Wednesday, July 15, 2026

ਦਿੱਲੀ ਕਮੇਟੀ ਵੱਲੋਂ ਸੀ.ਬੀ.ਆਈ. ਦਫ਼ਤਰ ਅੱਗੇ ਪ੍ਰਦਰਸ਼ਨ – ਦਿੱਲੀ ਪੁਲਿਸ ਨੇ ਸੁੱਟੀਆਂ ਪਾਣੀ ਦੀਆਂ ਵਾਛੜਾਂ

ਟਾਈਟਲਰ ਨੂੰ ਕਲੀਨ ਚਿੱਟ ਦੇਣਾ ਇਨਸਾਫ਼ ਦੇ ਤੈਅ ਮਾਪਦੰਡਾਂ ਦੀ ਉਲੰਘਣਾ – ਜੀ.ਕੇ

PPN2603201513
ਨਵੀਂ ਦਿੱਲੀ, 26 ਮਾਰਚ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਕੇਂਦਰੀ ਜਾਂਚ ਬਿਊਰੋ ਵੱਲੋਂ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਨੂੰ 1984 ਦੇ ਸਿੱਖ ਕਤਲੇਆਮ ਦੇ ਇੱਕ ਮੁਕੱਦਮੇ ਵਿੱਚ ਕਲੀਨ ਚਿੱਟ ਦੇਣ ਦੇ ਖ਼ਿਲਾਫ਼ ਜਾਂਚ ਏਜੰਸੀ ਦੇ ਮੁੱਖ ਦਫ਼ਤਰ ਦੇ ਬਾਹਰ ਪੀੜਤ ਪਰਿਵਾਰਾਂ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਹੋਏ ਇਸ ਪ੍ਰਦਰਸ਼ਨ ਵਿੱਚ ਸੈਂਕੜੇ ਸਿੱਖਾਂ ਨੇ ਹਿੱਸਾ ਲਿਆ।ਪ੍ਰਦਰਸ਼ਨਕਾਰੀਆਂ ਨੇ ਜੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਟਾਈਟਲਰ ਦਾ ਪੁਤਲਾ ਵੀ ਸਾੜਿਆ। ਸੀ.ਬੀ.ਆਈ. ਦੇ ਮੁੱਖ ਦਫ਼ਤਰ ਵੱਲ ਸ਼ਾਂਤਮਈ ਕੂਚ ਕਰ ਰਹੇ ਪ੍ਰਦਰਸ਼ਨਕਾਰੀਆਂ ਵੱਲੋਂ ਪੁਲਿਸ ਦੇ ਲਾਏ ਪਹਿਲੇ ਅੜਿਕੇ ਨੂੰ ਤੋੜਨ ਤੋਂ ਬਾਅਦ ਦੂਜੇ ਅੜਿਕੇ ਵੱਲ ਜਾਂਦੇ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਦਿੱਲੀ ਪੁਲਿਸ ਵੱਲੋਂ ਪਾਣੀ ਦੀਆਂ ਵਾਛੜਾਂ ਵੀ ਸੁੱਟੀਆਂ ਗਈਆਂ ਜਿਸ ਕਰਕੇ ਕਈ ਕਾਰਕੂਨਾਂ ਨੂੰ ਹਲਕੀਆਂ ਸੱਟਾਂ ਵੀ ਆਈਆਂ। ਪਰ ਸਿਰਸਾ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀਆਂ ਦਾ ਇੱਕ ਜੱਥਾ ਸੀ.ਜੀ. ਓ. ਕੰਪਲੈਕਸ ਦੇ ਮੁੱਖ ਦਰਵਾਜੇ ਤੱਕ ਪਹੁੰਚਣ ਵਿੱਚ ਕਾਮਯਾਬ ਰਿਹਾ। ਹਾਲਾਤ ਨੂੰ ਕਾਬੂ ਕਰਨ ਵਾਸਤੇ ਪੁਲਿਸ ਜੀ.ਕ., ਸਿਰਸਾ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਅਤੇ ਜਤਿੰਦਰ ਸਿੰਘ ਸ਼ੰਟੀ ਨੂੰ ਗ੍ਰਿਫ਼ਤਾਰ ਕਰਕੇ ਲੋਧੀ ਰੋਡ ਥਾਣੇ ਲੈ ਗਈ।
