ਹੈ ਅਤੇ ਕਿੰਨੀਆ ਨੂੰ ਸਜ਼ਾਵਾਂ ਹੋਈਆਂ ਹਨ? ਉਨ੍ਹਾਂ ਕਿਹਾ ਕਿ ਦੇਸ਼ ਦੀ ਅਜਾਦੀ ‘ਚ 80 ਪ੍ਰਤੀਸ਼ਤ ਤੋਂ ਵੱਧ ਸ਼ਹਾਦਤ ਦਾ ਹਿੱਸਾ ਪਾਉਣ ਵਾਲੀ ਸਿੱਖ ਕੌਮ ਪਿਛਲੇ 30 ਸਾਲਾਂ ਤੋਂ ਇਨਸਾਫ ਦੀ ਰਾਹ ਵੇਖ ਰਹੀ ਹੈ ਪਰ ਅਫਸੋਸ ਹੈ ਕਿ ਇਨਸਾਫ ਦੇਣ ਦੀ ਥਾਂ ਸਾਨੂੰ ਆਪਣੇ ਹੀ ਦੇਸ਼ ਵਿਚ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਜੋ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸੀ ਬੀ ਆਈ ਵੱਲੋਂ ਜਗਦੀਸ਼ ਟਾਈਟਲਰ ਨੂੰ ਕਲੀਨ ਚਿਟ ਦੇਣ ਨਾਲ ਅੱਜ ਸਮੁੱਚੇ ਸੰਸਾਰ ‘ਚ ਵਸਦੀ ਸਿੱਖ ਕੌਮ ਦੀਆਂ ਭਾਵਨਾ ਨੂੰ ਭਾਰੀ ਸੱਟ ਵਜੀ ਹੈ ਤੇ ਸੀ ਬੀ ਆਈ ਦੀ ਇਸ ਕਾਰਵਾਈ ਦਾ ਸਿੱਖਾਂ ‘ਚ ਰੋਸ ਤੇ ਰੋਹ ਹੈ।ਸਿੱਖ ਕੌਮ ਇਸ ਦਾ ਡੱਟਵਾਂ ਵਿਰੋਧ ਕਰੇਗੀ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media