ਜੀ.ਕੇ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸੀ.ਬੀ.ਆਈ. ਦੀ ਭੂਮਿਕਾ ਦੀ ਕੜੀ ਅਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਬਿਨ੍ਹਾਂ ਗਵਾਹਾਂ ਦੀ ਗਵਾਹੀ ਲਏ ਸੀ.ਬੀ.ਆਈ. ਵੱਲੋਂ ਟਾਈਟਲਰ ਨੂੰ ਕਲੀਨ ਚਿੱਟ ਦੇਣਾ ਇਨਸਾਫ਼ ਦੇ ਤੈਅ ਕੀਤੇ ਮਾਪਦੰਡਾਂ ਦੀ ਉਲੰਘਣਾ ਹੈ। ਪਿਛਲੀ ਕਾਂਗਰਸ ਸਰਕਾਰ ਵੱਲੋਂ ਕਾਤਲਾਂ ਨੂੰ ਬਚਾਉਣ ਦੀ ਸੀ.ਬੀ.ਆਈ. ਨੂੰ ਦਿੱਤੀਆਂ ਗਈਆਂ ਹਿਦਾਇਤਾਂ ਦੇ ਕਾਰਨ ਹੀ ਸਿੱਖਾਂ ਨੂੰ 30 ਸਾਲਾਂ ਤੋਂ ਜ਼ਿਆਦਾ ਸਮੇਂ ਦੌਰਾਨ ਇਨਸਾਫ਼ ਨਾ ਮਿਲਣ ਦਾ ਵੀ ਦਾਅਵਾ ਕੀਤਾ। ਜੀ.ਕੇ. ਨੇ ਸਵਾਲ ਕੀਤਾ ਕਿ ਜੇ ਸੱਜਣ ਕੁਮਾਰ ਜਾਂ ਜਗਦੀਸ਼ ਟਾਈਟਲਰ ਕਾਤਲ ਨਹੀਂ ਹਨ ਤਾਂ 1984 ਵਿੱਚ 5000 ਸਿੱਖਾਂ ਦਾ ਕਤਲ ਦਿੱਲੀ ਵਿੱਚ ਕਿਸ ਨੇ ਕੀਤਾ ਸੀ?
ਸਿਰਸਾ ਨੇ ਦਿੱਲੀ ਕਮੇਟੀ ਵੱਲੋਂ ਇਸ ਮਸਲੇ ਉੱਤੇ ਕਾਨੂੰਨੀ ਅਤੇ ਰਾਜਨੀਤਿਕ ਲੜਾਈ ਜ਼ੋਰਦਾਰ ਢੰਗ ਨਾਲ ਲੜਦੇ ਹੋਏ ਇਨਸਾਫ਼ ਪ੍ਰਾਪਤੀ ਤੱਕ ਜੱਦੋਜਹਿਦ ਜਾਰੀ ਰੱਖਣ ਦਾ ਵੀ ਭਰੋਸਾ ਦਿੱਤਾ। ਸਿਰਸਾ ਨੇ ਕਿਹਾ ਇਨਸਾਫ਼ ਦੇ ਨਾਮ ‘ਤੇ ਸਿੱਖਾਂ ਨੂੰ ਹੁਣ ਗੁਮਰਾਹ ਨਹੀਂ ਕੀਤਾ ਜਾ ਸਕਦਾ। ਸੀ.ਬੀ.ਆਈ. ਦੀ ਹਰ ਗਤੀਵਿਧੀ ‘ਤੇ ਸਾਡੀ ਪੂਰੀ ਨਜ਼ਰ ਹੈ ਅਤੇ ਅਸੀਂ ਕਾਤਲਾਂ ਨੂੰ ਬਚਾਉਣ ਦੇ ਸੀ.ਬੀ.ਆਈ. ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ। ਇਸ ਮੌਕੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਵਤਾਰ ਸਿੰਘ ਹਿੱਤ, ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜਾਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਮੈਂਬਰ ਪਰਮਜੀਤ ਸਿੰਘ ਚੰਢੋਕ, ਚਮਨ ਸਿੰਘ, ਗੁਰਵਿੰਦਰਪਾਲ ਸਿੰਘ, ਗੁਰਬਚਨ ਸਿੰਘ ਚੀਮਾ, ਮਨਮੋਹਨ ਸਿੰਘ, ਤਨਵੰਤ ਸਿੰਘ, ਰਵੇਲ ਸਿੰਘ, ਅਕਾਲੀ ਆਗੂ ਜਸਵਿੰਦਰ ਸਿੰਘ ਜੌਲੀ, ਜਸਪ੍ਰੀਤ ਸਿੰਘ ਵਿੱਕੀਮਾਨ, ਵਿਕਰਮ ਸਿੰਘ, ਜਗਜੀਤ ਸਿੰਘ ਕਮਾਂਡਰ, ਰਾਜਾ ਸਿੰਘ ਚਾਵਲਾ ਸਣੇ ਸੈਂਕੜੇ ਕਾਰਕੁੰਨ ਅਤੇ ਪੀੜਤ ਪਰਿਵਾਰਾਂ ਦੇ ਮੈਂਬਰ ਵੱਡੀ ਗਿਣਤੀ ਵਿੱਚ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply